ਸਤੰਬਰ ਦੇ ਆਖਰੀ ਹਫਤੇ ਹੋਵੇਗੀ ਮੋਦੀ-ਓਬਾਮਾ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਨਿਓਤਾ ਸਵੀਕਾਰ ਕਰ ਲਿਆ ਹੈ। ਓਬਾਮਾ ਨੇ ਮੋਦੀ ਨੂੰ ਦੁਵੱਲੀ ਵਾਰਤਾ ਲਈ ਅਮਰੀਕਾ ਦੌਰੇ 'ਤੇ ਆਉਣ ਦਾ ਸੱਦਾ ਭੇਜਿਆ ਸੀ। ਦੁਵੱਲੀ ਗੱਲਬਾਤ ਇਸ ਸਾਲ ਸਤੰਬਰ 'ਚ ਹੋਣੀ ਹੈ। ਦੁਨੀਆ ਦੇ ਦੋ ਵੱਡੇ ਲੋਕਤੰਤਰੀ ਮੁਲਕਾਂ ਵਿਚਾਲੇ ਇਸ ਗੱਲਬਾਤ ਨੂੰ ਸੰਬੰਧਾਂ 'ਚ ਆਈ ਖਟਾਸ ਨੂੰ ਦੂਰ ਕਰਨ ਦੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਅਤੇ ਖੱਬੀਆਂ ਪਾਰਟੀਆਂ ਸਮੇਤ ਸਭਨਾਂ ਸਿਆਸੀ ਪਾਰਟੀਆਂ ਨੇ ਇਸ ਮੁਲਾਕਾਤ ਦਾ ਸਵਾਗਤ ਕਰਦਿਆਂ ਇਸ ਨੂੰ ਦੋਹਾਂ ਦੇਸ਼ਾਂ ਲਈ ਫਾਇਦੇਮੰਦ ਦੱਸਿਆ ਹੈ।rnਭਾਜਪਾ ਆਗੂ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਕੌਮਾਂਤਰੀ ਸਮੀਕਰਨਾਂ 'ਚ ਅਮਰੀਕਾ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਿਹਾਜ ਨਾਲ ਇਹ ਮੁਲਾਕਾਤ ਕਾਫੀ ਅਹਿਮ ਹੋ ਸਕਦੀ ਹੈ, ਕਿਉਂਕਿ ਦੋਵੇਂ ਦੇਸ਼ ਬਿਹਤਰ ਰਿਸ਼ਤਿਆਂ ਦੀ ਉਮੀਦ ਰੱਖ ਰਹੇ ਹਨ।rnਸਰਕਾਰੀ ਸੂਤਰਾਂ ਮੁਤਾਬਕ ਅਮਰੀਕਾ ਨੇ ਮੁਲਾਕਾਤ ਲਈ 30 ਸਤੰਬਰ ਦੀ ਤਰੀਕ ਮੁਕੱਰਰ ਕੀਤੀ ਹੈ। ਭਾਰਤ ਨੇ ਇਸ ਤੋਂ ਚਾਰ ਦਿਨ ਪਹਿਲਾਂ 26 ਸਤੰਬਰ ਦੀ ਤਰੀਕ ਰੱਖਣ ਲਈ ਆਖਿਆ ਸੀ। ਅਮਰੀਕਾ 'ਚ ਭਾਰਤੀ ਰਾਜਦੂਤ ਐਸ ਜੈ ਸ਼ੰਕਰ ਪ੍ਰਸਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੌਰੇ ਸੰਬੰਧੀ ਸਲਾਹ-ਮਸ਼ਵਰਾ ਕਰਨ ਲਈ 8 ਜੂਨ ਨੂੰ ਦਿੱਲੀ ਆਉਣਗੇ। ਉਹ ਮੋਦੀ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਚਰਚਾ ਕਰਨਗੇ।rnਮੋਦੀ ਅਤੇ ਓਬਾਮਾ ਵਿਚਾਲੇ ਇਸ ਗੱਲਬਾਤ ਦਾ ਸਿੱਧਾ ਮਤਲਬ ਹੈ ਕਿ 2005 'ਚ ਮੋਦੀ ਨੂੰ ਵੀਜ਼ੇ ਤੋਂ ਨਾਂਹ ਕਰਨ ਵਾਲਾ ਅਮਰੀਕਾ ਹੁਣ ਬਦਲ ਗਿਆ ਹੈ, ਕਿਉਂਕਿ ਸਾਲ 2002 ਦੇ ਗੁਜਰਾਤ ਦੰਗਿਆਂ ਬਾਅਦ 2005 'ਚ ਅਮਰੀਕਾ ਨੇ ਮੋਦੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਾਰਚ 2013 'ਚ ਅਮਰੀਕਾ 'ਚ ਵ੍ਹਾਰਟਨ ਇੰਡੀਆ ਇਕਨਾਮਿਕ ਫੋਰਮ ਨੂੰ ਸਥਾਨਕ ਵਿਰੋਧ ਦੇ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਣ ਵਾਲਾ ਮੋਦੀ ਦਾ ਸੰਬੋਧਨ ਰੱਦ ਕਰਨਾ ਪਿਆ ਸੀ। ਐਪਰ, ਲੋਕ ਸਭਾ ਚੋਣਾਂ 'ਚ ਜਿੱਤ ਦੇ ਫੌਰਨ ਬਾਅਦ ਬਰਾਕ ਓਬਾਮਾ ਨੇ ਮੋਦੀ ਨੂੰ ਵਧਾਈ ਦਿੱਤੀ ਅਤੇ ਅਮਰੀਕਾ ਆਉਣ ਦਾ ਸੱਦਾ ਦਿੱਤਾ।rnਖਾਸ ਗੱਲ ਇਹ ਹੈ ਕਿ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਵੀ ਇਸ ਮੁਲਾਕਾਤ ਦਾ ਸਵਾਗਤ ਕਰ ਰਹੀਆਂ ਹਨ। ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜਦ ਪ੍ਰਧਾਨ ਮੰਤਰੀ ਵੱਲੋਂ ਸਭਨਾਂ ਭਾਰਤੀਆਂ ਦੀ ਭਲਾਈ ਦੀ ਗੱਲ ਹੋਵੇਗੀ, ਤਾਂ ਅਸੀਂ ਕਿਸ ਤਰ੍ਹਾਂ ਉਸ ਨੂੰ ਸਵੀਕਾਰ ਨਹੀਂ ਕਰਾਂਗੇ।rnਸੀ ਪੀ ਆਈ ਦੇ ਆਗੂ ਗੁਰੂਦਾਸ ਦਾਸ ਗੁਪਤਾ ਨੇ ਕਿਹਾ ਕਿ ਹੈ ਕਿ ਦੋਹਾਂ ਵਿਚਾਲੇ ਗੱਲਬਾਤ ਆਰਥਿਕ ਮੁਹਾਜ 'ਤੇ ਦੇਸ਼ ਲਈ ਵਧੀਆ ਗੱਲ ਹੋਵੇਗੀ ਅਤੇ ਇਸ ਦੇ ਨਾਲ ਹੀ ਚੀਨ ਅਤੇ ਕੋਰੀਆ 'ਤੇ ਵੀ ਦਬਾਅ ਬਣੇਗਾ।rnਮੋਦੀ ਪ੍ਰਤੀ ਅਮਰੀਕਾ ਦਾ ਰਵੱਈਆ ਇਸ ਸਾਲ ਦੇ ਸ਼ੁਰੂ ਤੋਂ ਹੀ ਬਦਲਣਾ ਸ਼ੁਰੂ ਹੋ ਗਿਆ ਸੀ। ਭਾਰਤ 'ਚ ਉਸ ਵੇਲੇ ਦੀ ਅਮਰੀਕੀ ਰਾਜਦੂਤ ਨੈਂਸੀ ਪਾਵੇਲ ਨੇ ਅਹਿਮਦਾਬਾਦ 'ਚ ਮੋਦੀ ਨਾਲ ਮੁਲਾਕਾਤ ਕੀਤੀ, ਜਦੋਂ ਮੋਦੀ ਅਜੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੀ ਸਨ। ਮੋਦੀ-ਓਬਾਮਾ ਵਿਚਾਲੇ ਸਤੰਬਰ 'ਚ ਹੋਣ ਵਾਲੀ ਮੁਲਾਕਾਤ ਨੂੰ ਆਰਥਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਅਹਿਮ ਸਮਝਿਆ ਜਾ ਰਿਹਾ ਹੈ। ਮੋਦੀ ਕਈ ਵਾਰੀ ਕਹਿ ਚੁੱਕੇ ਹਨ ਕਿ ਉਹ ਆਈ ਬੀ ਆਈ ਅਤੇ ਮਾਈਕ੍ਰੋਸਾਫ਼ਟ ਵਰਗੇ ਉਦਯੋਗਿਕ ਘਰਾਣਿਆਂ ਨੂੰ ਦੇਸ਼ 'ਚ ਭਾਰੀ ਨਿਵੇਸ਼ ਲਈ ਆਕਰਸ਼ਿਤ ਕਰਨਗੇ। ਅਮਰੀਕੀ ਕੰਪਨੀਆਂ ਵੀ ਭਾਰਤ 'ਚ ਨਿਵੇਸ਼ ਕਰਨ ਲਈ ਬਹੁਤ ਹੀ ਉਤਸੁਕ ਹਨ। ਮੋਦੀ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਅਮਰੀਕਾ ਸਥਿਤ ਭਾਰਤੀ ਦੂਤਘਰ ਨੇ ਵੀ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਕਈ ਅਮਰੀਕੀ ਕੰਪਨੀਆਂ ਭਾਰਤ ਨੂੰ ਹਥਿਆਰ ਵੇਚਣਾ ਚਾਹੁੰਦੀਆਂ ਹਨ। ਇੱਕ ਦਿਨ ਦੀ ਮੁਲਾਕਾਤ ਦੌਰਾਨ ਭਾਰਤੀ ਪ੍ਰਮਾਣੂ ਜਵਾਬਦੇਹੀ ਕਾਨੂੰਨ ਸਮੇਤ ਸਾਰੇ ਦੁਵੱਲੇ ਮੁੱਦਿਆਂ ਬਾਰੇ ਚਰਚਾ ਕੀਤੀ ਜਾਵੇਗੀ। ਜਵਾਬਦੇਹੀ ਕਾਨੂੰਨ ਕਾਰਨ ਅਮਰੀਕੀ ਕੰਪਨੀਆਂ ਭਾਰਤ 'ਚ ਪ੍ਰਮਾਣੂ ਰਿਐਕਟਰ ਨਹੀਂ ਲਗਾ ਰਹੀਆਂ ਹਨ। ਕਸ਼ਮੀਰ ਦੀ ਸੁਰੱਖਿਆ ਅਤੇ ਅਮਰੀਕੀ ਫ਼ੌਜਾਂ ਦੀ ਅਫ਼ਗ਼ਾਨਿਸਤਾਨ 'ਚ ਵਾਪਸੀ ਬਾਰੇ ਵੀ ਚਰਚਾ ਹੋ ਸਕਦੀ ਹੈ। ਅਮਰੀਕਾ 'ਚ ਭਾਰਤ ਦੇ ਰਾਜਦੂਤ ਐੱਸ ਜੈਸ਼ੰਕਰ 8 ਜੂਨ ਨੂੰ ਨਵੀਂ ਦਿੱਲੀ ਆਉਣਗੇ। ਇਸ ਦੌਰਾਨ ਉਹ ਵਿਦੇਸ਼ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫਤਰ ਨਾਲ ਮੋਦੀ ਅਤੇ ਓਬਾਮਾ ਦੀ ਸੰਭਾਵਿਤ ਮੁਲਾਕਾਤ ਦੀਆਂ ਬਰੀਕੀਆਂ 'ਤੇ ਸਲਾਹ ਮਸ਼ਵਰਾ ਕਰਨਗੇ। ਸਹੁੰ ਚੁੱਕਣ ਦੇ ਅਗਲੇ ਹੀ ਦਿਨ ਪਾਕਿਸਤਾਨ ਨਾਲ ਗੱਲਬਾਤ ਦੀ ਸ਼ੁਰੂਆਤ ਕਰਨ ਵਾਲੇ ਮੋਦੀ ਨੇ ਇਸ ਫੈਸਲੇ ਨਾਲ ਇੱਕ ਵਾਰ ਫਿਰ ਲੋਕਾਂ ਨੂੰ ਹੈਰਾਨ ਕੀਤਾ ਹੈ।