Latest News
ਮੋਤੀ ਮਹਿਲ ਵੱਲ ਵਧਦੇ ਅਧਿਆਪਕਾਂ 'ਤੇ ਪਾਣੀ ਦੀਆਂ ਬੁਛਾੜਾਂ

Published on 10 Feb, 2019 11:18 AM.


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਵੱਲ ਰੋਸ ਮਾਰਚ ਕਰਨ ਜਾ ਰਹੇ ਅਧਿਆਪਕਾਂ 'ਤੇ ਪੁਲਸ ਵੱਲੋਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਧਰਨੇ ਵਾਲੀ ਜਗ੍ਹਾ 'ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਜਿੱਥੇ ਪੰਜਾਬ ਭਰ ਤੋਂ ਆਏ ਅਧਿਆਪਕ ਚੌਕ 'ਚ ਧਰਨੇ 'ਤੇ ਬੈਠੇ ਹਨ। ਉਹ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ, ਉਥੇ ਹੀ ਸੈਂਕੜੇ ਦੀ ਗਿਣਤੀ 'ਚ ਪੁਲਸ ਮੁਲਾਜ਼ਮ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਅੜੇ ਹੋਏ ਹਨ। ਖ਼ਬਰ ਲਿਖੇ ਜਾਣ ਤੱਕ ਧਰਨੇ ਵਾਲੀ ਜਗ੍ਹਾ 'ਤੇ ਕੋਈ ਵੀ ਜ਼ਿਲ੍ਹਾ ਜਾਂ ਪੁਲਸ ਪ੍ਰਸ਼ਾਸਨ ਦਾ ਵੱਡਾ ਅਧਿਕਾਰੀ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਨਹੀਂ ਪੁੱਜਾ ਸੀ, ਜਿਸ ਕਰਕੇ ਧਰਨਾਕਾਰੀਆਂ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ । ਇਸ ਦੌਰਾਨ ਪੁਲਸ ਅਤੇ ਅਧਿਆਪਕਾਂ ਵਿੱਚ ਖਿੱਚ-ਧੂਹ ਵੀ ਹੋਈ। ਦੋਵਾਂ ਧਿਰਾਂ ਵਿੱਚ ਹੋਈ ਇਸ ਖਿੱਚ-ਧੂਹ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਅੱਜ ਅਧਿਆਪਕਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸੂਬਾ ਪੱਧਰੀ ਰੈਲੀ ਰੱਖੀ ਗਈ ਸੀ।
ਬੱਸ ਸਟੈਂਡ ਦੇ ਕੋਲ ਵੀਰ ਹਕੀਕਤ ਰਾਏ ਮੈਦਾਨ ਵਿੱਚ ਪੰਜਾਬ ਭਰ ਦੇ ਅਧਿਆਪਕ ਪੁੱਜੇ। ਦੁਪਹਿਰ ਸਮੇਂ ਕਰੀਬ ਤਿੰਨ ਵਜੇ ਅਧਿਆਪਕਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਸ਼ੁਰੂ ਕੀਤਾ ਗਿਆ। ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਕੂਚ ਕਰਨ ਜਾ ਰਹੇ ਅਧਿਆਪਕਾਂ ਨੂੰ ਪੁਲਸ ਵੱਲੋਂ ਪਹਿਲਾਂ ਫੁਆਰਾ ਚੌਕ 'ਤੇ ਘੇਰਾ ਪਾਇਆ ਗਿਆ, ਜਿੱਥੇ ਦੋਵਾਂ ਧਿਰਾਂ ਵਿੱਚ ਖਿੱਚ-ਧੂਹ ਹੋਈ। ਇਸ ਤੋਂ ਬਾਅਦ ਮਹਿਲ ਵੱਲ ਜਾਣ 'ਤੇ ਅੜੇ ਅਧਿਆਪਕਾਂ ਨੇ ਮਾਲ ਰੋਡ ਵੱਲ ਰੁਖ ਕਰ ਲਿਆ, ਜਿੱਥੇ ਪਹਿਲਾਂ ਤੋਂ ਤਾਇਨਾਤ ਪੁਲਸ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ।
ਲਿਬਰੇਸ਼ਨ ਵੱਲੋਂ ਲਾਠੀਚਾਰਜ ਦੀ ਨਿੰਦਾ
ਮਾਨਸਾ (ਨਵਾਂ ਜ਼ਮਾਨਾ ਸਰਵਿਸ)-ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਪੁਲਸ ਵੱਲੋਂ ਪਟਿਆਲਾ ਵਿਖੇ ਮੁਜ਼ਾਹਰਾਕਾਰੀ ਅਧਿਆਪਕਾਂ ਉਤੇ ਕੀਤੇ ਵਹਿਸ਼ੀ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖਤ ਨਿੰਦਾ ਕੀਤੀ ਹੈ। ਲਿਬਰੇਸ਼ਨ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਸੀਨੀਅਰ ਆਗੂ ਜਸਬੀਰ ਕੌਰ ਨੱਤ ਵੱਲੋਂ ਇਥੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੂਰੀ ਤਨਖਾਹ 'ਤੇ ਪੱਕੇ ਕੀਤੇ ਜਾਣ ਦੀ ਜਾਇਜ਼ ਮੰਗ ਨੂੰ ਲੈ ਕੇ ਅਧਿਆਪਕ ਬੀਤੇ ਕਈ ਮਹਿਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ, ਪਰ ਕੈਪਟਨ ਸਰਕਾਰ ਉਨ੍ਹਾਂ ਨਾਲ ਗੱਲਬਾਤ ਦੌਰਾਨ ਕੀਤੇ ਸਮਝੌਤਿਆਂ ਤੋਂ ਵਾਰ-ਵਾਰ ਮੁਕਰ ਰਹੀ ਹੈ, ਜਿਸ ਕਾਰਨ ਅਧਿਆਪਕ ਵਰਗ ਵਿਚ ਭਾਰੀ ਗੁੱਸਾ ਤੇ ਬੇਚੈਨੀ ਹੈ। ਆਪਣੇ ਮੰਤਰੀਆਂ ਅਤੇ ਵਿਧਾਇਕਾਂ ਉੱਤੇ ਖੁੱਲ੍ਹੇ ਦਿਲ ਨਾਲ ਜਨਤਾ ਦਾ ਖਜ਼ਾਨਾ ਲੁਟਾਉਣ ਵਾਲੀ ਇਹ ਗੈਰ-ਜ਼ਿੰਮੇਵਾਰ ਸਰਕਾਰ, ਕੌਮ ਦੇ ਨਿਰਮਾਤਾ ਮੰਨੇ ਜਾਂਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਦੇਣ ਲਈ ਵੀ ਤਿਆਰ ਨਹੀਂ।
ਜਲੰਧਰ (ਸ਼ੈਲੀ) : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਆਪਣੀਆਂ ਹੱਕੀ ਮੰਗਾਂ ਦੇ ਹੱਲ ਅਤੇ ਪੰਜਾਬ ਦੀ ਸਰਕਾਰੀ ਸਿੱਖਿਆ ਬਚਾਉਣ ਲਈ ਅੱਜ ਪਟਿਆਲਾ ਵਿਖੇ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਉਪਰ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਕਰਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਸਾਲ ਭਰ 'ਚ 10 ਵਾਰ ਸਮਾਂ ਦੇ ਕੇ ਸੰਘਰਸ਼ਸ਼ੀਲ ਅਧਿਆਪਕਾਂ ਦੀ ਗੱਲ ਨਾ ਸੁਣਨੀ ਉਸ ਦੇ ਗੈਰ-ਗੰਭੀਰ ਹੋਣ ਦਾ ਪ੍ਰਗਟਾਵਾ ਹੈ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਕੋਲ ਪਹਾੜਾਂ 'ਤੇ ਜਾਣ ਦਾ ਸਮਾਂ ਹੈ, ਪ੍ਰੰਤੂ ਅਧਿਆਪਕਾਂ ਦੀਆਂ ਮੰਗਾਂ ਸੁਣਨ ਲਈ ਸਮਾਂ ਨਹੀਂ।
ਪਾਰਟੀ ਨੇ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਜਬਰ-ਜ਼ੁਲਮ ਦਾ ਰਾਹ ਛੱਡ ਕੇ ਸੰਘਰਸ਼ਸ਼ੀਲ ਅਧਿਆਪਕਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ।

637 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper