Latest News
ਡਾਕਟਰ ਐੱਸ ਤਰਸੇਮ ਨਹੀਂ ਰਹੇ

Published on 23 Feb, 2019 11:14 AM.


ਲੁਧਿਆਣਾ
(ਪੱਤਰ ਪ੍ਰੇਰਕ)
ਪੰਜਾਬੀ ਦੇ ਉੱਘੇ ਲੇਖਕ, ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ 'ਨਜ਼ਰੀਆ' ਦੇ ਸੰਪਾਦਕ ਡਾਕਟਰ ਐੱਸ ਤਰਸੇਮ ਦਾ ਅੱਜ ਸਵੇਰੇ ਲੁਧਿਆਣਾ ਦੇ ਦਯਾਨੰਦ ਹਸਪਤਾਲ 'ਚ ਦੇਹਾਂਤ ਹੋ ਗਿਆ।
ਤਪਾ (ਬਰਨਾਲਾ) ਤੋਂ ਮੁੱਢਲਾ ਸਫ਼ਰ ਅਧਿਆਪਨ ਤੇ ਸਾਹਿਤ ਸਿਰਜਣ ਤੋਂ ਸ਼ੁਰੂ ਕਰਨ ਵਾਲੇ ਡਾਕਟਰ ਤਰਸੇਮ ਨੇ ਲੰਮਾ ਸਮਾਂ ਗੌਰਮਿੰਟ ਕਾਲਜ ਮਾਲੇਰਕੋਟਲਾ ਚ ਪੜ੍ਹਾਇਆ। ਉਹ ਉਥੇ ਹੀ ਵਸਦੇ ਰਹੇ। ਨੇਤਰ ਜੋਤ ਖ਼ਤਮ ਹੋਣ ਉਪਰੰਤ ਉਨ੍ਹਾ ਨੇਤਰਹੀਣ ਸਮਾਜ ਦੇ ਵਿਕਾਸ ਲਈ ਸੰਸਥਾ ਬਣਾ ਕੇ ਅਗਵਾਈ ਕੀਤੀ। ਲੱਗਭੱਗ ਦੋ ਦਰਜਨ ਸਿਰਜਣਾਤਮਿਕ ਤੇ ਆਲੋਚਨਾਤਮਕ ਕਿਤਾਬਾਂ ਲਿਖਣ ਵਾਲੇ ਡਾਕਟਰ ਐੱਸ ਤਰਸੇਮ ਆਪਣੀ ਸਵੈ-ਜੀਵਨੀ 'ਧ੍ਰਿਤਰਾਸ਼ਟਰ' ਕਰਕੇ ਵਧੇਰੇ ਹਰਮਨ-ਪਿਆਰੇ ਹੋ ਗਏ। ਤ੍ਰੈਮਾਸਿਕ ਪੱਤਰ 'ਨਜ਼ਰੀਆ' ਦੇ ਮੁੱਖ ਸੰਪਾਦਕ ਵਜੋਂ ਵੀ ਉਹ ਯਾਦਗਾਰੀ ਕਾਰਜ ਕਰ ਗਏ। ਦਿਲ ਦਾ ਦੌਰਾ ਪੈਣ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਦਯਾਨੰਦ ਹਸਪਤਾਲ 'ਚ ਦਾਖਲ ਸਨ।
ਉਨ੍ਹਾ ਦੇ ਦੇਹਾਂਤ 'ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਗੁਰੂ ਨਾਨਕ ਦੇਵ ਯੂਨੀ: ਦੇ ਸਾਬਕਾ ਵੀ ਸੀ ਡਾ: ਸ ਪ ਸਿੰਘ, ਡਾ: ਗੁਲਜ਼ਾਰ ਪੰਧੇਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ. ਸੁਖਦੇਵ ਸਿਰਸਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਸਵੀਰ ਝੱਜ, ਗੁਰਨਾਮ ਕੰਵਰ, ਸੁਰਿੰਦਰ ਕੈਲੇ, ਭਗਵਾਨ ਢਿੱਲੋਂ, ਹਰਬੰਸ ਮਾਲਵਾ, ਭੁਪਿੰਦਰ ਸਿੰਘ ਚੌਕੀਮਾਨ, ਜਨਮੇਜਾ ਸਿੰਘ ਜੌਹਲ, ਡਾ. ਬਲਵਿੰਦਰ ਔਲਖ ਗਲੈਕਸੀ, ਪਰਮਜੀਤ ਮਹਿਕ, ਕੁਲਵਿੰਦਰ ਕਿਰਨ, ਰਵਿੰਦਰ ਦੀਵਾਨਾ, ਇੰਜ: ਸੁਰਜਨ ਸਿੰਘ, ਸੁਖਚਰਨਜੀਤ ਗਿੱਲ, ਡਾ. ਗੁਰਚਰਨ ਕੌਰ ਕੋਚਰ, ਪ੍ਰਿੰ: ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਰਵਿੰਦਰ ਰਵੀ, ਬਲਕੌਰ ਸਿੰਘ ਗਿੱਲ, ਰਘਬੀਰ ਸਿੰਘ ਸੰਧੂ, ਡਾ ਕੁਲਵਿੰਦਰ ਮਿਨਹਾਸ, 'ਸਿਰਜਣਧਾਰਾ' ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ ਤੇ ਦਲੀਪ ਅਵਧ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਚੰਡੀਗੜ੍ਹ ਤੋਂ ਗੁਰਨਾਮ ਕੰਵਰ ਅਨੁਸਾਰ ਡਾ. ਐੱਸ ਤਰਸੇਮ ਦੇ ਬੇਵਕਤੀ ਵਿਛੋੜੇ ਨਾਲ ਪੰਜਾਬੀ ਸਾਹਿਤ, ਸਾਹਿਤਕ ਪੱਤਰਕਾਰੀ ਅਤੇ ਪੰਜਾਬੀ ਸਾਹਿਤਕ ਲਹਿਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਦੁੱਖ ਦੀ ਇਸ ਘੜੀ ਅਸੀਂ ਡਾਕਟਰ ਤਰਸੇਮ ਜੀ ਦੇ ਪਰਵਾਰ ਨਾਲ ਗਹਿਰੀ ਦਿਲੀ ਸੰਵੇਦਨਾ ਪ੍ਰਗਟ ਕਰਦੇ ਹਾਂ । ਡਾਕਟਰ ਤਰਸੇਮ ਜੀ ਇਕ ਵਿਅਕਤੀ ਨਹੀਂ, ਸਗੋਂ ਊਰਜਾਵਾਨ ਸੰਸਥਾ ਸਨ। ਪੀਪਲਜ਼ ਮੀਡੀਆ ਲਿੰਕ ਵੱਲੋਂ ਐੱਮ ਐੱਸ ਭਾਟੀਆ ਅਤੇ ਰੈਕਟਰ ਕਥੂਰੀਆ ਨੇ ਡਾਕਟਰ ਐੱਸ ਤਰਸੇਮ ਹੁਰਾਂ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਪਟਾ ਦੇ ਸਰਗਰਮ ਕਾਰਕੁਨ ਪ੍ਰਦੀਪ ਸ਼ਰਮਾ ਨੇ ਵੀ ਡਾਕਟਰ ਐੱਸ ਤਰਸੇਮ ਦੇ ਦੇਹਾਂਤ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹਨਾ ਦੇ ਤੁਰ ਜਾਣ ਨਾਲ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਸਿੱਧ ਲੇਖਕ ਮਿੱਤਰ ਸੈਨ ਮੀਤ ਹੁਰਾਂ ਨੇ ਵੀ ਡਾਕਟਰ ਐੱਸ ਤਰਸੇਮ ਦੇ ਤੁਰ ਜਾਣ ਨੂੰ ਪੰਜਾਬੀ ਸਾਹਿਤ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

520 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper