Latest News
ਟੁੱਟਦੇ-ਬਣਦੇ ਪੰਜਾਬ ਵਿਚਲੇ ਰਾਜਨੀਤਕ ਗੱਠਜੋੜ

Published on 04 Mar, 2019 11:19 AM.


ਇਸ ਹਫਤੇ ਦੇ ਮੁੱਕਣ ਤੱਕ ਭਾਰਤ ਦੀ ਅਗਲੀ ਪਾਰਲੀਮੈਂਟ ਲਈ ਚੋਣਾਂ ਦਾ ਐਲਾਨ ਹੋ ਜਾਣਾ ਹੈ। ਚੋਣ ਕਮਿਸ਼ਨ ਸਮੁੱਚਾ ਧਿਆਨ ਚੋਣਾਂ ਦੀ ਮਸ਼ੀਨਰੀ ਦੇ ਪੁਰਜ਼ੇ ਕੱਸਣ ਉੱਤੇ ਲਾਈ ਜਾ ਰਿਹਾ ਹੈ। ਪਿਛਲੇ ਹਫਤੇ ਚੋਣ ਕਮਿਸ਼ਨ ਦੇ ਇੱਕ ਵੱਡੇ ਅਫਸਰ ਨੇ ਜਦੋਂ ਕੁਝ ਥਾਂਈਂ ਚੋਣਾਂ ਬਾਰੇ ਚਲਾਈ ਗਈ ਹੈੱਲਪ-ਲਾਈਨ ਦਾ ਨੰਬਰ ਘੁੰਮਾ ਕੇ ਕੁਝ ਜਾਣਕਾਰੀ ਮੰਗੀ ਤਾਂ ਸਵਾਲ ਨੂੰ ਸਮਝੇ ਬਿਨਾਂ ਅਗਲੇ ਪਾਸੇ ਬਿਠਾਇਆ ਕਰਮਚਾਰੀ ਕੁਝ ਦਾ ਕੁਝ ਜਵਾਬ ਦੇਈ ਜਾਂਦਾ ਸੀ। ਜਦੋਂ ਲਗਭਗ ਹਰ ਥਾਂ ਇਹੋ ਜਿਹੀ ਸਥਿਤੀ ਵੇਖੀ ਤਾਂ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਨਾਲ ਜੁੜੇ ਪੰਜਾਬ ਦੇ ਅਫਸਰਾਂ ਅਤੇ ਅਧਿਕਾਰੀਆਂ ਦੀ ਦੋ ਦਿਨ ਲਗਾਤਾਰ ਵੀਡੀਓ ਕਲਾਸ ਲਾਈ ਤੇ ਕਈ-ਕਈ ਘੰਟੇ ਬਿਠਾ ਕੇ ਸਮਝਾਉਣ ਦੇ ਬਾਅਦ ਇਮਤਿਹਾਨੀ ਢੰਗ ਨਾਲ ਸਵਾਲ-ਜਵਾਬ ਵੀ ਏਦਾਂ ਦੇ ਕੀਤੇ ਕਿ ਉਨ੍ਹਾਂ ਦੇ ਪਸੀਨੇ ਛੁੱਟਣ ਲੱਗ ਪਏ। ਅਸਲ ਵਿੱਚ ਚੋਣ ਕਮਿਸ਼ਨ ਇਸ ਵਕਤ ਆਪਣੀ ਭਰੋਸੇ-ਯੋਗਤਾ ਕਾਇਮ ਰੱਖਣ ਵਾਸਤੇ ਅਜਿਹੇ ਕਦਮ ਚੁੱਕ ਰਿਹਾ ਹੈ ਕਿ ਕੱਲ੍ਹ ਨੂੰ ਕਿਸੇ ਕਮਜ਼ੋਰੀ ਦੇ ਕਾਰਨ ਬਦਨਾਮੀ ਪੱਲੇ ਨਾ ਪੁਆਉਣੀ ਪਵੇ।
ਜਦੋਂ ਪੰਜਾਬ ਅਤੇ ਸਮੁੱਚੇ ਦੇਸ਼ ਦਾ ਚੋਣ ਕਮਿਸ਼ਨ ਇਸ ਵਕਤ ਇਨ੍ਹਾਂ ਤਿਆਰੀਆਂ ਵਿੱਚ ਰੁੱਝਾ ਦਿਖਾਈ ਦੇਂਦਾ ਹੈ, ਓਦੋਂ ਇਸ ਦੇ ਨਾਲੋ-ਨਾਲ ਸਿਆਸੀ ਧਿਰਾਂ ਦੇ ਆਪਸ ਵਿੱਚ ਸਮਝੌਤੇ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਪੰਜਾਬ ਵਿੱਚ ਇਸ ਦਾ ਸਭ ਤੋਂ ਭੱਦਾ ਨਮੂਨਾ ਵੇਖਣ ਨੂੰ ਮਿਲ ਰਿਹਾ ਜਾਪਦਾ ਹੈ, ਪਰ ਕਰਨਾਟਕਾ ਅਤੇ ਕੁਝ ਹੋਰ ਰਾਜਾਂ ਵਿੱਚ ਵੀ ਇਸ ਪੱਖੋਂ ਸਰਗਰਮੀ ਘੱਟ ਦਿਲਚਸਪੀ ਵਾਲੀ ਨਹੀਂ। ਕਾਂਗਰਸ ਪਾਰਟੀ ਤੇ ਜਨਤਾ ਦਲ ਐੱਸ ਵਾਲਿਆਂ ਦਾ ਚੋਣ ਸਮਝੌਤਾ ਬਹੁਤੀ ਔਖ ਦੇ ਬਿਨਾਂ ਸਿਰੇ ਚੜ੍ਹ ਜਾਣ ਦੇ ਹਾਲਾਤ ਦਿੱਸੇ ਹਨ, ਪਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਦੀ ਗੱਲ ਨਹੀਂ ਬਣ ਸਕੀ। ਓਥੇ ਦੋਵੇਂ ਧਿਰਾਂ ਇਸ ਗੱਲ ਲਈ ਸਹਿਮਤ ਸਨ ਕਿ ਸਮਝੌਤਾ ਹੋ ਸਕੇ ਤਾਂ ਭਾਜਪਾ ਨੂੰ ਹਰਾਉਣਾ ਲਾਹੇਵੰਦਾ ਰਹੇਗਾ, ਪਰ ਦੋਵਾਂ ਦੀ ਕੋਸ਼ਿਸ਼ ਇਹ ਸੀ ਕਿ ਵੱਡਾ ਹਿੱਸਾ ਸਾਨੂੰ ਮਿਲੇ। ਨਾਲ ਗੱਲ ਪੰਜਾਬ ਤੇ ਹਰਿਆਣਾ ਦੀ ਜੁੜਦੀ ਸੀ। ਕਾਂਗਰਸ ਦੇ ਆਗੂ ਪੰਜਾਬ ਵਿੱਚ ਇੱਕ ਵੀ ਸੀਟ ਛੱਡਣ ਨੂੰ ਤਿਆਰ ਨਹੀਂ ਹੋਏ ਤੇ ਹਰਿਆਣੇ ਵਿੱਚ ਆਮ ਆਦਮੀ ਪਾਰਟੀ ਵੇਲੇ ਸਿਰ ਹੀ ਕਾਂਗਰਸ ਨੂੰ ਛੱਡ ਕੇ ਓਮ ਪ੍ਰਕਾਸ਼ ਚੌਟਾਲਾ ਦੇ ਬਾਗੀ ਹੋ ਚੁੱਕੇ ਅੱਧੇ ਟੱਬਰ ਨਾਲ ਗੱਲ ਚਲਾਉਣ ਲੱਗ ਪਈ। ਫਿਰ ਓਥੇ ਵੀ ਗੱਲ ਨਹੀਂ ਬਣ ਸਕੀ ਤੇ ਦੋਵੇਂ ਧਿਰਾਂ ਟਕਰਾਵੇਂ ਬਿਆਨ ਦੇਣ ਲੱਗ ਪਈਆਂ ਹਨ ਤੇ ਦਿੱਲੀ ਦੀ ਗੱਲ ਵੀ ਲਗਭਗ ਕੱਟੀ ਜਾ ਚੁੱਕੀ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਤੋਂ ਵੱਖਰੇ ਹੋਏ ਖਹਿਰਾ ਗਰੁੱਪ ਦੀ ਨਵੀਂ ਬਣਾਈ ਪੰਜਾਬ ਏਕਤਾ ਪਾਰਟੀ ਦੀ ਇਸ ਪੱਖ ਤੋਂ ਚੋਖੀ ਸਰਗਰਮੀ ਹੈ ਕਿ ਅੱਜ ਇਸ ਪਾਰਟੀ ਨਾਲ ਮੀਟਿੰਗਾਂ ਅਤੇ ਭਲਕੇ ਉਸ ਪਾਰਟੀ ਨਾਲ ਹੋ ਰਹੀਆਂ ਹਨ। ਇਸ ਵਿੱਚ ਹਰ ਵਾਰ ਗੱਲ ਸਿਰੇ ਚੜ੍ਹ ਗਈ ਸੁਣੀਂਦੀ ਹੈ, ਪਰ ਸ਼ਾਮ ਪੈਣ ਤੱਕ ਟੁੱਟਣ ਦੀ ਖਬਰ ਮਿਲ ਜਾਂਦੀ ਹੈ। ਅਕਾਲੀ ਦਲ ਨਾਲੋਂ ਟੁੱਟ ਚੁੱਕਾ ਟਕਸਾਲੀ ਅਕਾਲੀਆਂ ਦਾ ਧੜਾ ਵੀ ਇੱਕ ਦਿਨ ਖਹਿਰਾ ਤੇ ਲੁਧਿਆਣੇ ਦੇ ਬੈਂਸ ਭਰਾਵਾਂ ਨਾਲ ਮੀਟਿੰਗ ਕਰ ਕੇ ਅਗਲੇ ਦਿਨ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨਾਲ ਮੀਟਿੰਗ ਕਰਨ ਲੱਗ ਪੈਂਦਾ ਹੈ। ਬਹੁਜਨ ਸਮਾਜ ਪਾਰਟੀ ਬਾਰੇ ਪਹਿਲਾਂ ਹੀ ਪਿਛਲੀਆਂ ਦੋ-ਤਿੰਨ ਚੋਣਾਂ ਤੋਂ ਇਹ ਪ੍ਰਭਾਵ ਬਣ ਚੁੱਕਾ ਹੈ ਕਿ ਉਹ ਆਪਣੀ ਕੋਈ ਸੀਟ ਜਿੱਤਣ ਲਈ ਚੋਣ ਲੜਨ ਦੀ ਥਾਂ ਕਿਸੇ ਹੋਰ ਦੀਆਂ ਸੀਟਾਂ ਹਰਾਉਣ ਲਈ ਲੱਤ ਗੱਡਦੀ ਹੈ। ਇਸ ਵਾਰੀ ਵੀ ਦੋ-ਤਿੰਨ ਚੋਣ ਗੱਠਜੋੜਾਂ ਦੀਆਂ ਬੈਠਕਾਂ ਵਿੱਚ ਇਸ ਪਾਰਟੀ ਨੇ ਇੱਕ ਜਾਂ ਦੂਸਰੀ ਪਾਰਟੀ ਨਾਲ ਇੱਕ ਜਾਂ ਦੂਸਰੀ ਸੀਟ ਲਈ ਇਹੋ ਜਿਹਾ ਅੜਿੱਕਾ ਪਾਇਆ ਹੈ ਕਿ ਅੰਤ ਨੂੰ ਗੱਲ ਟੁੱਟ ਜਾਂਦੀ ਰਹੀ ਹੈ। ਇਸ ਦੇ ਬਾਵਜੂਦ ਉਸ ਦੀ ਪੁੱਛ-ਪ੍ਰਤੀਤ ਅਜੇ ਵੀ ਹੈ, ਕਿਉਂਕਿ ਉਨ੍ਹਾਂ ਦੀ ਵੱਡੀ ਆਗੂ ਦਾ ਸਮੁੱਚੇ ਦੇਸ਼ ਵਿੱਚ ਇੱਕ ਖਾਸ ਤਰ੍ਹਾਂ ਦਾ ਦਬਦਬਾ ਕਾਇਮ ਹੈ। ਜਦੋਂ ਤੱਕ ਉਹ ਬੀਬੀ ਲੇਖੇ ਵਿੱਚ ਕਾਇਮ ਹੈ, ਪਾਰਟੀ ਵੀ ਕਾਇਮ ਰਹੇਗੀ।
ਕਾਂਗਰਸ ਪਾਰਟੀ ਪੰਜਾਬ ਵਿੱਚ ਅਜੇ ਤੱਕ ਇਸ ਵਹਿਮ ਵਿੱਚ ਹੈ ਕਿ ਉਸ ਦੇ ਸਾਹਮਣੇ ਟਿਕਣ ਵਾਲੀ ਇਸ ਵਕਤ ਕੋਈ ਸਿਆਸੀ ਧਿਰ ਹੈ ਹੀ ਨਹੀਂ। ਅਕਾਲੀਆਂ ਦਾ ਮਾੜਾ ਹਾਲ ਹੋਣ ਬਾਰੇ ਸਭ ਨੂੰ ਪਤਾ ਹੈ। ਭਾਜਪਾ ਵਾਲਿਆਂ ਦਾ ਆਪਣਾ ਏਥੇ ਬਹੁਤਾ ਕੁਝ ਹੈ ਨਹੀਂ, ਜੇ ਅਕਾਲੀ ਦਲ ਦੇ ਪੈਰ ਟਿਕਣਗੇ ਤਾਂ ਇਨ੍ਹਾਂ ਦੀ ਝੋਲੀ ਵਿੱਚ ਵੀ ਕੁਝ ਨਾ ਕੁਝ ਖੈਰ ਪੈ ਜਾਵੇਗੀ, ਪਰ ਜਦੋਂ ਉਨ੍ਹਾਂ ਪੱਲੇ ਹੀ ਕੁਝ ਨਹੀਂ ਤਾਂ ਇਹ ਪਾਰਟੀ ਵੀ ਬਹੁਤੀ ਆਸ ਨਹੀਂ ਰੱਖਦੀ ਜਾਪਦੀ। ਫਿਰ ਵੀ ਸ਼ਹਿਰੀ ਪ੍ਰਭਾਵ ਹੇਠਲੀਆਂ ਸੀਟਾਂ ਲਈ ਭਾਜਪਾ ਦੇ ਉਮੀਦਵਾਰਾਂ ਦੀ ਖਿੱਚੋਤਾਣ ਚੱਲ ਰਹੀ ਹੈ। ਉਂਜ ਖਿੱਚੋਤਾਣ ਸਭ ਤੋਂ ਵੱਧ ਕਾਂਗਰਸ ਵਿੱਚ ਹੈ। ਕਾਰਨ ਉਸ ਪਾਰਟੀ ਦੇ ਪੈਰ ਮਜ਼ਬੂਤ ਹੋਣ ਤੋਂ ਵੱਧ ਉਸ ਦੇ ਵਿਰੋਧੀਆਂ ਦੇ ਪੈਰ ਉੱਖੜੇ ਹੋਏ ਜਾਪਣਾ ਹੈ। ਇਸ ਤੋਂ ਕਾਂਗਰਸ ਏਨੀ ਅਵੇਸਲੀ ਹੋ ਗਈ ਹੈ ਕਿ ਉਸ ਦੇ ਆਗੂ ਲੋਕਾਂ ਤੱਕ ਜਾਣ ਦੀ ਲੋੜ ਵੀ ਨਹੀਂ ਸਮਝਦੇ ਤੇ ਇਹ ਸੋਚੀ ਬੈਠੇ ਹਨ ਕਿ ਜਦੋਂ ਹੋਰ ਕੋਈ ਧਿਰ ਹੀ ਸਾਹਮਣੇ ਦਿਖਾਈ ਨਹੀਂ ਦੇਂਦੀ ਤਾਂ ਖਪਣ ਦੀ ਲੋੜ ਨਹੀਂ, ਸੀਟਾਂ ਉਂਜ ਹੀ ਜਿੱਤੀਆਂ ਜਾਣੀਆਂ ਹਨ।
ਇਸ ਮਾਮਲੇ ਵਿੱਚ ਪਿਛਲਾ ਤਜਰਬਾ ਚੇਤੇ ਰੱਖਣਾ ਚਾਹੀਦਾ ਹੈ। ਅਕਾਲੀ-ਭਾਜਪਾ ਗੱਠਜੋੜ ਦੀ ਪਹਿਲੀ ਸਰਕਾਰ ਬਣਨ ਤੋਂ ਇੱਕ ਸਾਲ ਬਾਅਦ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਵਾਜਪਾਈ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਭਾਵੇਂ ਬਣਾਉਣ ਦਾ ਸਬੱਬ ਬਣ ਗਿਆ ਸੀ, ਪੰਜਾਬ ਵਿੱਚ ਤੇਰਾਂ ਵਿੱਚੋਂ ਮਸਾਂ ਦੋ ਸੀਟਾਂ ਪੱਲੇ ਪਈਆਂ ਸਨ। ਪ੍ਰਕਾਸ਼ ਸਿੰਘ ਬਾਦਲ ਦਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਹੋਣਾ ਵੀ ਫਾਇਦਾ ਨਹੀਂ ਸੀ ਕਰ ਸਕਿਆ। ਪੰਜ ਸਾਲ ਬਾਅਦ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸੀ, ਪਰ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਇਸ ਲਈ ਮੋਰਚਾ ਮਾਰ ਗਿਆ ਸੀ ਕਿ ਅੱਜ ਵਾਂਗ ਕਾਂਗਰਸੀ ਆਗੂ ਓਦੋਂ ਵੀ ਇਹ ਸੋਚੀ ਬੈਠੇ ਸਨ ਕਿ ਸਾਡੇ ਸਾਹਮਣੇ ਕੋਈ ਟਿਕਣ ਵਾਲਾ ਨਹੀਂ। ਕਾਂਗਰਸ ਵਾਲੇ ਫਿਰ ਓਹੋ ਜਿਹੇ ਵਹਿਮ ਵਿੱਚ ਹਨ।
ਕੁਝ ਦਿਨ ਹੋਰ ਹਨ, ਚੋਣਾਂ ਦਾ ਐਲਾਨ ਹੋਣ ਵਾਲਾ ਹੈ। ਪੰਜਾਬ ਵਿੱਚ ਚੋਣਾਂ ਦੇ ਗੱਠਜੋੜਾਂ ਦੀ ਸਰਗਰਮੀ ਚੋਖੀ ਤੇਜ਼ ਹੁੰਦੇ ਹੋਏ ਵੀ ਅਜੇ ਨਕਸ਼ਾ ਸਾਫ ਨਹੀਂ ਹੋ ਰਿਹਾ। ਪੰਜਾਬੀਆਂ ਦੀ ਆਦਤ ਵੀ 'ਬੂਹੇ ਖਲੋਤੀ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ' ਵਾਲੀ ਹੋਣ ਕਰ ਕੇ ਏਥੇ ਚੋਣ ਗੱਠਜੋੜਾਂ ਦੀ ਗੱਲ ਚੋਣ ਨਿਸ਼ਾਨਾਂ ਦੀ ਵੰਡ ਵਾਲੇ ਦਿਨ ਤੱਕ ਹੁੰਦੀ ਰਹਿਣੀ ਹੈ। ਜਿਹੜੀ ਬਾਕੀ ਸਰਗਰਮੀ ਦੀ ਇਸ ਵੇਲੇ ਆਸ ਰੱਖੀ ਜਾ ਸਕਦੀ ਹੈ ਕਿ ਆਗੂ ਲੋਕਾਂ ਤੱਕ ਜਾਣਾ ਸ਼ੁਰੂ ਕਰਨ, ਉਸ ਪੱਖੋਂ ਪੰਜਾਬ ਦੀ ਰਾਜਨੀਤੀ ਅੱਜ ਦੀ ਘੜੀ ਸਲ੍ਹਾਬੀ ਜਿਹੀ ਹੈ। ਇਹ ਹਫਤਾ ਇਸ ਦੀ ਸਲ੍ਹਾਬ ਦੂਰ ਕਰਨ ਵਾਲਾ ਬਣ ਸਕਦਾ ਹੈ। ਚੋਣਾਂ ਦਾ ਐਲਾਨ ਹੋਣ ਕਾਰਨ ਜੇ ਪੰਜਾਬ ਦੀਆਂ ਚੋਣਾਂ ਪਹਿਲੇ ਦੌਰ ਵਿੱਚ ਹੋਣੀਆਂ ਹੋਈਆਂ ਤਾਂ ਅਗਲਾ ਹਫਤਾ ਸਰਗਰਮੀ ਦੀ ਸਿਖਰ ਵਾਲਾ ਵੀ ਹੋ ਸਕਦਾ ਹੈ।
-ਜਤਿੰਦਰ ਪਨੂੰ

1208 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper