Latest News
ਚੌਕੀਦਾਰ ਮੁਹਿੰਮ ਵੀ ਇੱਕ ਚੋਣ-ਜੁਮਲਾ

Published on 20 Mar, 2019 12:02 PM.

ਆਮ ਲੋਕਾਂ ਨੂੰ ਪੰਜ ਸਾਲ ਬਾਅਦ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਭਵਿੱਖੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਇਹ ਉਹ ਮੌਕਾ ਹੁੰਦਾ ਹੈ, ਜਦੋਂ ਵੋਟਰ ਪਿਛਲੀਆਂ ਚੋਣਾਂ ਵਿੱਚ ਚੁਣ ਕੇ ਭੇਜੇ ਗਏ ਆਪਣੇ ਨੁਮਾਇੰਦਿਆਂ ਤੇ ਹਾਕਮ ਧਿਰ ਦੀ ਪਿਛਲੀ ਕਾਰਗੁਜ਼ਾਰੀ ਦਾ ਮੁਲੰਕਣ ਕਰਦੇ ਹਨ। ਆਸ ਕੀਤੀ ਜਾਂਦੀ ਹੈ ਕਿ ਸਾਰੀਆਂ ਸਿਆਸੀ ਧਿਰਾਂ ਆ ਰਹੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਆਪਣੀ ਕਾਰਗੁਜ਼ਾਰੀ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਗੀਆਂ। ਇਸ ਸੰਬੰਧੀ ਸਭ ਤੋਂ ਵੱਡੀ ਜ਼ਿੰਮੇਵਾਰੀ ਹਾਕਮ ਧਿਰ ਦੀ ਹੁੰਦੀ ਹੈ ਕਿ ਉਹ ਆਪਣੇ ਪੰਜ ਸਾਲਾਂ ਦਾ ਹਿਸਾਬ-ਕਿਤਾਬ ਲੋਕ ਕਚਹਿਰੀ ਵਿੱਚ ਰੱਖਣ ਤਾਂ ਜੋ ਲੋਕ ਇਹ ਨਿਰਣਾ ਕਰ ਸਕਣ ਕਿ ਪੰਜ ਸਾਲ ਪਹਿਲਾਂ ਜਿਨ੍ਹਾਂ ਆਗੂਆਂ ਨੂੰ ਉਨ੍ਹਾਂ ਸੱਤਾ ਸੌਂਪੀ ਸੀ, ਉਹ ਉਸ ਦੇ ਭਰੋਸੇ ਉੱਤੇ ਖਰੇ ਉਤਰੇ ਹਨ ਜਾਂ ਨਹੀਂ। ਅਜ਼ਾਦੀ ਤੋਂ ਬਾਅਦ ਹਰ ਚੋਣ ਇਸੇ ਸੇਧ ਵਿੱਚ ਲੜੀ ਜਾਂਦੀ ਰਹੀ ਹੈ। ਇਸ ਪੱਖੋਂ ਹਾਲੀਆ ਲੋਕ ਸਭਾ ਚੋਣਾਂ ਵਿੱਕੋਲਿਤਰੀਆਂ ਹਨ।
ਸਭ ਤੋਂ ਨਿਆਰੀ ਚੋਣ ਮੁਹਿੰਮ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਹੈ। ਲੋਕਾਂ ਨੇ ਤਾਂ ਵੋਟਾਂ ਪਾ ਕੇ ਉਸ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ, ਪਰ ਉਹ ਮੱਲੋ-ਮੱਲੀ ਚੌਕੀਦਾਰ ਬਣ ਬੈਠੇ ਹਨ। ਉਸ ਦੀ ਦੇਖਾ-ਦੇਖੀ ਭਾਜਪਾ ਦੇ ਇਕ ਦਰਜਨ ਤੋਂ ਵੱਧ ਆਗੂਆਂ ਨੇ ਵੀ ਆਪਣੇ ਟਵਿੱਟਰ ਹੈਂਡਲਾਂ ਉੱਤੇ ਆਪਣੇ ਨਾਂਅ ਅੱਗੇ ਚੌਕੀਦਾਰ ਲਿਖਣਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਇਹ ਸਾਰਾ ਕੁਝ ਆਪਣੀਆਂ ਪੰਜ ਸਾਲਾਂ ਦੀਆਂ ਨਾਕਾਮੀਆਂ ਨੂੰ ਛੁਪਾ ਕੇ ਵੋਟਰਾਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਣ ਦੀ ਸ਼ੈਤਾਨੀ ਖੇਡ ਹੈ। ਵਿਰੋਧੀ ਪਾਰਟੀਆਂ ਦੇ ਕੁਝ ਆਗੂ ਵੀ ਭਾਜਪਾ ਵੱਲੋਂ ਵਿਛਾਏ ਇਸ ਜਾਲ ਵਿੱਚ ਫਸਦੇ ਨਜ਼ਰ ਆ ਰਹੇ ਹਨ। ਨਵੇਂ ਸਜੇ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਆਪਣੇ ਨਾਂਅ ਅੱਗੇ ਬੇਰੁਜ਼ਗਾਰ ਲਾ ਲਿਆ ਹੈ। ਆਮ ਆਦਮੀ ਪਾਰਟੀ ਦੀ ਨੇਤਾ ਅਲਿਕਾ ਲਾਂਬਾ ਤੇ ਸਪਾ ਛੱਡ ਕੇ ਕਾਂਗਰਸ ਨਾਲ ਜੁੜੀ ਪੰਖੁੜੀ ਪਾਠਕ ਨੇ ਆਪਣੇ ਨਾਵਾਂ ਅੱਗੇ 'ਅਸੁਰੱਖਿਅਤ ਬੇਟੀ' ਲਿਖਣਾ ਸ਼ੁਰੂ ਕਰ ਦਿੱਤਾ ਹੈ।
ਚਾਹੀਦਾ ਤਾਂ ਇਹ ਸੀ ਕਿ ਵਿਰੋਧ ਦੀਆਂ ਪਾਰਟੀਆਂ ਦੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਆਗੂਆਂ ਨੂੰ ਪੁੱਛਦੇ ਕਿ ਪੰਜਾਂ ਸਾਲਾਂ ਦੌਰਾਨ ਤੁਸੀਂ ਕਿਸ ਗੱਲ ਦੀ ਚੌਕੀਦਾਰੀ ਕੀਤੀ ਸੀ। ਕੀ ਨੀਰਵ ਮੋਦੀ, ਮੇਹੁਲ ਚੋਕਸੀ ਤੇ ਮਾਲਿਆ ਵਰਗੇ ਲੋਕਾਂ ਨੂੰ ਅਰਬਾਂ ਰੁਪਏ ਦੇ ਫਰਾਡ ਕਰਕੇ ਵਿਦੇਸ਼ ਭੱਜ ਜਾਣ ਵਾਲੇ ਭਗੌੜਿਆਂ ਨੂੰ ਰੋਕ ਸਕਣ ਵਿੱਚ ਨਾਕਾਮੀ ਨੂੰ ਚੌਕੀਦਾਰੀ ਕਹਿੰਦੇ ਹਨ? ਉਹ ਵੀ ਉਸ ਸਮੇਂ, ਜਦੋਂ ਆਰ ਬੀ ਆਈ ਦੇ ਉਸ ਸਮੇਂ ਦੇ ਗਵਰਨਰ ਰਘੂਰਾਮ ਰਾਜਨ ਨੇ ਨਰਿੰਦਰ ਮੋਦੀ ਦੇ ਕਾਰਜਕਾਲ ਦੇ 8 ਮਹੀਨਿਆਂ ਅੰਦਰ ਹੀ ਅਜਿਹੇ ਵੱਡੇ ਬੈਂਕ ਡਿਫਾਲਟਰਾਂ ਦੀ ਸੂਚੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪ ਦਿੱਤੀ ਸੀ। ਰਾਜਨ ਨੇ ਇਨ੍ਹਾਂ ਵਿਅਕਤੀਆਂ, ਜਿਨ੍ਹਾਂ ਵਿੱਚੋਂ ਬਾਅਦ ਵਿੱਚ ਕਈ ਸਾਰੇ ਵਿਦੇਸ਼ ਭੱਜ ਗਏ, ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਜੇਕਰ ਪ੍ਰਧਾਨ ਮੰਤਰੀ ਵਾਕਿਆ ਹੀ ਦੇਸ਼ ਦੀ ਚੌਕੀਦਾਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ, ਪਰ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਕਾਰਵਾਈ ਸੰਬੰਧੀ ਦੜ ਵੱਟੀ ਰੱਖੀ।
ਇੱਕ ਸਮਾਜਿਕ ਕਾਰਕੁਨ ਸੌਰਵ ਦਾਸ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਹਨਾਂ ਡਿਫਾਲਟਰਾਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਬਿਓਰਾ ਮੰਗਿਆ ਸੀ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਇਸ ਸੂਚੀ ਨੂੰ ਕਿਸੇ ਜਾਂਚ ਏਜੰਸੀ ਨੂੰ ਭੇਜਿਆ ਗਿਆ ਸੀ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ 6 ਰਿਮਾਇੰਡਰ ਭੇਜੇ ਜਾਣ ਦੇ ਬਾਵਜੂਦ ਰਘੂਰਾਮ ਰਾਜਨ ਵੱਲੋਂ ਭੇਜੀ ਗਈ ਸੂਚੀ ਤੇ ਉਸ ਉੱਤੇ ਕੀਤੀ ਕਾਰਵਾਈ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦੱਸਣ ਦੀ ਵੀ ਖੇਚਲ ਨਾ ਕੀਤੀ ਗਈ ਅਤੇ ਜਦੋਂ ਰਘੂਰਾਮ ਰਾਜਨ ਨੇ ਕਮੇਟੀ ਸਾਹਮਣੇ ਖੁਦ ਪੇਸ਼ ਹੋ ਕੇ ਨਾਵਾਂ ਦੀ ਉਹ ਸੂਚੀ ਪੇਸ਼ ਕੀਤੀ ਤਾਂ ਕਮੇਟੀ ਦੇ ਭਾਜਪਾ ਸਾਂਸਦ ਗੈਰ-ਹਾਜ਼ਰ ਹੋ ਗਏ, ਤਾਂ ਕਿ ਕਮੇਟੀ ਦਾ ਕੋਰਮ ਪੂਰਾ ਨਾ ਹੋਵੇ ਤੇ ਕੋਈ ਫ਼ੈਸਲਾ ਨਾ ਹੋ ਸਕੇ। ਹੁਣ ਇਹ ਸਾਰੇ ਸਾਂਸਦ ਚੌਕੀਦਾਰ ਬਣੇ ਹੋਏ ਹਨ ਤੇ ਕਮੇਟੀ ਦੇ ਚੇਅਰਮੈਨ ਮੁਰਲੀ ਮਨੋਹਰ ਜੋਸ਼ੀ ਦੀ ਟਿਕਟ ਕੱਟੀ ਜਾਣੀ ਵੀ ਸ਼ਾਇਦ ਉਸ ਵੱਲੋਂ ਬੈਂਕ ਭਗੌੜਿਆਂ ਵਿਰੁੱਧ ਦਿਖਾਈ ਗਈ ਤੱਤਪਰਤਾ ਦਾ ਹੀ ਸਿੱਟਾ ਹੈ। ਇਹੋ ਹੀ ਨਹੀਂ, ਸੀ ਬੀ ਆਈ ਤੇ ਈ ਡੀ ਦੇ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨਾਲ ਨਾ ਕੋਈ ਸੂਚੀ ਸਾਂਝੀ ਕੀਤੀ ਗਈ ਅਤੇ ਨਾ ਹੀ ਕਾਰਵਾਈ ਲਈ ਕਿਹਾ ਗਿਆ।
ਇੱਥੇ ਹੀ ਬੱਸ ਨਹੀਂ, ਜਦੋਂ ਪਿਛਲੇ ਸਾਲ ਬਰਤਾਨੀਆਂ ਦੇ ਸੀਰੀਅਸ ਫਰਾਡ ਆਫ਼ਿਸ (ਐੱਸ ਐੱਫ ਓ) ਵੱਲੋਂ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਲੰਡਨ ਵਿੱਚ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਜ਼ਰੂਰੀ ਦਸਤਾਵੇਜ਼ ਭੇਜੇ ਜਾਣ, ਪ੍ਰੰਤੂ ਭਾਰਤ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਰਹੀ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇਸ ਸੰਬੰਧੀ ਚਰਚਾ ਵੀ ਹੋਈ, ਪਰ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ। ਸੀ ਬੀ ਆਈ ਵਿੱਚ ਅੱਧੀ ਰਾਤ ਨੂੰ ਵਾਪਰੇ ਘਟਨਾਕ੍ਰਮ ਨੂੰ ਤਾਂ ਸਾਰੇ ਦੇਸ਼ ਨੇ ਦੇਖਿਆ, ਸੁਣਿਆ ਸੀ। ਉਸ ਸਮੇਂ ਦੇ ਸੀ ਬੀ ਆਈ ਦੇ ਡਾਇਰੈਕਟਰ ਅਲੋਕ ਵਰਮਾ ਵੱਲੋਂ ਵਿਵਾਦਾਂ 'ਚ ਘਿਰੀ ਰਾਫੇਲ ਡੀਲ ਦੀ ਜਾਂਚ ਕਰਾਏ ਜਾਣ ਦੀ ਗੱਲ ਜਦੋਂ ਬਾਹਰ ਆਈ ਤਾਂ ਅੱਧੀ ਰਾਤ ਨੂੰ ਉਸ ਨੂੰ ਘਰ ਤੋਰ ਦਿੱਤਾ ਗਿਆ। ਇਸ ਤੋਂ ਲੋਕਾਂ ਨੂੰ ਆਪ ਸਿੱਟਾ ਕੱਢ ਲੈਣਾ ਚਾਹੀਦਾ ਹੈ ਕਿ ਭਾਜਪਾ ਦੀ ਚੌਕੀਦਾਰ ਵਾਲੀ ਮੁਹਿੰਮ ਵੀ ਇੱਕ ਚੋਣ ਜੁਮਲਾ ਹੈ।

1424 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper