Latest News
ਕਨੱ੍ਹਈਆ ਕੁਮਾਰ ਦਾ ਚੋਣ ਯੁੱਧ

Published on 27 Mar, 2019 11:13 AM.


ਦੇਸ਼ ਦਾ ਹਰ ਪ੍ਰਗਤੀਸ਼ੀਲ ਵਿਅਕਤੀ ਇਸ ਗੱਲ ਤੋਂ ਡਾਢਾ ਦੁਖੀ ਹੈ ਕਿ ਬਿਹਾਰ ਵਿੱਚ ਮਹਾਂਗੱਠਜੋੜ ਨੇ ਬੇਗੂਸਰਾਏ ਦੀ ਸੀਟ ਸੀ ਪੀ ਆਈ ਦੇ ਤੇਜ਼-ਤਰਾਰ ਆਗੂ ਕਨੱ੍ਹਈਆ ਕੁਮਾਰ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਕਨੱ੍ਹਈਆ ਕੁਮਾਰ ਸਿਰਫ਼ ਸੀ ਪੀ ਆਈ ਦਾ ਹੀ ਆਗੂ ਨਹੀਂ, ਸਗੋਂ ਸਮੁੱਚੇ ਦੇਸ਼ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਉਹ ਸਭ ਤੋਂ ਪਸੰਦੀਦਾ ਆਗੂ ਹੈ। ਮੋਦੀ ਰਾਜ ਦੌਰਾਨ ਆਰ ਐੱਸ ਐੱਸ ਦੀ ਵਿਚਾਰਧਾਰਾ ਨਾਲ ਟੱਕਰ ਲੈਣ ਵਾਲਾ ਉਹ ਸਭ ਤੋਂ ਚਰਚਿਤ ਵਿਅਕਤੀ ਰਿਹਾ ਹੈ।
ਦੇਸ਼ ਧਰੋਹ ਦੇ ਝੂਠੇ ਮੁਕੱਦਮੇ ਵਿੱਚ ਫਸਾਏ ਜਾਣ ਤੋਂ ਬਾਅਦ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਕਨੱ੍ਹਈਆ ਇੱਕ ਪ੍ਰੋਢ ਆਗੂ ਬਣ ਚੁੱਕਾ ਸੀ। ਜੇ ਐੱਨ ਯੂ ਵਿੱਚ ਪੁੱਜ ਕੇ ਵਿਦਿਆਰਥੀਆਂ ਦੀ ਭੀੜ ਸਾਹਮਣੇ ਕੀਤੀ ਤਕਰੀਰ ਨੇ ਉਸ ਨੂੰ ਕੌਮੀ ਨੇਤਾ ਬਣਾ ਦਿੱਤਾ। ਪਿਛਲੇ ਸਾਢੇ ਚਾਰ ਸਾਲ ਉਸ ਨੇ ਹਰ ਪ੍ਰਦੇਸ਼ ਦੇ ਹਰ ਵੱਡੇ ਸ਼ਹਿਰ ਵਿੱਚ ਪਹੁੰਚ ਕੇ ਫਾਸ਼ੀ ਹਕੂਮਤ ਦੀਆਂ ਅਜਿਹੀਆਂ ਧੱਜੀਆਂ ਉਡਾਈਆਂ ਕਿ ਉਹ ਪ੍ਰਗਤੀਸ਼ੀਲ ਲੋਕਾਂ ਦੀ ਅੱਖ ਦਾ ਤਾਰਾ ਬਣ ਗਿਆ। ਇੱਕ ਵਾਰ ਉਸ ਨੂੰ ਵਕੀਲਾਂ ਤੇ ਹੋਰ ਬੁੱਧੀਜੀਵੀ ਲੋਕਾਂ ਨੇ ਭੁਪਾਲ ਵਿੱਚ ਇੱਕ ਸਮਾਗਮ ਉੱਤੇ ਬੁਲਾਇਆ। ਉਸ ਦੀ ਤਕਰੀਰ ਤੋਂ ਬਾਅਦ ਪ੍ਰਬੰਧਕਾਂ ਨੇ ਇਹ ਮਤਾ ਪੇਸ਼ ਕਰ ਦਿੱਤਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭੁਪਾਲ ਤੋਂ ਲੜੇ ਤਾਂ ਸਾਰਾ ਖਰਚਾ ਉੱਥੇ ਜੁੜੇ ਲੋਕ ਚੁੱਕਣ ਲਈ ਤਿਆਰ ਹਨ। ਜੁੜੀ ਭੀੜ ਨੇ ਦੋਵੇਂ ਹੱਥ ਖੜੇ ਕਰਕੇ ਉਸ ਮਤੇ ਦੀ ਹਮਾਇਤ ਕੀਤੀ।
ਉਸ ਦੀ ਇਹੋ ਹਰਮਨ-ਪਿਆਰਤਾ ਹੀ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੂੰ ਪਸੰਦ ਨਾ ਆਈ। 'ਜਨ ਸੱਤਾ' ਦੀ ਰਿਪੋਰਟ ਮੁਤਾਬਕ ਤੇਜਸਵੀ ਨਹੀਂ ਸੀ ਚਾਹੁੰਦਾ ਕਿ ਕੋਈ ਹੋਰ ਨੌਜਵਾਨ ਉਸ ਦਾ ਸ਼ਰੀਕ ਬਣ ਕੇ ਉੱਭਰੇ, ਇਸੇ ਲਈ ਕਨੱ੍ਹਈਆ ਕੁਮਾਰ ਨੂੰ ਮਹਾਂ-ਗੱਠਜੋੜ ਤੋਂ ਬੇਦਖ਼ਲ ਕਰ ਦਿੱਤਾ ਗਿਆ। ਇਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਨੇ ਕਨੱ੍ਹਈਆ ਕੁਮਾਰ ਦੀ ਬੇਗੂਸਰਾਏ ਤੋਂ ਉਮੀਦਵਾਰੀ 'ਤੇ ਮੋਹਰ ਲਾ ਦਿੱਤੀ ਹੈ। ਦੂਜੇ ਪਾਸੇ ਭਾਜਪਾ ਨੇ ਇਸ ਸੀਟ ਤੋਂ ਆਪਣੇ ਅੱਗ ਉਗਲਣ ਵਾਲੇ ਨੇਤਾ ਗਿਰੀਰਾਜ ਸਿੰਘ ਨੂੰ ਉਤਾਰਿਆ ਹੈ। ਅੱਜ ਤੱਕ ਦੀਆਂ ਖ਼ਬਰਾਂ ਮੁਤਾਬਕ ਗਿਰੀਰਾਜ ਹਾਲੇ ਇਸ ਸੀਟ 'ਤੇ ਆਉਣ ਤੋਂ ਕੰਨੀ ਕਤਰਾਅ ਰਿਹਾ ਹੈ।
ਕਨੱ੍ਹਈਆ ਕੁਮਾਰ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਫ਼ਾਸ਼ੀ ਭਾਜਪਾ ਵਿਰੁੱਧ ਸਾਂਝੀ ਲੜਾਈ ਲਈ ਆਪਣੀ ਪ੍ਰਤੀਬੱਧਤਾ ਜ਼ਾਹਰ ਕਰਦਿਆਂ ਕਿਹਾ 'ਜਿਸ ਥਾਂ ਸਾਡੀ ਪਾਰਟੀ ਲਹੀਂ ਲੜੇਗੀ, ਅਸੀਂ ਮਹਾਂਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਕਰਾਂਗੇ। ਉਸ ਨੇ ਕਿਹਾ ਕਿ ਅਸੀਂ ਦੇਸ਼ ਬਚਾਉਣ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਵਿਰੋਧੀ ਧਿਰਾਂ ਨਾਲ ਖੜੇ ਹੋਵਾਂਗੇ। ਅਸੀਂ ਕਿਸੇ ਇੱਕ ਵਿਅਕਤੀ ਦੀ ਹਊਮੈ ਦੀ ਪੂਰਤੀ ਖਾਤਰ ਭਾਜਪਾ ਵਿਰੋਧੀ ਵੋਟਾਂ ਨੂੰ ਪਾਟਣ ਨਹੀਂ ਦੇਵਾਂਗੇ।' ਉਨ੍ਹਾ ਆਪਣੀ ਪਰਪੱਕ ਸੋਚ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੀ ਲੜਾਈ ਤੇਜਸਵੀ ਨਾਲ ਨਹੀਂ, ਅਸੀਂ ਸਮਾਜਿਕ ਨਿਆਂ ਲਈ ਕਈ ਵਾਰ ਸਟੇਜ ਸਾਂਝੀ ਕਰ ਚੁੱਕੇ ਹਾਂ ਅਤੇ ਜ਼ਰੂਰਤ ਪਈ ਤਾਂ ਸਾਥ ਖੜੇ ਹੋਵਾਂਗੇ ਤੇ ਮਿਲ ਕੇ ਲੜਾਂਗੇ। ਮਹਾਂਗੱਠਜੋੜ ਨਾਲ ਗੱਠਜੋੜ ਹੋਵੇ ਜਾਂ ਨਾ, ਸਾਡਾ ਬੇਗੂਸਰਾਏ ਦੀ ਜਨਤਾ ਨਾਲ ਗੱਠਜੋੜ ਹੋ ਚੁੱਕਾ ਹੈ।
ਯਾਦ ਰਹੇ ਕਿ ਬੇਗੂਸਰਾਏ ਸੀ ਪੀ ਆਈ ਦਾ ਗੜ੍ਹ ਰਿਹਾ ਹੈ। ਬੇਗੂਸਰਾਏ ਹਲਕਾ ਪਹਿਲੇ ਬੇਗੂਸਰਾਏ ਤੇ ਬਲੀਆ ਹਲਕਿਆਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਇਸ ਅਧੀਨ ਆਉਂਦੀ ਬੇਗੂਸਰਾਏ ਵਿਧਾਨ ਸਭਾ ਸੀਟ ਤੋਂ ਕਮਿਊਨਿਸਟ ਪਾਰਟੀ ਤਿੰਨ ਵਾਰ ਜੇਤੂ ਤੇ 9 ਵਾਰ ਦੂਜੇ ਸਥਾਨ ਉੱਤੇ ਰਹੀ ਹੈ। ਵੇਖਰੀ ਵਿਧਾਨ ਸਭਾ ਸੀਟ ਕਮਿਊਨਿਸਟਾਂ ਨੇ 10 ਵਾਰ ਜਿੱਤੀ ਤੇ 3 ਵਾਰ ਉਹ ਦੂਜੀ ਥਾਂ ਰਹੇ। ਤੇਘਰਾ ਵਿਧਾਨ ਸਭਾ ਸੀਟ ਕਮਿਊਨਿਸਟਾਂ ਨੇ 2 ਵਾਰ ਜਿੱਤੀ ਤੇ 2 ਵਾਰ ਉਹ ਦੂਜੇ ਸਥਾਨ ਉੱਤੇ ਰਹੇ। ਮਟਿਹਾਨੀ ਵਿਧਾਨ ਸਭਾ ਸੀਟ ਕਮਿਊਨਿਸਟਾਂ ਨੇ ਤਿੰਨ ਵਾਰ ਜਿੱਤੀ ਤੇ ਤਿੰਨ ਵਾਰ ਦੂਜੇ ਸਥਾਨ ਉਤੇ ਰਹੇ। ਚੇਰੀਆ ਬਰਿਆਰਪੁਰ ਵਿਧਾਨ ਸਭਾ ਸੀਟ ਇੱਕ ਵਾਰ ਜਿੱਤੀ ਤੇ ਇੱਕ ਵਾਰ ਉਹ ਦੂਜੇ ਥਾਂ ਆਏ। ਨਵੀਂ ਹਲਕਾਬੰਦੀ ਤੋਂ ਪਹਿਲਾਂ ਇੱਕ ਵਿਧਾਨ ਸਭਾ ਸੀਟ ਬਰੌਨੀ ਹੁੰਦੀ ਸੀ, ਜਿਹੜੀ ਕਮਿਊਨਿਸਟਾਂ ਨੇ ਲਗਾਤਾਰ 8 ਵਾਰ ਜਿੱਤੀ ਹੈ। ਬੇਗੂਸਰਾਏ ਲੋਕ ਸਭਾ ਹਲਕੇ ਤੋਂ ਸੀ ਪੀ ਆਈ ਇੱਕ ਵਾਰ ਤੇ ਬਲੀਆ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਜਿੱਤ ਪ੍ਰਾਪਤ ਕਰ ਚੁੱਕੀ ਹੈ।
ਇਸ ਦੇ ਬਾਵਜੂਦ ਇਸ ਹਕੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਸੈਕੂਲਰ ਵੋਟਾਂ ਦੀ ਵੰਡ ਦਾ ਲਾਭ ਭਾਜਪਾ ਨੂੰ ਹੀ ਹੋਵੇਗਾ। ਇਸ ਦੇ ਨਾਲ ਇਹ ਵੀ ਸੱਚਾਈ ਹੈ ਕਿ ਧਨ ਖਰਚਣ ਦੇ ਮੁਕਾਬਲੇ ਵਿੱਚ ਕਨੱ੍ਹਈਆ ਕੁਮਾਰ ਦੂਜੇ ਉਮੀਦਵਾਰਾਂ ਦਾ ਮੁਕਾਬਲਾ ਨਹੀਂ ਕਰ ਸਕੇਗਾ। ਕਨੱ੍ਹਈਆ ਕੁਮਾਰ ਦੇ ਹੱਕ ਵਿੱਚ ਸਭ ਤੋਂ ਵੱਡੀ ਇਹ ਗੱਲ ਹੈ ਕਿ ਉਸ ਨੇ ਪਿਛਲੇ ਇੱਕ ਸਾਲ ਤੋਂ ਆਪਣੀ ਚੋਣ ਮੁਹਿੰਮ ਵਿੱਢੀ ਹੋਈ ਹੈ। ਆਸ ਕਰਨੀ ਬਣਦੀ ਹੈ ਕਿ ਕਨੱ੍ਹਈਆ ਕੁਮਾਰ ਲੋਕਾਂ ਨੂੰ ਜਾਤੀਵਾਦੀ ਸਿਆਸਤ ਵਿੱਚੋਂ ਕੱਢ ਕੇ ਦੇਸ਼ ਦੀ ਸੈਕੂਲਰ ਢਾਂਚੇ ਦੀ ਮਜ਼ਬੂਤੀ ਲਈ ਲਾਮਬੰਦ ਕਰਨ ਵਿੱਚ ਜ਼ਰੂਰ ਕਾਮਯਾਬ ਹੋਵੇਗਾ।

1127 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper