Latest News
ਚੋਣ ਘੋਲ ਪੰਜਾਬ ਵਿੱਚ ਵੀ ਗਰਮੀ ਫੜਨ ਲੱਗਾ

Published on 24 Apr, 2019 11:09 AM.

ਪਾਰਲੀਮੈਂਟ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ਲਈ ਨਾਮਜ਼ਦਗੀਆਂ ਦਾ ਦੌਰਾ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੀ ਵਾਰੀ ਵੀ ਏਸੇ ਸੱਤਵੇਂ ਦੌਰ ਵਿੱਚ ਆਉਂਦੀ ਹੈ ਤੇ ਇਸ ਲਈ ਇਸ ਰਾਜ ਵਿੱਚ ਇਹ ਪ੍ਰਕਿਰਿਆ ਚੱਲ ਪਈ ਹੈ। ਇਸ ਹਫਤੇ ਦੇ ਸ਼ੁਰੂ ਹੋਣ ਤੱਕ ਇਸ ਰਾਜ ਵਿੱਚ ਮੁੱਖ ਧਿਰਾਂ ਵੱਲੋਂ ਕੁਝ ਸੀਟਾਂ ਤੋਂ ਸਿਵਾ ਆਪਣੇ ਉਮੀਦਵਾਰਾਂ ਬਾਰੇ ਗੰਢ ਖੋਲ੍ਹਣ ਲਈ ਜਿੱਦਾਂ ਦੀ ਝਿਜਕ ਵਿਖਾਈ ਜਾ ਰਹੀ ਸੀ, ਉਹ ਵੇਲਾ ਵੀ ਨਿਕਲ ਗਿਆ ਹੈ। ਪਹਿਲ ਕਾਂਗਰਸ ਪਾਰਟੀ ਨੇ ਕਰ ਦਿੱਤੀ ਤੇ ਬਠਿੰਡਾ ਤੇ ਫਿਰੋਜ਼ਪੁਰ ਦੇ ਹਲਕਿਆਂ ਲਈ ਆਪਣੇ ਦੋਵਾਂ ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਸੀ। ਉਸ ਦੀ ਉਡੀਕ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਲੇ ਦਿਨ ਇਨ੍ਹਾਂ ਦੋਵਾਂ ਸੀਟਾਂ ਵਿੱਚੋਂ ਬਠਿੰਡੇ ਤੋਂ ਬੀਬੀ ਹਰਸਿਮਰਤ ਕੌਰ ਤੇ ਫਿਰੋਜ਼ਪੁਰ ਦੇ ਲਈ ਆਪਣੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਅਤੇ ਉਸ ਦੀ ਪਤਨੀ ਦੋਵੇਂ ਜਣੇ ਪਾਰਲੀਮੈਂਟ ਚੋਣ ਲਈ ਮੈਦਾਨ ਵਿੱਚ ਨਿਕਲੇ ਹਨ ਤੇ ਇਸ ਨਾਲ ਲੜਾਈ ਸਖਤ ਹੋ ਗਈ ਹੈ।
ਅਖਬਾਰਾਂ ਦੇ ਇੱਕ ਹਿੱਸੇ ਵਿੱਚ ਇਹ ਖਬਰ ਆਈ ਹੈ ਕਿ ਅਕਾਲੀ ਦਲ ਦੀ ਕੋਰ ਕਮੇਟੀ ਅੰਦਰ ਸੁਖਬੀਰ ਸਿੰਘ ਬਾਦਲ ਨੂੰ ਕੁਝ ਮੈਂਬਰਾਂ ਨੇ ਕਿਹਾ ਸੀ ਕਿ ਔਖੀ ਘੜੀ ਵਿੱਚ ਆਗੂ ਖੁਦ ਮੈਦਾਨ ਵਿੱਚ ਆਵੇ ਤਾਂ ਕਾਡਰ ਨੂੰ ਹੱਲਾਸ਼ੇਰੀ ਮਿਲਦੀ ਹੈ, ਇਸ ਲਈ ਸੁਖਬੀਰ ਸਿੰਘ ਨੂੰ ਖੁਦ ਚੋਣ ਲੜਨੀ ਚਾਹੀਦੀ ਹੈ। ਉਸ ਨੇ ਚੁਣੌਤੀ ਕਬੂਲ ਕੀਤੀ ਜਾਂ ਕਿਸੇ ਹੋਰ ਨੇ ਚੋਣ ਲੜਨ ਲਈ ਹਾਮੀ ਨਹੀਂ ਭਰੀ, ਦੋਵੇਂ ਗੱਲਾਂ ਸੁਣੀਆਂ ਜਾ ਰਹੀਆਂ ਹਨ। ਜਿੱਦਾਂ ਵੀ ਹੋਇਆ ਹੋਵੇ, ਉਹ ਮੈਦਾਨ ਵਿੱਚ ਆ ਗਿਆ ਹੈ। ਅਕਾਲੀ ਪਾਰਟੀ ਲਈ ਇਹ ਆਪਣੇ ਆਪ ਵਿੱਚ ਚੁਣੌਤੀ ਦੀ ਸਥਿਤੀ ਹੈ ਕਿ ਉਸ ਦੇ ਅਗਵਾਨੂੰ ਪਰਵਾਰ ਦੇ ਦੋ ਜੀਅ ਇਸ ਵਕਤ ਚੋਣ ਲੜਨ ਦੇ ਲਈ ਮੈਦਾਨ ਵਿੱਚ ਹਨ, ਜਦੋਂ ਕਈ ਕਾਰਨਾਂ ਕਰ ਕੇ ਪਾਰਟੀ ਲਈ ਇਹ ਕੰਮ ਕਾਫੀ ਔਖਾ ਹੈ। ਇਸ ਦੇ ਨਾਲ ਉਨ੍ਹਾਂ ਲਈ ਇੱਕ ਤਰ੍ਹਾਂ ਸਾਰੇ ਕਿਸਮ ਦੇ ਕਾਡਰ ਨੂੰ ਸਰਗਰਮ ਕਰਨ ਦੀ ਲੋੜ ਬਣ ਜਾਵੇਗੀ ਅਤੇ ਇਸ ਵਿੱਚ ਇਹ ਔਖ ਵੀ ਹੋਣੀ ਹੈ ਕਿ ਵਰਕਰਾਂ ਦਾ ਵੱਡਾ ਹਿੱਸਾ ਬਠਿੰਡੇ ਅਤੇ ਫਿਰੋਜ਼ਪੁਰ ਨੂੰ ਨਿਕਲ ਜਾਣਾ ਹੈ, ਜਿਸ ਨਾਲ ਬਾਕੀ ਸੀਟਾਂ ਪ੍ਰਭਾਵਤ ਹੋਣਗੀਆਂ।
ਪੰਜ ਸਾਲ ਪਹਿਲਾਂ ਦੀਆਂ ਚੋਣਾਂ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਅੰਦਰੋਂ ਪਏ ਇਸ ਕਿਸਮ ਦੇ ਵੱਡੇ ਦਬਾਅ ਕਾਰਨ ਅੰਮ੍ਰਿਤਸਰ ਤੋਂ ਜਾ ਕੇ ਚੋਣ ਲੜਨੀ ਪਈ ਸੀ, ਉਸ ਦਾ ਅਸਰ ਪਟਿਆਲਾ ਸੀਟ ਉੱਤੇ ਪਿਆ ਸੀ ਤੇ ਓਥੇ ਪਾਰਟੀ ਹਾਰ ਗਈ ਸੀ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕਹਿ ਦਿੱਤੀ ਸੀ। ਇਸ ਵਾਰੀ ਕਾਂਗਰਸ ਪਾਰਟੀ ਨੇ ਏਦਾਂ ਦੀ ਸਥਿਤੀ ਨਹੀਂ ਬਣਨ ਦਿੱਤੀ ਕਿ ਲੀਡਰਸ਼ਿਪ ਦਾ ਧਿਆਨ ਅਕਾਲੀ ਦਲ ਵਾਂਗ ਦੋ ਥਾਂ ਵੰਡਿਆ ਜਾਵੇ ਅਤੇ ਉਸ ਨਾਲ ਵਰਕਰਾਂ ਵਿੱਚ ਦੋਚਿੱਤੀ ਪੈਦਾ ਹੋਵੇ। ਕਿਉਂਕਿ ਕਾਂਗਰਸ ਪਾਰਟੀ ਇਸ ਵਕਤ ਸਰਕਾਰ ਵੀ ਚਲਾ ਰਹੀ ਹੈ ਅਤੇ ਉਸ ਦੇ ਨਾਲ ਉਸ ਅੰਦਰ ਦੋਚਿੱਤੀ ਵੀ ਘੱਟ ਹੈ, ਇਸ ਲਈ ਉਸ ਵਿੱਚ ਅਵੇਸਲਾਪਣ ਹੈ ਕਿ ਚੋਣ ਤਾਂ ਜਿੱਤੀ ਪਈ ਹੈ। ਇਸ ਤਰ੍ਹਾਂ ਦਾ ਅਵੇਸਲਾਪਣ ਜਿਸ ਵੀ ਪਾਰਟੀ ਵਿੱਚ ਆ ਜਾਵੇ, ਉਸ ਦੇ ਲਈ ਘਾਤਕ ਸਾਬਤ ਹੋਇਆ ਕਰਦਾ ਹੈ ਤੇ ਇਹ ਗੱਲ ਕਾਂਗਰਸ ਆਗੂ ਇਸ ਲਈ ਚੇਤੇ ਰੱਖ ਸਕਦੇ ਹਨ ਕਿ ਪਿਛਲੀ ਵਾਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਓਦੋਂ ਵੀ ਏਸੇ ਤਰ੍ਹਾਂ ਦੇ ਵਹਿਮ ਨੇ ਉਨ੍ਹਾਂ ਦਾ ਏਨਾ ਨੁਕਸਾਨ ਕੀਤਾ ਸੀ ਕਿ ਸਿਰਫ ਦੋ ਸੀਟਾਂ ਜਿੱਤ ਸਕੇ ਅਤੇ ਗਿਆਰਾਂ ਗਵਾ ਲਈਆਂ ਸਨ। ਇਸ ਵਕਤ ਉਨ੍ਹਾਂ ਦੇ ਲਈ ਸਥਿਤੀ ਇਸ ਪੱਖੋਂ ਵੀ ਔਖੀ ਹੋ ਸਕਦੀ ਹੈ ਕਿ ਭਾਜਪਾ ਨੇ ਸੰਨੀ ਦਿਓਲ ਵਰਗੇ ਐਕਟਰ ਵੀ ਸਾਹਮਣੇ ਲੈ ਆਂਦੇ ਹਨ।
ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇਸ ਵਾਰ ਫਿਰ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੀ ਜਾਪਦੀ ਹੈ ਤੇ ਏਸੇ ਲਈ ਏਥੋਂ ਦੀਆਂ ਤਿੰਨ ਸੀਟਾਂ ਲਈ ਉਸ ਨੂੰ ਉਮੀਦਵਾਰ ਲੱਭਣ ਦੀ ਔਖ ਆਈ ਹੈ। ਪੰਜਾਬ ਤੋਂ ਕੇਂਦਰ ਦੀ ਸਰਕਾਰ ਵਿੱਚ ਉਸ ਦਾ ਇਕਲੌਤਾ ਭਾਜਪਾ ਮੰਤਰੀ ਵਿਜੇ ਸਾਂਪਲਾ ਪਹਿਲਾਂ ਸੂਬਾ ਪ੍ਰਧਾਨ ਵੀ ਸੀ, ਪਰ ਇਸ ਵਾਰੀ ਉਸ ਨੂੰ ਚੋਣ ਲੜਨ ਦੇ ਲਾਇਕ ਵੀ ਨਹੀਂ ਸਮਝਿਆ ਗਿਆ। ਉਸ ਦੀ ਥਾਂ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਸਰਕਾਰੀ ਨੌਕਰੀ ਵੇਲੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦਾ ਡਿਪਟੀ ਕਮਿਸ਼ਨਰ ਰਹਿ ਚੁੱਕੇ ਹੋਣ ਕਰ ਕੇ ਸੋਮ ਪ੍ਰਕਾਸ਼ ਦੇ ਸੰਪਰਕ ਦੋਵਾਂ ਜ਼ਿਲਿਆਂ ਵਿੱਚ ਹਨ ਅਤੇ ਉਸ ਦਾ ਮੇਲ-ਮਿਲਾਪ ਦਾ ਢੰਗ ਵੀ ਉਸ ਨੂੰ ਰਾਸ ਆ ਸਕਦਾ ਹੈ, ਪਰ ਟਿਕਟ ਦੇਣ ਦੇ ਲਈ ਜਿਹੜੀ ਖਿੱਚੋਤਾਣ ਹੋਈ ਹੈ, ਉਸ ਨਾਲ ਪੈਦਾ ਹੋਈ ਧੜੇਬੰਦੀ ਖਰਾਬ ਕਰ ਸਕਦੀ ਹੈ। ਵੱਡੀ ਗੱਲ ਇਹ ਲੋਕਾਂ ਵਿੱਚ ਚਲੀ ਗਈ ਹੈ ਕਿ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀਆਂ ਸੀਟਾਂ ਲਈ ਇਸ ਪਾਰਟੀ ਨੂੰ ਪੰਜਾਬ ਤੋਂ ਕੋਈ ਉਮੀਦਵਾਰ ਹੀ ਨਹੀਂ ਲੱਭਾ। ਅੱਗੇ ਜਦੋਂ ਗੁਰਦਾਸਪੁਰ ਦੀ ਉੱਪ ਚੋਣ ਦਾ ਮੌਕਾ ਸੀ ਤਾਂ ਮੁੰਬਈ ਤੋਂ ਸਵਰਨ ਸਲਾਰੀਆ ਨੂੰ ਲਿਆ ਕੇ ਲੜਵਾਇਆ ਸੀ, ਇਸ ਵਾਰੀ ਫਿਰ ਓਸੇ ਮੁੰਬਈ ਤੋਂ ਫਿਲਮ ਸਟਾਰ ਸੰਨੀ ਦਿਓਲ ਨੂੰ ਉਚੇਚਾ ਲਿਆਂਦਾ ਗਿਆ ਹੈ। ਵਿਦੇਸ਼ ਸੇਵਾ ਦਾ ਅਫਸਰ ਰਹਿ ਚੁੱਕੇ ਮੌਜੂਦਾ ਕੇਂਦਰ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅੰਮ੍ਰਿਤਸਰ ਵਿਚ ਚੋਣ ਲੜਨ ਲਈ ਲਿਆਂਦਾ ਗਿਆ ਹੈ, ਕਿਉਂਕਿ ਪੰਜਾਬ ਦੀ ਭਾਜਪਾ ਵਿੱਚ ਇਸ ਸੀਟ ਲਈ ਏਨੀ ਖਿੱਚੋਤਾਣ ਸੀ ਕਿ ਏਥੋਂ ਕੋਈ ਵੀ ਉਮੀਦਵਾਰ ਬਣਾਉਣ ਨਾਲ ਧੜੇਬੰਦੀ ਵਧ ਜਾਣੀ ਸੀ।
ਪਿਛਲੇ ਦੋ ਦਿਨਾਂ ਵਿੱਚ ਲੋਕ ਸਭਾ ਚੋਣਾਂ ਦੇ ਪੱਖ ਤੋਂ ਪੰਜਾਬ ਦੀ ਲੜਾਈ ਨੇ ਏਨੇ ਮੋੜ ਕੱਟ ਲਏ ਹਨ ਕਿ ਇੱਕ ਦਮ ਇਹ ਬੜੀ ਸਖਤ ਜਾਪਣ ਲੱਗ ਪਈ ਹੈ, ਪਰ ਰਾਜ ਕਰਦੀ ਕਾਂਗਰਸ ਪਾਰਟੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ। ਉਹ ਇਸ ਗੱਲ ਬਾਰੇ ਵੀ ਕਿਸੇ ਤਰ੍ਹਾਂ ਸੋਚਣ ਨੂੰ ਤਿਆਰ ਨਹੀਂ ਕਿ ਤੀਸਰਾ ਮੋਰਚਾ ਭਾਵੇਂ ਵੇਖਣ ਨੂੰ ਕਮਜ਼ੋਰ ਹੈ, ਫਿਰ ਵੀ ਕੁਝ ਸੀਟਾਂ ਉੱਤੇ ਜਿੱਦਾਂ ਦਾ ਲੋਕਾਂ ਦਾ ਰੌਂਅ ਹੈ, ਉਹ ਇਸ ਚੋਣ ਵਿੱਚ ਅਣਕਿਆਸਿਆ ਰੰਗ ਦਿਖਾ ਸਕਦਾ ਹੈ। ਉਨ੍ਹਾਂ ਵਿੱਚ ਦੋ ਕਮਿਊਨਿਸਟ ਧਿਰਾਂ ਦੇ ਤਿੰਨ ਉਮੀਦਵਾਰ ਵੀ ਹਨ ਤੇ ਕਮਿਊਨਿਸਟਾਂ ਦਾ ਉੱਪਰਲਾ ਪ੍ਰਭਾਵ ਹੀ ਕਮਜ਼ੋਰ ਹੈ, ਹੇਠਲਾ ਆਧਾਰ ਕਈ ਮਾਰਾਂ ਖਾਣ ਪਿੱਛੋਂ ਵੀ ਹਾਲੇ ਤੱਕ ਕਾਇਮ ਮੰਨਿਆ ਜਾਂਦਾ ਹੈ। ਪੰਜਾਬ ਦੀਆਂ ਪੰਜ ਕੁ ਸੀਟਾਂ ਉੱਤੇ ਇਸ ਤਰ੍ਹਾਂ ਦੇ ਅਸਰ ਦੀ ਗੱਲ ਸੁਣੀ ਜਾ ਰਹੀ ਹੈ।
ਕੁੱਲ ਮਿਲਾ ਕੇ ਹਾਲੇ ਇਹ ਚੋਣ ਸਾਡੇ ਪੰਜਾਬ ਵਿੱਚ ਸ਼ੁਰੂ ਹੀ ਹੋਈ ਹੈ, ਇਸ ਮੌਕੇ ਕਿਸੇ ਧਿਰ ਦੀ ਅਗੇਤ ਜਾਂ ਪਿਛੇਤ ਦੇ ਬਾਰੇ ਕੁਝ ਕਹਿਣਾ ਸੰਭਵ ਨਹੀਂ। ਕੁਝ ਦਿਨ ਹੋਰ ਲੰਘ ਜਾਣ ਮਗਰੋਂ ਨਕਸ਼ਾ ਸਾਫ ਹੋਵੇਗਾ। ਹਾਲ ਦੀ ਘੜੀ ਇਹੋ ਕਹਿਣਾ ਠੀਕ ਰਹੇਗਾ ਕਿ ਪੰਜਾਬ ਦਾ ਚੋਣ ਘੋਲ ਇਸ ਵਾਰੀ ਠੰਢਾ ਨਹੀਂ ਰਹਿਣ ਵਾਲਾ। ਜਦੋਂ ਬਾਕੀ ਗੇੜ ਲੰਘ ਗਏ ਤੇ ਕੇਂਦਰ ਦੀ ਹਰ ਪਾਰਟੀ ਦੀ ਲੀਡਰਸ਼ਿਪ ਵੀ ਪੰਜਾਬ ਵਿੱਚ ਨਿਕਲ ਤੁਰੀ, ਅਸਲ ਰੰਗ ਓਦੋਂ ਹੀ ਸਾਹਮਣੇ ਆ ਸਕਣਗੇ।
-ਜਤਿੰਦਰ ਪਨੂੰ

1070 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper