Latest News
ਗੋਲਡਨ ਦੇ ਹੱਕ 'ਚ ਫਿਰੋਜ਼ਪੁਰ 'ਚ ਵਿਸ਼ਾਲ ਰੋਡ ਸ਼ੋਅ

Published on 15 May, 2019 11:20 AM.


ਫਿਰੋਜ਼ਪੁਰ (ਨਵਾਂ ਜ਼ਮਾਨਾ ਸਰਵਿਸ)
ਹੰਸ ਰਾਜ ਗੋਲਡਨ, ਜੋ ਪੰਜਾਬ ਜਮਹੂਰੀ ਗਠਜੋੜ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ, ਨੇ ਬੁੱਧਵਾਰ ਇੱਥੇ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ। ਇਸ ਮੌਕੇ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਆਗੂ ਅਤੇ ਗੋਲਡਨ ਦੇ ਸਮਰਥਕ ਵੱਡੀ ਗਿਣਤੀ ਵਿੱਚ ਉਨ੍ਹਾ ਨਾਲ ਸਨ। ਰੋਡ ਸ਼ੋਅ ਦੌਰਾਨ ਜਿੱਥੇ ਦੁਕਾਨਦਾਰਾਂ ਅਤੇ ਆਮ ਸ਼ਹਿਰੀਆਂ ਵੱਲੋਂ ਗੋਲਡਨ ਦਾ ਸਵਾਗਤ ਕੀਤਾ ਗਿਆ, ਓਥੇ ਵੱਖ-ਵੱਖ ਥਾਵਾਂ ਉੱਤੇ ਉਹਨਾ ਲੋਕਾਂ ਨੂੰ ਸੰਬੋਧਨ ਕੀਤਾ।ਉਹਨਾ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਂ ਵੱਟਿਆ ਹੈ, ਪਰ ਸਿੱਖ ਇਤਿਹਾਸ ਤੋਂ ਲੈ ਕੇ ਗ਼ਦਰ ਲਹਿਰ, ਬੱਬਰ ਅਕਾਲੀ, ਭਗਤ ਸਿੰਘ, ਊਧਮ ਸਿੰਘ ਵਰਗੇ ਦੇਸ਼ ਭਗਤਾਂ ਨਾਲ ਸੰਬੰਧਤ ਇਤਿਹਾਸਕ ਯਾਦਗਾਰਾਂ ਨੂੰ ਵੀ ਸੰਭਾਲਣ ਲਈ ਕੁਝ ਨਹੀਂ ਕੀਤਾ। ਉਹਨਾ ਕਿਹਾ ਕਿ ਫਿਰੋਜ਼ਪੁਰ ਇਤਿਹਾਸਕ ਸ਼ਹਿਰ ਹੈ, ਇੱਥੋਂ ਦੀਆਂ ਅਤੇ ਸਭ ਇਤਿਹਾਸਕ ਯਾਦਗਾਰਾਂ ਦੀ ਸੰਭਾਲ ਲਈ ਪਾਰਲੀਮੈਂਟ ਨੂੰ ਵੀ ਜਵਾਬਦੇਹ ਬਣਾਉਣ ਲਈ ਉਹ ਆਵਾਜ਼ ਉਠਾਉਣਗੇ।
ਉਹਨਾ ਕਿਹਾ ਕਿ ਅੱਜ ਕਿਸਾਨੀ ਜਿਣਸਾਂ, ਦੁਕਾਨਦਾਰਾਂ ਅਤੇ ਖਪਤਕਾਰਾਂ ਲਈ ਹੁਸੈਨੀਵਾਲਾ ਬਾਰਡਰ ਖੋਲ੍ਹਣਾ ਸਮੇਂ ਦੀ ਲੋੜ ਹੈ। ਦੋਵਾਂ ਮੁਲਕਾਂ ਦੀਆਂ ਵਸਤਾਂ ਦਾ ਇੱਕ-ਦੂਜੇ ਨਾਲ ਵਟਾਂਦਰਾ ਅਤੇ ਵਪਾਰ ਦੋਵਾਂ ਮੁਲਕਾਂ ਦੇ ਲੋਕਾਂ ਅਤੇ ਕਾਰੋਬਾਰੀਆਂ ਲਈ ਲਾਹੇਵੰਦ ਹੈ।
ਗੋਲਡਨ ਨੇ ਕਿਹਾ ਕਿ ਮੋਦੀ ਦੇ ਵਿਦੇਸ਼ੀ ਦੌਰਿਆਂ ਦਾ ਮੁਲਕ ਨੂੰ ਧੇਲੇ ਦਾ ਵੀ ਫਾਇਦਾ ਨਹੀਂ ਹੋਇਆ, ਪਰ ਹੁਸੈਨੀਵਾਲਾ ਬਾਰਡਰ ਖੁੱਲ੍ਹਣ ਨਾਲ ਲੋਕਾਂ ਦਾ ਜਿੱਥੇ ਕਾਰੋਬਾਰ ਵਧੇ-ਫੁੱਲੇਗਾ, ਓਥੇ ਭਾਈਚਾਰਕ ਸਾਂਝ ਵੀ ਮਜ਼ਬੂਤ ਹੋਵੇਗੀ, ਇਸ ਲਈ ਉਹ ਪਾਰਲੀਮੈਂਟ ਵਿੱਚ ਜਾ ਕੇ ਇਹਦੇ ਲਈ ਯਤਨ ਕਰਨਗੇ।
ਇਸ ਰੋਡ ਸ਼ੋਅ ਮੌਕੇ ਉਨ੍ਹਾ ਨਾਲ ਐਡਵੋਕੇਟ ਚਰਨਜੀਤ ਛਾਂਗਾਰਾਏ, ਸੁਸ਼ਮਾ ਗੋਲਡਨ, ਬਲਵਿੰਦਰ ਮੱਲਵਾਲ ਜ਼ਿਲ੍ਹਾ ਪ੍ਰਧਾਨ ਬਸਪਾ, ਕੁਲਭਾਨੂੰ ਕੁਮਾਰ ਯੂ ਪੀ, ਆਰ ਐੱਮ. ਪੀ. ਆਈ. ਦੇ ਬਲਵੀਰ ਕਾਠਗੜ੍ਹ, ਕ੍ਰਿਸ਼ਨ ਜਾਗੋਵਾਲੀਆ, ਕਰਮਵੀਰ ਕੌਰ ਬੱਧਨੀ, ਬਲਵੰਤ ਚੌਹਾਣਾ, ਨਰਿੰਦਰ ਢਾਬਾਂ, ਮੰਜੂ ਬਾਲਾ, ਪ੍ਰਕਾਸ਼ ਕੌਰ, ਰਾਕੇਸ਼ ਲਾਹੌਰਾ ਹਲਕਾ ਪ੍ਰਧਾਨ ਸ਼ਹਿਰ ਬਸਪਾ, ਜਸਵੀਰ ਭੁੱਲਰ ਜ਼ਿਲ੍ਹਾ ਪ੍ਰਧਾਨ ਲੋਕ ਇਨਸਾਫ ਪਾਰਟੀ, ਬਲਵਿੰਦਰ ਸੂਬਾ ਕਦੀਮ, ਸੰਤ ਰਾਮ, ਵਿਸ਼ਲਦੀਪ ਵਲਟੋਹਾ, ਹਰਭਜਨ ਛੱਪੜੀਵਾਲਾ, ਕਰਨੈਲ ਸਿੰਘ ਛਾਂਗਾ ਖੁਰਦ, ਮਨੀਸ਼ਾ ਮਹੇਸਰੀ, ਅਰਵਿੰਦ ਸੋਨੀ, ਰੇਸ਼ਮ ਭੱਟੀ, ਹਰੀ ਸਿੰਘ, ਰਾਕੇਸ਼ ਭਾਰਤੀ, ਰਾਜਾ ਸੁਭਾਸ਼ ਚੰਦਰ, ਪ੍ਰੇਮ ਸਭਰਵਾਲ, ਅਸ਼ੋਕ ਗਾਂਧੀ ਨਗਰ ਤੇ ਬੂਟਾ ਸਿੰਘ ਬਾਘੇਵਾਲਾ ਆਦਿ ਆਗੂ ਹਾਜ਼ਰ ਸਨ।

595 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper