Latest News
ਕੌਣ ਸਨ ਵਿਦਿਆਸਾਗਰ

Published on 16 May, 2019 11:53 AM.


ਕੋਲਕਾਤਾ ਵਿੱਚ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਤੋੜ ਦਿੱਤੀ ਗਈ। ਈਸ਼ਵਰ ਚੰਦਰ ਵਿਦਿਆਸਾਗਰ ਬੰਗਾਲ ਦੀ ਪੁਨਰ ਜਾਗ੍ਰਤੀ ਤੇ ਸੁਧਾਰਵਾਦੀ ਲਹਿਰ ਦੀ ਪ੍ਰਮੁੱਖ ਹਸਤੀ ਸਨ। ਸੰਨ 1820 ਵਿੱਚ ਇੱਕ ਗਰੀਬ ਬ੍ਰਾਹਮਣ ਪਰਵਾਰ ਵਿੱਚ ਜਨਮ ਲੈਣ ਵਾਲੇ ਵਿਦਿਆਸਾਗਰ ਨੇ ਜਵਾਨੀ ਵਿੱਚ ਪੈਰ ਧਰਦਿਆਂ ਹੀ ਦਕਿਆਨੂਸੀ ਬ੍ਰਾਹਮਣਵਾਦੀ ਰਵਾਇਤਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ 1941 ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਸੰਸਕ੍ਰਿਤ ਕਾਲਜ ਦੇ ਮੁਖੀ ਬਣ ਗਏ। ਆਪਣੇ ਮਾਨਵਵਾਦੀ ਵਿਚਾਰਾਂ ਉੱਤੇ ਪਹਿਰਾ ਦਿੰਦਿਆਂ ਉਨ੍ਹਾ ਬਿਨਾਂ ਜਾਤੀ ਤੇ ਲਿੰਗ-ਭੇਦ ਦੇ ਕਾਲਜ ਦੇ ਦਰ ਸਭ ਲਈ ਖੋਲ੍ਹ ਦਿੱਤੇ। ਉਨ੍ਹਾ ਕਾਲਜ ਵਿੱਚ ਅਧਿਆਪਕ ਲੱਗਣ ਲਈ ਰੱਖੀ ਗਈ ਬ੍ਰਾਹਮਣ ਹੋਣ ਦੀ ਸ਼ਰਤ ਵੀ ਹਟਾ ਦਿੱਤੀ। ਉਨ੍ਹਾਂ ਸੰਸਕ੍ਰਿਤ ਦੀ ਥਾਂ ਬੰਗਲਾ ਭਾਸ਼ਾ ਨੂੰ ਪਹਿਲ ਦਿੱਤੀ ਅਤੇ ਇਸ ਲਈ ਨਵੀਂ ਲਿਪੀ ਤਿਆਰ ਕੀਤੀ। ਉਨ੍ਹਾ ਦੀ ਇਸ ਪ੍ਰਾਪਤੀ ਬਾਰੇ ਰਬਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਉਨ੍ਹਾ ਦਾ ਇਹ ਇੱਕੋ ਕੰਮ ਹੀ ਬੰਗਾਲੀ ਸਮਾਜ ਲਈ ਵੱਡਾ ਯੋਗਦਾਨ ਹੈ।
ਵਿਦਿਆਸਾਗਰ ਨੂੰ ਸਿਰਫ਼ ਉਨ੍ਹਾ ਦੀ ਬੰਗਲਾ ਭਾਸ਼ਾ ਸੰਬੰਧੀ ਦੇਣ ਬਾਰੇ ਹੀ ਯਾਦ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾ ਹਿੰਦੂਆਂ ਵਿੱਚ ਪ੍ਰਚਲਤ ਮਨੂੰਵਾਦੀ ਅੰਧ-ਵਿਸ਼ਵਾਸਾਂ ਨੂੰ ਤੋੜਨ ਲਈ ਕਾਬਲੇ ਜ਼ਿਕਰ ਕੰਮ ਕੀਤਾ। ਉਨ੍ਹਾਂ ਲੜਕੀਆਂ ਦੀ ਪੜ੍ਹਾਈ ਦਾ ਬੀੜਾ ਚੁੱਕਿਆ ਅਤੇ ਆਪਣੇ ਖਰਚੇ ਉੱਤੇ ਕੁੜੀਆਂ ਦੇ 35 ਸਕੂਲ ਖੋਲ੍ਹੇ, ਜਿਨ੍ਹਾਂ ਵਿੱਚ ਉਸ ਸਮੇਂ 1300 ਵਿਦਿਆਰਥਣਾਂ ਪੜ੍ਹਦੀਆਂ ਸਨ। ਉਨ੍ਹਾਂ ਉਸ ਸਮੇਂ ਦੇ ਸਮਾਜ ਵਿੱਚ ਪ੍ਰਚਲਤ ਵਿਧਵਾਵਾਂ ਦੇ ਵਿਆਹ ਦੀ ਮਨਾਹੀ ਦਾ ਡਟ ਕੇ ਵਿਰੋਧ ਕੀਤਾ ਅਤੇ ਸਮੂਹਿਕ ਵਿਆਹ ਸਮਾਰੋਹ ਜਥੇਬੰਦ ਕੀਤੇ। ਉਨ੍ਹਾ ਆਪਣੇ ਇੱਕੋ-ਇੱਕ ਬੇਟੇ ਦਾ ਵਿਆਹ ਵੀ ਇੱਕ ਬਾਲ ਵਿਧਵਾ ਨਾਲ ਕੀਤਾ। ਸੰਨ 1855 ਵਿੱਚ ਵਿਦਿਆਸਾਗਰ ਨੇ ਭਾਰਤ ਦੇ ਗਵਰਨਰ ਜਨਰਲ ਨੂੰ ਇੱਕ ਦਰਖਾਸਤ ਦੇ ਕੇ ਮੰਗ ਕੀਤੀ ਕਿ ਵਿਧਵਾ ਵਿਆਹ ਉੱਤੇ ਲੱਗੀ ਰੋਕ ਹਟਾਈ ਜਾਵੇ। ਉਨ੍ਹਾ ਦੇ ਯਤਨਾਂ ਸਦਕਾ ਹੀ 1856 ਵਿੱਚ ਕਾਨੂੰਨ ਪਾਸ ਕਰਕੇ ਵਿਧਵਾ ਵਿਆਹ ਉੱਤੇ ਲੱਗੀਆਂ ਸਭ ਮਨੂੰਵਾਦੀ ਰੋਕਾਂ ਨੂੰ ਹਟਾ ਦਿੱਤਾ ਗਿਆ।
ਉਸ ਸਮੇਂ ਤੋਂ ਹੀ ਵਿਦਿਆਸਾਗਰ ਮਨੂੰਵਾਦੀਆਂ ਦੀਆਂ ਅੱਖਾਂ ਵਿੱਚ ਰੜਕਦੇ ਰਹੇ ਹਨ। ਉਨ੍ਹਾ ਦੇ ਜੀਂਦੇ ਜੀ ਤਾਂ ਮਨੂੰਵਾਦੀ ਤਾਕਤਾਂ ਉਨ੍ਹਾ ਦਾ ਕੁਝ ਨਹੀਂ ਵਿਗਾੜ ਸਕੀਆਂ, ਪਰ ਹੁਣ 200 ਸਾਲ ਬੀਤ ਜਾਣ ਤੋਂ ਬਾਅਦ ਉਨ੍ਹਾ ਦੀ ਮੂਰਤੀ ਨੂੰ ਤੋੜ ਕੇ ਆਪਣੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਗਿਆ ਹੈ ।
ਹੁਣ ਜਦੋਂ ਸਮੁੱਚਾ ਬੰਗਾਲੀ ਸਮਾਜ ਇਸ ਗੁੰਡਾਗਰਦੀ ਵਿਰੁੱਧ ਲੋਹਾ-ਲਾਖਾ ਹੋਇਆ ਪਿਆ ਹੈ ਤਾਂ ਬੀ ਜੇ ਪੀ ਪ੍ਰਧਾਨ ਅਮਿਤ ਸ਼ਾਹ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹੁਣ ਉਹ ਇਹ ਝੂਠ ਬੋਲ ਰਿਹਾ ਹੈ ਕਿ ਵਿਦਿਆ ਸਾਗਰ ਦੀ ਮੂਰਤੀ ਭਾਜਪਾ ਵਰਕਰਾਂ ਨੇ ਨਹੀਂ, ਟੀ ਐੱਮ ਸੀ ਦੇ ਵਰਕਰਾਂ ਨੇ ਤੋੜੀ ਹੈ। ਵਿਦਿਆਸਾਗਰ ਕਾਲਜ ਦੇ ਪ੍ਰਿੰਸੀਪਲ ਗੌਤਮ ਕੁੰਡੂ ਨੇ ਕਿਹਾ ਹੈ ਕਿ ਭਾਜਪਾ ਸਮੱਰਥਕ ਪਾਰਟੀ ਦਾ ਝੰਡਾ ਲੈ ਕੇ ਸਾਡੇ ਦਫ਼ਤਰ ਵਿੱਚ ਘੁਸੇ ਅਤੇ ਮੇਰੇ ਨਾਲ ਬਦਸਲੂਕੀ ਕੀਤੀ। ਉਨ੍ਹਾਂ ਦਫ਼ਤਰ ਦੇ ਰਿਕਾਰਡ ਨੂੰ ਪਾੜਿਆ ਅਤੇ ਕਮਰੇ ਵਿੱਚ ਤੋੜ-ਫੋੜ ਕੀਤੀ ਅਤੇ ਜਾਂਦੇ ਹੋਏ ਵਿਦਿਆਸਾਗਰ ਦੀ ਮੂਰਤੀ ਨੂੰ ਤੋੜ ਦਿੱਤਾ। ਉਨ੍ਹਾਂ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਮੋਟਰ ਸਾਈਕਲਾਂ ਨੂੰ ਸਾੜ ਦਿੱਤਾ। ਇਸ ਸੰਬੰਧੀ ਟੀ ਐੱਮ ਸੀ ਨੇ ਤਿੰਨ ਵੀਡੀਓ ਜਾਰੀ ਕਰਕੇ ਇਹ ਸਾਬਤ ਕੀਤਾ ਹੈ ਕਿ ਇਹ ਘਟੀਆ ਹਰਕਤ ਬੀ ਜੇ ਪੀ ਵਾਲਿਆਂ ਨੇ ਹੀ ਕੀਤੀ ਸੀ।
ਇਸ ਦੇ ਨਾਲ ਹੀ ਇੱਕ ਹੋਰ ਘਟਨਾ ਅਮਿਤ ਸ਼ਾਹ ਦੇ ਦਾਅਵੇ ਨੂੰ ਨਕਾਰਦੀ ਹੈ ਤੇ ਮਮਤਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਬਲ ਬਖਸ਼ਦੀ ਹੈ।
ਅਮਿਤ ਸ਼ਾਹ ਦੇ ਰੋਡ ਸ਼ੋਅ ਤੋਂ ਇੱਕ ਦਿਨ ਪਹਿਲਾਂ ਬਾਰਾਸਾਟ ਲੋਕ ਸਭਾ ਹਲਕੇ ਤੋਂ ਟੀ ਐੱਮ ਸੀ ਦੇ ਉਮੀਦਵਾਰ ਕਾਕੋਲੀ ਘੋਸ਼ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਇੱਕ ਸਥਾਨਕ ਹੋਟਲ ਵਿੱਚ ਗੁਜਰਾਤ ਤੋਂ ਕੁਝ ਭਾਜਪਾ ਕਾਰਕੁੰਨ ਆਏ ਹੋਏ ਹਨ, ਜਿਹੜੇ ਆਖ਼ਰੀ ਪੜਾਅ ਦੀਆਂ ਵੋਟਾਂ ਸਮੇਂ ਗੜਬੜ ਕਰ ਸਕਦੇ ਹਨ। ਪੁਲਸ ਨੇ ਇਨ੍ਹਾਂ ਨੂੰ ਹੋਟਲ ਤੋਂ ਬਾਹਰ ਕੱਢਿਆ ਤੇ ਉਹ ਇੱਕ ਸਥਾਨਕ ਭਾਜਪਾ ਵਰਕਰ ਤੁਹਿਨ ਮਾਡਲ ਦੇ ਘਰ ਪਹੁੰਚ ਗਏ। ਇਹ ਲੋਕ ਅਮਿਤ ਸ਼ਾਹ ਦੇ ਰੋਡ ਸ਼ੋਅ ਲਈ ਹੀ ਆਏ ਸਨ। ਇਸ ਦੌਰਾਨ ਟੀ ਐੱਮ ਸੀ ਉਮੀਦਵਾਰ ਤੇ ਉਸ ਦੇ ਸਮੱਰਥਕਾਂ ਅਤੇ ਭਾਜਪਾ ਕਾਰਕੁਨਾਂ ਵਿੱਚ ਝਗੜਾ ਵੀ ਹੋਇਆ ਸੀ।
ਹੁਣ ਜਦੋਂ ਮਮਤਾ ਬੈਨਰਜੀ ਇਹ ਦੋਸ਼ ਲਾ ਰਹੀ ਹੈ ਕਿ ਵਿਦਿਆਸਾਗਰ ਦੀ ਮੂਰਤੀ ਤੋੜਨ ਵਾਲੇ ਬਾਹਰਲੇ ਸੂਬਿਆਂ ਤੋਂ ਮੰਗਵਾਏ ਗਏ ਗੁੰਡੇ ਸਨ ਤਾਂ ਉਸ ਦੇ ਦੋਸ਼ਾਂ ਵਿੱਚ ਦਮ ਲੱਗਦਾ ਹੈ। ਅਮਿਤ ਸ਼ਾਹ ਸ਼ਾਇਦ ਇਹ ਭੁੱਲ ਗਏ ਕਿ ਭੀੜ ਤਾਂ ਭੀੜ ਹੁੰਦੀ ਹੈ। ਪਿਛਲੇ ਪੰਜ ਸਾਲ ਤੁਸੀਂ ਜਿਸ ਭੀੜ ਦੇ ਸਿਰ ਉੱਤੇ ਵਿਰੋਧੀਆਂ ਨੂੰ ਡਰਾਉਂਦੇ ਰਹੇ ਹੋ, ਉਸ ਦੇ ਲਈ ਪੇਰਿਆਰ ਹੋਵੇ, ਅੰਬੇਦਕਰ ਹੋਵੇ ਜਾਂ ਫਿਰ ਵਿਦਿਆਸਾਗਰ ਕੋਈ ਮਾਅਨੇ ਨਹੀਂ ਰੱਖਦਾ। ਉਨ੍ਹਾਂ ਦਾ ਤਾਂ ਇੱਕੋ ਮਕਸਦ ਹੈ ਇਸ ਸਮਾਜ ਤੇ ਇਸ ਵਿਚਲੀ ਹਰ ਚੰਗਿਆਈ ਨੂੰ ਤਹਿਸ-ਨਹਿਸ ਕਰਨਾ। ਬੰਗਾਲ ਵਿੱਚ ਸੰਘੀ ਗੁੰਡਿਆਂ ਨੇ ਵਿਦਿਆਸਾਗਰ ਦੀ ਮੂਰਤੀ ਤੋੜ ਕੇ ਸਮੁੱਚੇ ਸਮਾਜ ਨੂੰ ਇਹ ਸੁਨੇਹਾ ਦੇ ਦਿੱਤਾ ਹੈ ਕਿ ਹੁਸ਼ਿਆਰ ਹੋ ਜਾਓ, ਹਾਲੇ ਬਹੁਤ ਕੁਝ ਟੁੱਟਣ ਵਾਲਾ ਹੈ।

1127 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper