ਨਵੀਂ ਦਿੱਲੀ : ਬਸਪਾ ਸੁਪਰੀਮੋ ਮਾਇਆਵਤੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸੋਮਵਾਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਚੋਣ ਪ੍ਰਚਾਰ ਦੌਰਾਨ ਕਾਂਗਰਸ 'ਤੇ ਤਿੱਖੇ ਹਮਲੇ ਕਰਨ ਵਾਲੀ ਮਾਇਆਵਤੀ ਦਾ ਇਹ ਕਦਮ ਹੈਰਾਨ ਕਰਨ ਵਾਲਾ ਹੈ। ਭਾਜਪਾ ਵਿਰੋਧੀ ਗਠਜੋੜ ਬਣਾਉਣ ਲਈ ਸਰਗਰਮ ਆਂਧਰਾ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਸ਼ਨੀਵਾਰ ਲਖਨਊ ਵਿਚ ਮਾਇਆਵਤੀ ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਉਹ ਦਿੱਲੀ ਵਿਚ ਸ਼ਰਦ ਪਵਾਰ ਤੇ ਸ਼ਰਦ ਯਾਦਵ ਨੂੰ ਮਿਲੇ ਸਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਯੂ ਪੀ ਏ ਤੋਂ ਬਾਹਰ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਇਆਵਤੀ ਪ੍ਰਧਾਨ ਮੰਤਰੀ ਬਣਨ ਦਾ ਕਈ ਵਾਰ ਇਰਾਦਾ ਜ਼ਾਹਰ ਕਰ ਚੁੱਕੇ ਹਨ ਤੇ ਅਖਿਲੇਸ਼ ਵੀ ਉਨ੍ਹਾ ਦੀ ਹਮਾਇਤ ਕਰ ਚੁੱਕੇ ਹਨ। ਹੁਣ ਦੇਖਣ ਵਾਲੀ ਗੱਲ ਹੈ ਕਿ ਸੋਮਵਾਰ ਦੀ ਮੀਟਿੰਗ ਵਿਚੋਂ ਕੀ ਨਿਕਲ ਕੇ ਬਾਹਰ ਆਉਂਦਾ ਹੈ।
ਕਾਂਗਰਸੀ ਆਗੂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕਿਸੇ ਵੀ ਧਰਮ-ਨਿਰਲੇਪ ਗਠਜੋੜ ਦੀ ਅਗਵਾਈ ਕਰਨ ਲਈ ਤਿਆਰ ਹਨ। ਚੋਣਾਂ ਤੋਂ ਪਹਿਲਾਂ ਮਾਇਆਵਤੀ ਦਾ ਕਾਂਗਰਸ ਪ੍ਰਤੀ ਰੁਖ ਸਖਤ ਸੀ। ਉਨ੍ਹਾ ਯੂ ਪੀ ਵਿਚ ਗਠਜੋੜ ਤੋਂ ਸਾਫ ਨਾਂਹ ਕਰ ਦਿੱਤੀ ਸੀ।