Latest News
ਗੈਂਗਸਟਰ ਅਕਸ਼ੈ ਪਹਿਲਵਾਨ ਕਾਬੂ

Published on 10 Jun, 2019 11:30 AM.


ਰੂਪਨਗਰ (ਗੁਰਮੀਤ ਸਿੰਘ ਖੰਗੂੜਾ)
ਰੂਪਨਗਰ ਪੁਲਸ ਨੇ ਇੱਕ ਮੁੱਠਭੇੜ ਦੌਰਾਨ ਉੱਤਰੀ ਭਾਰਤ ਦੇ ਖਤਰਨਾਕ ਇਨਾਮੀ ਗੈਂਗਸਟਰ ਅਕਸ਼ੈ ਪਹਿਲਵਾਨ ਉਰਫ ਕਾਲੀ ਨੂੰ ਕਾਬੂ ਕਰ ਲਿਆ ਹੈ। ਇਸ ਗੈਂਗਸਟਰ 'ਤੇ ਹਰਿਆਣਾ 'ਚ ਕਤਲ ਦੇ 15, ਹਾਈਵੇ ਡਕੈਤੀ ਦੇ 20 ਮੁਕੱਦਮੇ ਦਰਜ ਹਨ। ਇਹ ਹਰਿਆਣਾ ਅਤੇ ਰਾਜਸਥਾਨ ਪੁਲਸ ਨੂੰ ਲੌੜੀਦਾ ਸੀ। ਇਸ ਦੇ ਸਿਰ 'ਤੇ ਹਰਿਆਣਾ ਪੁਲਸ ਵੱਲੋ 4 ਲੱਖ ਰੁਪਏ ਅਤੇ ਰਾਜਸਥਾਨ ਪੁਲਸ ਵੱਲੋ 10 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਹ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ 3 ਖਤਰਨਾਕ ਗੈਂਗਾਂ ਨਾਲ ਜੁੜਿਆ ਹੋਇਆ ਹੈ।
ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ 'ਚੋਂ ਇਸ ਨੂੰ ਕਾਬੂ ਕੀਤਾ ਹੈ। ਮੁੱਠਭੇੜ ਦੌਰਾਨ ਇਸ ਨੇ ਪੁਲਸ 'ਤੇ 6 ਫਾਇਰ ਕੀਤੇ ਅਤੇ ਪੁਲਸ ਨੇ ਵੀ 3 ਫਾਇਰ ਕੀਤੇ। ਸੀ ਆਈ ਏ ਅਤੇ ਸਥਾਨਕ ਪੁਲਸ ਦੀਆਂ ਟੀਮਾਂ ਵੱਲੋਂ ਗੋਲੀਬਾਰੀ ਦੌਰਾਨ ਇਸ ਦੀਆਂ ਗੋਲੀਆਂ ਖਤਮ ਹੋਣ 'ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਐੱਸ ਐੱਸ ਪੀ ਨੇ ਜਾਣਕਾਰੀ ਦਿੱਤੀ ਕਿ 19 ਸਾਲ ਦੀ ਉਮਰ ਵਿਚ ਅਕਸ਼ੈ ਜਨਤਕ ਅਤੇ ਭਿਆਨਕ ਕਤਲ ਦੇ ਮਾਮਲਿਆਂ ਵਿੱਚ ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਲੋੜੀਂਦਾ ਸੀ। ਇਹ ਸਤੰਬਰ 2015 ਵਿੱਚ 18 ਮਹੀਨਿਆਂ ਲਈ ਸੋਨੀਪਤ (ਹਰਿਆਣਾ) ਵਿੱਚ ਤਿੰਨ ਭਿਆਨਕ ਹੱਤਿਆ ਦੇ ਕੇਸਾਂ ਵਿੱਚ ਜੇਲ੍ਹ ਗਿਆ ਸੀ। ਨਾਬਾਲਗ ਹੋਣ ਕਾਰਨ ਇਹ 2017 ਤੋਂ ਜ਼ਮਾਨਤ 'ਤੇ ਸੀ। ਜੇਲ੍ਹ ਤੋਂ ਬਾਹਰ ਆਉਣ 'ਤੇ ਇਹ ਦਿੱਲੀ ਸਥਿਤ ਸੋਨੀਪਤ ਦੇ ਰਾਜੂ ਬਿਸੋਦੀ ਨਾਂਅ ਦੇ ਇਕ ਗੈਂਗਸਟਰ ਨਾਲ ਜੁੜਿਆ, ਜਿੱਥੇ ਇਹ 3 ਕਤਲ, ਲੁੱਟ ਅਤੇ ਫਿਰੌਤੀ ਦੇ ਮਾਮਲਿਆਂ ਵਿਚ ਸ਼ਾਮਲ ਸੀ। ਇਹ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ ਵਿਚ ਪਸ਼ੂ ਤਸਕਰੀ ਦਾ ਸੰਗਠਿਤ ਰੈਕੇਟ ਚਲਾਉਂਦਾ ਸੀ।
ਪਿਛਲੇ ਦੋ ਸਾਲਾਂ ਵਿੱਚ ਇਹ ਜੇਲ੍ਹ ਵਿੱੱਚ ਬੰਦ ਗੈਂਗਸਟਰ ਲੌਰੇਨਸ ਬਿਸ਼ਨੋਈ ਨਾਲ ਵੀ ਜੁੜਿਆ। ਇਸ ਗਰੋਹ ਦੇ ਮੈਂਬਰਾਂ ਦੇ ਨਾਲ ਇਸ ਨੇ 4 ਕਤਲ ਅਤੇ 6 ਹਾਈਵੇ ਡਕੈਤੀਆਂ ਕੀਤੀਆ। ਮਾਰਚ 2017 ਵਿੱਚ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਬਾਅਦ ਇਸ ਨੇ 10 ਹਾਈਵੇ ਡਕੈਤੀਆਂ ਕੀਤੀਆਂ ਅਤੇ ਲੱਗਭੱਗ 50 ਲੱਖ ਰੁਪਏ ਲੁੱਟੇ। ਸਤੰਬਰ 2015 ਵਿਚ ਇਸ ਨੇ ਕੁੰਡਲੀ, ਸੋਨੀਪਤ ਵਿਖੇ ਭੀੜ ਭਰੀ ਮਾਰਕੀਟ ਵਿਚ ਪਿਤਾ ਅਤੇ ਪੁੱਤਰ ਨੂੰ ਗੋਲੀ ਮਾਰੀ ਸੀ। 2018 ਵਿੱਚ ਰਾਜਗੜ੍ਹ, ਚੁਰੂ (ਰਾਜਸਥਾਨ) ਜੱਜ ਦੀ ਕੋਰਟ ਵਿੱਚ 2 ਵਿਅਕਤੀਆਂ ਨੂੰ ਸ਼ੂਟ ਕੀਤਾ। ਬਾਅਦ ਵਿੱਚ ਜੂਨ, 2018 ਵਿੱਚ ਵਿਰੋਧੀ ਗੈਂਗ ਮੈਂਬਰ ਜੌਰਡਨ ਨੂੰ ਹਨੂਮਾਨਗੜ੍ਹ (ਰਾਜਸਥਾਨ) ਵਿੱਚ ਇਕ ਜਿਮ ਵਿੱਚ ਗੋਲੀ ਮਾਰੀ ਸੀ। ਉਹਨਾ ਦੱਸਿਆ ਕਿ ਇਸ ਗਰੋਹ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਕੈਨੇਡਾ ਵਿੱਚ ਬੈਠੇ ਇਨ੍ਹਾਂ ਦੇ ਸਾਬਕਾ ਸਹਿਯੋਗੀ ਵੱਲੋਂ ਚਲਾਇਆ ਜਾ ਰਿਹਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਕਈ ਸਾਥੀ ਫਰਜ਼ੀ ਪਾਸਪੋਰਟ ਅਤੇ ਦਸਤਾਵੇਜ਼ਾਂ ਦੀ ਮਦਦ ਨਾਲ ਦੇਸ਼ ਛੱਡ ਕੇ ਚਲੇ ਗਏ ਹਨ। ਦੇਖਿਆ ਗਿਆ ਕਿ ਸਾਰੀਆਂ ਹੱਤਿਆਵਾਂ ਇੰਟਰ ਗੈਂਗ ਦੁਸ਼ਮਣੀ ਜਾਂ 'ਸੁਪਾਰੀ' ਹੱਤਿਆ ਦਾ ਨਤੀਜਾ ਸਨ।
ਐੱਸ ਐੱਸ ਪੀ ਨੇ ਦੱਸਿਆ ਕਿ ਪੁਰਾਣੀ ਦੁਸ਼ਮਣੀ ਦੇ ਚੱਲਦੇ ਅਕਸ਼ੈ ਸੋਨੀਪਤ ਵਿੱਚ ਇਕ ਵਿਅਕਤੀ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਨੇ ਹੱਤਿਆ ਕਰਨ ਲਈ ਪਹਿਲਾ ਹੀ ਰੇਕੀ ਕਰ ਲਈ ਸੀ। ਇਹ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਵਿਚ ਹਥਿਆਰ ਆਦਿ ਦਾ ਪ੍ਰਬੰਧ ਕਰਨ ਲਈ ਆਇਆ ਸੀ। ਇਸ ਦੇ ਕਬਜ਼ੇ ਵਿੱਚੋਂ 32 ਬੋਰ ਦੇ ਤਿੰਨ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਮਹੀਨਿਆਂ ਵਿਚ ਰੂਪਨਗਰ ਪੁਲਸ ਨੇ 9 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਖੰਨਾ, ਫਤਿਹਗੜ੍ਹ ਸਾਹਿਬ, ਤਰਨ ਤਾਰਨ ਅਤੇ ਨੰਦੇੜ (ਮਹਾਰਾਸ਼ਟਰ) ਦੇ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸ਼ਾਮਲ ਹਨ।

449 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper