Latest News
ਸ਼ਹੀਦ ਕੇਤਨ ਦੀ ਮਾਂ ਨੇ ਕਿਹਾ 'ਕੋਈ ਹੋਰ ਤਾਂ ਨਹੀਂ, ਚੰਗੀ ਤਰ੍ਹਾਂ ਦੇਖ ਲਓ

Published on 18 Jun, 2019 11:05 AM.

'ਮੇਰਠ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ 'ਚ ਫੌਜ 'ਚ ਮੇਜਰ ਕੇਤਨ ਸ਼ਰਮਾ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਅਚਬਲ 'ਚ ਹੋਏ ਮੁਕਾਬਲੇ 'ਚ ਮੇਜਰ ਕੇਤਨ ਸ਼ਰਮਾ ਸ਼ਹੀਦ ਹੋ ਗਏ ਹਨ। ਸ਼ਹੀਦ ਕੇਤਨ ਸ਼ਰਮਾ 20 ਦਿਨ ਪਹਿਲਾਂ ਹੀ 27 ਮਈ ਨੂੰ ਛੁੱਟੀ ਤੋਂ ਵਾਪਸ ਡਿਊਟੀ 'ਤੇ ਗਏ ਸਨ। 32 ਸਾਲਾ ਕੇਤਨ ਸ਼ਰਮਾ ਦਾ ਮ੍ਰਿਤਕ ਸਰੀਰ ਮੰਗਲਵਾਰ ਨੂੰ ਉਨ੍ਹਾਂ ਦੇ ਘਰ ਮੇਰਠ ਪਹੁੰਚਾਇਆ ਗਿਆ। ਮੰਗਲਵਾਰ ਨੂੰ ਭਾਰਤੀ ਫੌਜ ਦੇ ਅਧਿਕਾਰੀ ਉਤਰ ਪ੍ਰਦੇਸ਼ ਸਥਿਤ ਮੇਰਠ 'ਚ ਕੇਤਨ ਸ਼ਰਮਾ ਦੇ ਨਿਵਾਸ 'ਤੇ ਪਹੁੰਚੇ। ਇੱਥੇ ਉਨ੍ਹਾ ਦੇ ਘਰ 'ਚ ਅਧਿਕਾਰੀਆਂ ਨੇ ਪਰਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਦਿਲਾਸਾ ਦਿੱਤਾ। ਕੇਤਨ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਸ਼ਹੀਦ ਦੇ ਘਰ ਲੋਕਾਂ ਦਾ ਤਾਂਤਾ ਲੱਗ ਗਿਆ। ਡੀ ਐੱਮ ਅਨਿਲ ਢੀਂਗਾ, ਭਾਜਪਾ ਵਿਧਾਇਕ ਸਤਿਆ ਪ੍ਰਕਾਸ਼ ਅਗਰਵਾਲ ਅਤੇ ਸ਼ਹਿਰ ਦੇ ਪਤਵੰਤੇ ਸ਼ਹੀਦ ਦੇ ਘਰ ਪਹੁੰਚੇ ਅਤੇ ਪਰਵਾਰ ਨੂੰ ਦਿਲਾਸਾ ਦਿੱਤਾ।
ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸ਼ਹੀਦ ਮੇਜਰ ਕੇਤਨ ਸ਼ਰਮਾ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਉਨ੍ਹਾ ਦੇ ਪਰਵਾਰ ਨੂੰ 25 ਲੱਖ ਦੀ ਮਦਦ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੇਜਰ ਦੀ ਯਾਦ 'ਚ ਮੇਰਠ ਦੀ ਇੱਕ ਸੜਕ ਦਾ ਨਾਮਕਰਨ ਵੀ ਹੋਵੇਗਾ। ਮੰਗਲਵਾਰ ਨੂੰ ਜਦ ਫੌਜੀ ਅਧਿਕਾਰੀ ਕੇਤਨ ਸ਼ਰਮਾ ਦੇ ਘਰ ਪਹੁੰਚੇ ਤਾਂ ਉਨ੍ਹਾ ਦੀ ਮਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾ ਦੀ ਮਾਂ ਨੇ ਕਿਹਾ, 'ਮੇਰਾ ਪੁੱਤਰ ਸ਼ੇਰ ਸੀ ਨਾ...।' ਸ਼ਹੀਦ ਕੇਤਨ ਸ਼ਰਮਾ ਦੀ ਮਾਂ ਲਗਾਤਾਰ ਫੌਜ ਦੇ ਅਫ਼ਸਰਾਂ ਨੂੰ ਪੁੱਛ ਰਹੀ ਸੀ ਕਿ ਕੋਈ ਹੋਰ ਤਾਂ ਨਹੀਂ ਹੈ, ਕੀ ਪਤਾ ਗਲਤ ਹੋਵੇ, ਇੱਕ ਚੰਗੀ ਤਰ੍ਹਾਂ ਦੇਖ ਲਓ। ਪਰਵਾਰ ਦੇ ਇਕਲੌਤੇ ਪੁੱਤਰ ਕੇਤਨ ਸ਼ਰਮਾ ਆਪਣੇ ਪਿੱਛੇ ਪਤਨੀ ਈਰਾ ਅਤੇ ਪੰਜ ਸਾਲ ਦੀ ਪੁੱਤਰੀ ਕਾਇਰਾ ਨੂੰ ਛੱਡ ਗਏ ਹਨ।

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper