Latest News
ਮੈਂ ਵੀ ਚੌਕੀਦਾਰ ਤੋਂ ਬਾਅਦ ਮੈਂ ਵੀ ਡਰਾਈਵਰ

Published on 18 Jun, 2019 11:06 AM.


ਗੁਹਾਟੀ : ਅਸਾਮ ਦੇ ਸਿੱਖਿਆ ਮੰਤਰੀ ਸਿਧਾਰਥ ਭੱਟਾਚਾਰੀਆ ਵੱਲੋਂ ਆਲ ਇੰਡੀਆ ਰੇਡੀਓ ਦੇ ਇਕ ਪ੍ਰੋਗਰਾਮ ਵਿਚ ਇਹ ਕਹਿਣ ਤੋਂ ਸੂਬੇ ਦੇ ਟੀਚਰ ਰੋਹ ਵਿਚ ਹਨ ਕਿ ਜਿਵੇਂ ਡਰਾਈਵਰ 7 ਸਾਲ ਬਾਅਦ ਲਸੰਸ ਰੀਨਿਊ ਕਰਾਉਂਦੇ ਹਨ, ਉਵੇਂ ਹੀ ਕੱਚੇ ਟੀਚਰਾਂ ਨੂੰ ਟੀਚਰ ਇਲੀਜੀਬਿਲਟੀ ਟੈਸਟ (ਟੈਟ) ਦਾ ਸਰਟੀਫਿਕੇਟ 7 ਸਾਲ ਬਾਅਦ ਫਿਰ ਹਾਸਲ ਕਰਨਾ ਪਵੇਗਾ। ਸ਼ੁਰੂ ਵਿਚ ਉਨ੍ਹਾਂ ਫੇਸਬੁਕ ਤੇ ਟਵਿੱਟਰ ਅੱਗੇ 'ਮੈਂ ਵੀ ਡਰਾਈਵਰ' ਜੋੜਿਆ ਤੇ ਹੁਣ ਡੀ ਸੀ ਦਫਤਰ ਅੱਗੇ ਮੁਜ਼ਾਹਰੇ ਵੀ ਕੀਤੇ ਹਨ।
13 ਜੂਨ ਨੂੰ ਰੇਡੀਓ ਪ੍ਰੋਗਰਾਮ ਵਿਚ ਮੰਤਰੀ ਨੇ ਬਰਪੇਟਾ ਦੇ ਇਕ ਟੀਚਰ ਦੇ ਸਵਾਲ ਦੇ ਜਵਾਬ ਵਿਚ ਟੈਟ ਸਰਟੀਫਿਕੇਟ ਦੇ ਰੀਨਿਊਅਲ ਦੀ ਤੁਲਨਾ ਡਰਾਈਵਰਾਂ ਵੱਲੋਂ ਕਰਵਾਏ ਜਾਂਦੇ ਲਸੰਸ ਦੇ ਰੀਨਿਊਅਲ ਨਾਲ ਕੀਤੀ ਸੀ। ਟੈਟ ਸਰਟੀਫਿਕੇਟ ਦੀ ਮਿਆਦ ਸੱਤ ਸਾਲ ਬਾਅਦ ਮੁੱਕ ਜਾਂਦੀ ਹੈ। ਜੇ ਟੀਚਰਾਂ ਨੂੰ ਇਸ ਸਮੇਂ ਵਿਚ ਪੱਕੀ ਨੌਕਰੀ ਨਹੀਂ ਮਿਲਦੀ ਤਾਂ ਦੁਬਾਰਾ ਟੈਟ ਪਾਸ ਕਰਨਾ ਪੈਂਦਾ ਹੈ। ਟੀਚਰਾਂ ਦਾ ਮਸਲਾ ਇਹ ਹੈ ਕਿ 40 ਹਜ਼ਾਰ ਨੇ 2012 ਵਿਚ ਟੈਟ ਪਾਸ ਕੀਤਾ ਸੀ ਤੇ ਉਹ ਕੰਮ 'ਤੇ ਵੀ ਲੱਗੇ ਹੋਏ ਹਨ, ਪਰ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ। ਬਰਪੇਟਾ ਦੇ ਟੀਚਰ ਨੇ ਸਵਾਲ ਕੀਤਾ ਸੀ ਕਿ ਕੀ ਠੇਕੇ 'ਤੇ ਲੱਗੇ ਟੀਚਰਾਂ ਨੂੰ ਫਿਰ ਟੈਟ ਪਾਸ ਕਰਨਾ ਪਵੇਗਾ। ਮੰਤਰੀ ਨੇ ਡਰਾਈਵਰਾਂ ਦੀ ਮਿਸਾਲ ਦੇ ਦਿੱਤੀ। ਇਸ ਜਵਾਬ ਤੋਂ ਟੀਚਰ ਭੜਕ ਗਏ। ਪਹਿਲਾਂ ਉਨ੍ਹਾਂ ਭਾਜਪਾ ਦੇ ਮੈਂ ਵੀ ਚੌਕੀਦਾਰ ਵਾਲੇ ਨਾਅਰੇ ਵਾਂਗ ਆਪਣੇ ਨਾਵਾਂ ਅੱਗੇ 'ਡਰਾਈਵਰ' ਲਾਇਆ ਤੇ ਫਿਰ ਮੁਜ਼ਾਹਰੇ ਸ਼ੁਰੂ ਕਰ ਦਿੱਤੇ। ਟੀਚਰਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਤਾਂ ਉਨ੍ਹਾਂ ਦਾ ਕੀ ਕਸੂਰ ਹੈ। ਇਨ੍ਹਾਂ ਟੀਚਰਾਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਮੀਰਾਜੁਲ ਰਸ਼ੀਦ ਨੇ ਕਿਹਾ, 'ਅਸੀਂ ਡਰਾਈਵਰਾਂ ਦਾ ਅਨਾਦਰ ਨਹੀਂ ਕਰ ਰਹੇ, ਪਰ ਮੰਤਰੀ ਵੱਲੋਂ ਸਾਡੀ ਡਰਾਈਵਰਾਂ ਨਾਲ ਤੁਲਨਾ ਠੀਕ ਨਹੀਂ। ਅਸੀਂ ਇਕ ਤਰ੍ਹਾਂ ਨਾਲ ਡਰਾਈਵਰਾਂ ਦਾ ਆਦਰ ਹੀ ਕਰ ਰਹੇ ਹਾਂ। ਅਸੀਂ ਸਕੂਲਾਂ ਦੇ ਡਰਾਈਵਰ ਹੀ ਹਾਂ, ਜਿਵੇਂ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਸਾਮ ਦੇ ਡਰਾਈਵਰ ਹਨ।' ਰਸ਼ੀਦ ਨੇ ਕਿਹਾ ਕਿ 2016 ਦੀਆਂ ਅਸੰਬਲੀ ਚੋਣਾਂ ਵੇਲੇ ਭਾਜਪਾ ਨੇ ਆਪਣੇ ਮੈਨੀਫੈਸਟੋ ਵਿਚ ਕਿਹਾ ਸੀ ਕਿ ਠੇਕੇ 'ਤੇ ਰੱਖੇ ਟੈਟ ਪਾਸ ਟੀਚਰ ਪੱਕੇ ਕਰ ਦਿੱਤੇ ਜਾਣਗੇ, ਪਰ ਹੁਣ ਮੰਤਰੀ ਭੱਟਾਚਾਰੀਆ ਕਹਿ ਰਹੇ ਹਨ ਕਿ ਮੈਨੀਫੈਸਟੋ ਵਿਚ 'ਠੇਕੇ' ਵਾਲਿਆਂ ਦਾ ਕਿਤੇ ਜ਼ਿਕਰ ਨਹੀਂ ਜਾਂ ਤਾਂ ਮੰਤਰੀ ਝੂਠ ਬੋਲ ਰਹੇ ਹਨ ਜਾਂ ਉਨ੍ਹਾ ਨੂੰ ਇਸ ਦੀ ਜਾਣਕਾਰੀ ਨਹੀਂ।
ਤੇਜਪੁਰ ਦੇ ਟੀਚਰ ਪੰਕਜ ਦਾਸ ਦਾ ਕਹਿਣਾ ਹੈ ਕਿ ਉਨ੍ਹਾ ਨੂੰ 20 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਉਸ ਵਿਚੋਂ ਵੀ 120 ਰੁਪਏ ਕੱਟ ਲਏ ਜਾਂਦੇ ਹਨ। ਮਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ। ਸਾਡੇ ਵਿਚੋਂ ਕਈ 300 ਤੇ ਕਈ 400 ਕਿਲੋਮੀਟਰ ਦੂਰ ਪੜ੍ਹਾਉਂਦੇ ਹਨ। ਸਰਕਾਰ ਉਨ੍ਹਾਂ ਤੋਂ ਹੋਰ ਕੰਮ ਵੀ ਕਰਵਾਉਂਦੀ ਹੈ। ਰਸ਼ੀਦ ਨੇ ਦੱਸਿਆ ਕਿ 2012 ਵਿਚ 15 ਫੀਸਦੀ ਟੀਚਰ ਟੈਟ ਕਲੀਅਰ ਕਰ ਸਕੇ ਸਨ। ਇਨ੍ਹਾਂ ਨੂੰ ਠੇਕੇ 'ਤੇ ਰੱਖਿਆ ਗਿਆ, ਪਰ ਅਜੇ ਤੱਕ ਪੱਕੇ ਨਹੀਂ ਕੀਤਾ ਗਿਆ। ਅਗਲਾ ਟੈਟ ਸਤੰਬਰ ਵਿਚ ਹੋਵੇਗਾ।

190 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper