Latest News
ਇੱਕ ਹੋਰ ਮੌਬ ਲਿੰਚਿੰਗ

Published on 24 Jun, 2019 11:18 AM.


ਪੰਜਵੇਂ ਕੌਮਾਂਤਰੀ ਯੋਗ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਸਨਿੱਚਰਵਾਰ ਆਪਣੀ ਦਰੀ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਵਿਛਾਈ ਸੀ। ਯੋਗ ਦੇ ਮਹੱਤਵ 'ਤੇ ਚਾਨਣਾ ਪਾਉਂਦਿਆਂ ਉਨ੍ਹਾ ਕਿਹਾ ਕਿ ਯੋਗ ਧਰਮ, ਜਾਤ, ਰੰਗ, ਲਿੰਗ ਤੇ ਇਲਾਕਾਈ ਹੱਦਾਂ ਤੋਂ ਉੱਪਰ ਹੈ, ਇਹ ਸਭ ਤੋਂ ਉੱਪਰ ਹੈ। ਨਿਰੰਤਰ ਹੈ ਤੇ ਸਦੀਆਂ ਤੋਂ ਚਲਿਆ ਆ ਰਿਹਾ ਹੈ। ਇੱਕ ਦਿਨ ਬਾਅਦ ਹੀ ਉਸ ਸੂਬੇ ਤੋਂ ਖ਼ਬਰ ਆ ਗਈ ਕਿ 24 ਸਾਲ ਦੇ ਮੁਸਲਿਮ ਮੁੰਡੇ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ 'ਜੈ ਸ੍ਰੀ ਰਾਮ' ਤੇ 'ਜੈ ਹਨੂੰਮਾਨ' ਦਾ ਉਚਾਰਨ ਕਰਾਉਣ ਲਈ ਭੀੜ ਨੇ ਏਨਾ ਕੁੱਟਿਆ ਕਿ ਉਹਨੂੰ ਦੁਨੀਆ ਤੋਂ ਹੀ ਤੋਰ ਦਿੱਤਾ।
ਕਦਮਡੀਹਾ ਪਿੰਡ ਦਾ ਤਬਰੇਜ਼ ਅੰਸਾਰੀ 17 ਜੂਨ ਨੂੰ ਮੋਟਰਸਾਈਕਲ 'ਤੇ ਆਪਣੇ ਦੋ ਦੋਸਤਾਂ ਨਾਲ ਜਮਸ਼ੇਦਪੁਰ ਤੋਂ ਘਰ ਪਰਤ ਰਿਹਾ ਸੀ ਕਿ ਆਤਕੀਡੀਹ ਪਿੰਡ ਵਿੱਚ ਕੁਝ ਲੋਕਾਂ ਨੇ ਘੇਰ ਲਿਆ ਅਤੇ ਚੋਰੀ ਦਾ ਇਲਜ਼ਾਮ ਲਾ ਕੇ ਸਾਰੀ ਰਾਤ ਖੰਭੇ ਨਾਲ ਬੰਨ੍ਹ ਕੇ ਕੁੱਟਦੇ ਰਹੇ। ਉਸ ਨੂੰ 'ਜੈ ਸ੍ਰੀ ਰਾਮ' ਤੇ 'ਜੈ ਹਨੂੰਮਾਨ' ਬੋਲਣ ਲਈ ਮਜਬੂਰ ਕਰਦੇ ਰਹੇ। ਸਵੇਰੇ ਸਰਾਏਕੇਲਾ ਥਾਣੇ ਦੀ ਪੁਲਸ ਹਵਾਲੇ ਕਰ ਆਏ। ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ ਤੇ ਉਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦੀਆਂ ਹੋਰਨਾਂ ਘਟਨਾਵਾਂ ਵਾਂਗ ਪੁਲਸ ਦਾ ਰੋਲ ਜ਼ਾਲਮਾਂ ਦੀ ਤਰਫ਼ਦਾਰੀ ਵਾਲਾ ਹੀ ਰਿਹਾ। ਥਾਣੇਦਾਰ ਨੇ ਆਪਣੀ ਤਫ਼ਤੀਸ਼ ਬਾਰੇ ਕੁਝ ਦੱਸਣ ਦੀ ਥਾਂ ਇਹ ਬਿਆਨ ਦਿੱਤਾ ਹੈ ਕਿ ਪੇਂਡੂਆਂ ਨੇ ਤਬਰੇਜ਼ ਨੂੰ ਕਮਲ ਮਹਤੋ ਦੀ ਛੱਤ ਤੋਂ ਛਾਲ ਮਾਰਦਿਆਂ ਦੇਖਿਆ। ਉਸ ਦੇ ਨਾਲ ਦੋ ਹੋਰ ਲੋਕ ਵੀ ਸਨ, ਜਿਹੜੇ ਭੱਜ ਗਏ। ਪੇਂਡੂਆਂ ਨੇ ਤਬਰੇਜ਼ ਦੇ ਖ਼ਿਲਾਫ਼ ਚੋਰੀ ਦੀ ਰਿਪੋਰਟ ਲਿਖਾਈ। ਪੁਲਸ ਉਸ ਦਾ ਇਲਾਜ ਕਰਾਉਣ ਤੋਂ ਬਾਅਦ ਉਸ ਨੂੰ ਅਦਾਲਤ ਲੈ ਗਈ। ਮਾਮਲੇ ਵਿੱਚ ਪੁਲਸ ਨੇ ਕੋਈ ਲਾਪਰਵਾਹੀ ਨਹੀਂ ਕੀਤੀ। ਇਸ ਤੋਂ ਵੱਡੀ ਲਾਪਰਵਾਹੀ ਕੀ ਹੋ ਸਕਦੀ ਹੈ ਕਿ ਬਿਨਾਂ ਤਫ਼ਤੀਸ਼ ਦੇ ਚੋਰੀ ਦੀ ਰਿਪੋਰਟ ਲਿਖ ਲਈ ਤੇ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭਿਜਵਾ ਦਿੱਤਾ। ਪੁਣੇ ਵਿੱਚ ਕੰਮ ਕਰਦਾ ਤਬਰੇਜ਼ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਈਦ ਮਨਾਉਣ ਪਿੰਡ ਆਇਆ ਸੀ।
ਭੀੜਤੰਤਰੀ ਹਿੰਸਾ ਨੂੰ ਲੈ ਕੇ ਝਾਖੰਡ ਹਮੇਸ਼ਾ ਸੁਰਖੀਆਂ 'ਚ ਰਿਹਾ ਹੈ। ਝਾਰਖੰਡ ਜਨ ਅਧਿਕਾਰ ਮੋਰਚਾ ਦੀ ਇੱਕ ਰਿਪੋਰਟ ਮੁਤਾਬਕ ਮੌਜੂਦਾ ਭਾਜਪਾ ਰਾਜ 'ਚ ਘੱਟੋ-ਘੱਟ 12 ਲੋਕ ਭੀੜਾਂ ਹੱਥੋ ਮਾਰੇ ਗਏ ਹਨ। ਇਨ੍ਹਾਂ ਵਿੱਚੋਂ 10 ਮੁਸਲਮਾਨ ਤੇ 2 ਆਦਿਵਾਸੀ ਸਨ। ਬਹੁਤੇ ਮਾਮਲਿਆਂ ਵਿੱਚ ਫਿਰਕੂ ਨਫ਼ਰਤ ਸਾਹਮਣੇ ਆਈ ਤੇ ਮੁਲਜ਼ਮਾਂ ਦਾ ਸੰਬੰਧ ਭਾਜਪਾ ਜਾਂ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਉਸ ਦੀਆਂ ਸਹਾਇਕ ਜਥੇਬੰਦੀਆਂ ਨਾਲ ਨਿਕਲਿਆ। ਰਾਮਗੜ੍ਹ ਵਿੱਚ ਅਲੀਮੂਦੀਨ ਅੰਸਾਰੀ ਨੂੰ ਮਾਰਨ ਵਾਲਿਆਂ ਨੂੰ ਜਦੋਂ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਤਾਂ ਵੇਲੇ ਦੇ ਕੇਂਦਰੀ ਮੰਤਰੀ ਜਯੰਤ ਸਿਨਹਾ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਸੀ ਤੇ ਕੇਸ ਲੜਨ ਲਈ ਮਾਲੀ ਮਦਦ ਵੀ ਦਿੱਤੀ ਸੀ। ਤਬਰੇਜ਼ ਦੀ ਪਤਨੀ ਸ਼ਾਇਸਤਾ ਪਰਵੀਨ ਨੇ ਪੁਲਸ ਤੇ ਜੇਲ੍ਹ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਇਲਜ਼ਾਮ ਲਾਉਂਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾ ਕੇ ਉਸ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਨਾਂਅ ਪੁੱਛ ਕੇ ਕੁੱਟ ਦੇਣ ਵਾਲਿਆਂ ਦੇ ਰਾਜ ਵਿੱਚ ਸ਼ਾਇਸਤਾ ਨੂੰ ਇਨਸਾਫ਼ ਦਿਵਾਏਗਾ ਕੌਣ?

746 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper