ਜਲੰਧਰ/ਭੋਗਪੁਰ
(ਸ਼ੈਲੀ ਐਲਬਰਟ/
ਕੁਲਵੀਰ ਸਿੰਘ ਕਾਹਲੋਂ)
ਜ਼ਿਲ੍ਹੇ ਦੇ ਪਚਰੰਗਾ ਪਿੰਡ ਦੇ ਕੋਲ ਵੀਰਵਾਰ ਨੂੰ ਇੱਕ ਸੜਕ ਹਾਦਸੇ 'ਚ ਦੋ ਔਰਤ ਸਮੇਤ ਪੰਜ ਦੀ ਮੌਤ ਹੋ ਗਈ। ਪੁਲਸ ਮਤਾਬਕ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਪਠਾਨਕੋਟ ਵਾਲੇ ਪਾਸਿਓਂ ਆ ਰਹੀ ਇੱਕ ਆਲਟੋ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਗਈ ਤੇ ਦੂਜੇ ਪਾਸੇ ਜਲੰਧਰ ਵੱਲੋਂ ਆਉਂਦੀ ਇੱਕ ਇਨੋਵਾ ਕਾਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਆਲਟੋ ਸਵਾਰ ਦੋ ਔਰਤਾਂ ਸਮੇਤ ਤਿੰਨ ਆਦਮੀਆਂ ਦੀ ਜਾਨ ਚਲੀ ਗਈ। ਇਨੋਵਾ ਸਵਾਰ ਪੰਜ ਜਣੇ ਜ਼ਖ਼ਮੀ ਹੋ ਗਏ। ਘਟਨਾ ਸਵੇਰੇ 8 ਵਜੇ ਹੋਈ, ਜਦ ਜੰਮੂ ਦੇ ਚਕਰੋਹੀ ਪਿੰਡ ਦੇ ਨਿਵਾਸੀ ਦੋ ਭਰਾ ਅਤੇ ਉਨ੍ਹਾਂ ਦੀਆਂ ਪਤਨੀਆਂ ਜਲੰਧਰ ਆ ਰਹੇ ਸਨ। ਹਾਦਸੇ 'ਚ ਬੁਰੀ ਤਰ੍ਹਾਂ ਨਾਲ ਨੁਕਸਾਨੀ ਕਾਰ ਦੇ ਚਾਲਕ ਸੁਨੀਲ ਕੁਮਾਰ ਸਮੇਤ ਸਾਰੇ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਮ੍ਰਿਤਕਾਂ ਦੀ ਉਮਰ 55-60 ਸਾਲ ਦੇ ਵਿਚਾਲੇ ਸੀ। ਉਨ੍ਹਾਂ ਦੀ ਪਛਾਣ ਦੇਵ ਰਾਜ, ਉਸ ਦੇ ਭਰਾ ਦਰਸ਼ਨ ਲਾਲ ਅਤੇ ਉਨ੍ਹਾਂ ਦੀਆਂ ਪਤਨੀਆਂ ਲਾਜਵੰਤੀ ਅਤੇ ਰਾਜ ਕੁਮਾਰੀ ਤੇ ਡਰਾਈਵਰ ਸੁਨੀਲ ਕੁਮਾਰ ਦੇ ਰੂਪ 'ਚ ਕੀਤੀ ਗਈ ਹੈ।
ਇਨੋਵਾ ਕਾਰ ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਘੋੜੇਵਾਹਾ ਵੱਲ ਜਾ ਰਹੀ ਸੀ। ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਕਿ ਹਾਦਸੇ ਦੌਰਾਨ ਆਲਟੋ ਕਾਰ ਸਵਾਰ ਸਾਰੇ ਮਾਰੇ ਗਏ ਵਿਅਕਤੀਆਂ ਦਾ ਪੋਸਟ-ਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰਦੇ ਹੋਏ ਪਰਵਾਰਕ ਮੈਂਬਰਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਹਨ, ਜਦਕਿ ਇਨੋਵਾ ਸਵਾਰ ਵਿਅਕਤੀਆਂ ਦਾ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਨੋਵਾ ਸਵਾਰ ਅੱਜ ਹੀ ਕੈਨੇਡਾ ਤੋਂ ਵਾਪਸ ਆਪਣੇ ਪਿੰਡ ਘੋੜੇਵਾਹਾ ਜਾ ਰਹੇ ਸਨ।