Latest News
ਕਰਨਾਟਕ ਮਾਮਲਾ 16 ਤੱਕ ਲਟਕਿਆ

Published on 12 Jul, 2019 10:47 AM.

ਨਵੀਂ ਦਿੱਲੀ : ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੇ ਬਾਗੀ ਵਿਧਾਇਕਾਂ ਅਤੇ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਦੀਆਂ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਦਾ ਮਤਲਬ ਇਹ ਹੈ ਕਿ ਉਦੋਂ ਤੱਕ ਸਪੀਕਰ ਵਿਧਾਇਕਾਂ ਨੂੰ ਅਯੋਗ ਨਹੀਂ ਠਹਿਰਾ ਸਕਦੇ। ਕਾਂਗਰਸ ਨੇ ਸਪੀਕਰ ਨੂੰ ਇਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਅਰਜ਼ੀ ਦਿੱਤੀ ਹੋਈ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸਪੀਕਰ ਨੂੰ ਵੀਰਵਾਰ ਨੂੰ ਫੈਸਲਾ ਲੈਣ ਲਈ ਕਿਹਾ ਸੀ।
ਬਾਗੀ ਵਿਧਾਇਕਾਂ ਦੇ ਵਕੀਲ ਮੁਕੁਲ ਰੋਹਤਗੀ ਨੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੂੰ ਦੱਸਿਆ ਕਿ ਸਪੀਕਰ ਅਸਤੀਫਿਆਂ ਬਾਰੇ ਫੈਸਲਾ ਕਰਨ 'ਚ ਜਾਣਬੁਝ ਕੇ ਦੇਰੀ ਕਰ ਰਹੇ ਹਨ। ਜਵਾਬ ਵਿਚ ਸਪੀਕਰ ਰਮੇਸ਼ ਕੁਮਾਰ ਦੇ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਸਪੀਕਰ ਨੂੰ ਪ੍ਰਾਪਤ ਵਿਸ਼ੇਸ਼ ਅਧਿਕਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸਤੀਫਿਆਂ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਸਪੀਕਰ ਅਸਤੀਫੇ ਦੇ ਕਾਰਨਾਂ ਬਾਰੇ ਖੁਦ ਦੀ ਤਸੱਲੀ ਕਰਨਾ ਚਾਹੁੰਦੇ ਹਨ। 10 ਬਾਗੀ ਵਿਧਾਇਕਾਂ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਸਪੀਕਰ ਨੂੰ ਉਨ੍ਹਾਂ ਦੇ ਅਸਤੀਫੇ ਮਨਜ਼ੂਰ ਕਰਨ ਦੇ ਹੁਕਮ ਦੇਵੇ। ਦੂਜੇ ਪਾਸੇ ਸਪੀਕਰ ਨੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮਿਲੀ ਅਰਜ਼ੀ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਫੈਸਲੇ ਲਈ ਉਨ੍ਹਾ ਨੂੰ ਹੋਰ ਵਕਤ ਚਾਹੀਦਾ ਹੈ।
ਸਿੰਘਵੀ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਅਸਤੀਫਾ ਅਯੋਗ ਠਹਿਰਾਏ ਜਾਣ ਤੋਂ ਬਚਣ ਦਾ ਪੈਂਤੜਾ ਹੈ। ਸਪੀਕਰ ਦਾ ਸੰਵਿਧਾਨਕ ਫਰਜ਼ ਹੈ ਕਿ ਉਹ ਦੇਖਣ ਕਿ ਅਸਤੀਫਾ ਕਿਉਂ ਦਿੱਤਾ ਗਿਆ ਹੈ। ਉਨ੍ਹਾ ਆਰਟੀਕਲ 190 ਦਾ ਹਵਾਲਾ ਦਿੰਦਿਆਂ ਕਿਹਾ ਕਿ ਸਪੀਕਰ ਜਦੋਂ ਤੱਕ ਸੰਤੁਸ਼ਟ ਨਹੀਂ ਹੋਣਗੇ ਕਿ ਅਸਤੀਫੇ ਮਰਜ਼ੀ ਨਾਲ ਦਿੱਤੇ ਗਏ ਹਨ, ਕਿਸੇ ਦਬਾਅ ਹੇਠ ਨਹੀਂ, ਉਦੋਂ ਤੱਕ ਉਹ ਫੈਸਲਾ ਨਹੀਂ ਲੈ ਸਕਦੇ। ਇਸ 'ਤੇ ਚੀਫ ਜਸਟਿਸ ਨੇ ਸਖਤ ਟਿੱਪਣੀ ਕੀਤੀ ਕਿ ਸਪੀਕਰ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਨੂੰ ਚੈਲਿੰਜ ਕਰ ਰਹੇ ਹਨ। ਸਿੰਘਵੀ ਨੇ ਕੁਝ ਵਿਵਸਥਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਪੀਕਰ ਦਾ ਅਹੁਦਾ ਸੰਵਿਧਾਨਕ ਅਹੁਦਾ ਹੈ। ਉਨ੍ਹਾ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਅਰਜ਼ੀ 'ਤੇ ਵੀ ਗੌਰ ਕਰਨਾ ਹੈ। ਰੋਹਤਗੀ ਨੇ ਕਿਹਾ ਕਿ ਸਪੀਕਰ ਨੂੰ ਅਸਤੀਫੇ ਮਨਜ਼ੂਰ ਕਰਨੇ ਹੀ ਪੈਣਗੇ। ਜੇ ਸਪੀਕਰ ਇਕ-ਦੋ ਦਿਨ ਵਿਚ ਫੈਸਲਾ ਨਹੀਂ ਕਰਦੇ ਤਾਂ ਉਨ੍ਹਾ ਨੂੰ ਮਾਣਹਾਨੀ ਦਾ ਨੋਟਿਸ ਦਿੱਤਾ ਜਾ ਸਕਦਾ ਹੈ।
ਕਰਨਾਟਕ ਮਾਮਲੇ 'ਤੇ ਸ਼ੁੱਕਰਵਾਰ ਸੁਪਰੀਮ ਕੋਰਟ ਵਿਚ ਤਿੰਨ ਪਟੀਸ਼ਨਾਂ 'ਤੇ ਸੁਣਵਾਈ ਹੋਈ। ਇਕ 10 ਬਾਗੀ ਵਿਧਾਇਕਾਂ ਦੀ ਸੀ। ਦੂਜੀ ਸਪੀਕਰ ਦੀ ਅਤੇ ਤੀਜੀ ਯੂਥ ਕਾਂਗਰਸ ਦੇ ਆਗੂ ਤੇ ਵਕੀਲ ਅਨਿਲ ਚਾਕੋ ਜੋਸੇਫ ਦੀ। ਜੋਸੇਫ ਨੇ ਸੁਪਰੀਮ ਕੋਰਟ ਤੋਂ ਕਰਨਾਟਕ ਦੇ ਸਿਆਸੀ ਸੰਕਟ ਦੇ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਵਿਧਾਇਕਾਂ ਦਾ ਅਸਤੀਫਾ ਇਕ ਤਰ੍ਹਾਂ ਦੀ ਦਲ-ਬਦਲੀ ਹੈ।

414 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper