ਨਿਊ ਯਾਰਕ (ਨਵਾਂ ਜ਼ਮਾਨਾ ਸਰਵਿਸ)
ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੂੰ ਨਿਊ ਯਾਰਕ 'ਚ ਇੱਕ ਪ੍ਰੋਗਰਾਮ ਦੌਰਾਨ ਇੱਕ ਪਾਕਿਸਤਾਨੀ ਨੇ ਤਿੱਖੇ ਸਵਾਲ ਕੀਤੇ ਅਤੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ।
ਅਚਾਨਕ ਹੋਈ ਇਸ ਘਟਨਾ ਤੋਂ ਹੈਰਾਨ ਮਲੀਹਾ ਲੋਧੀ ਉਸ ਵਿਅਕਤੀ ਦੀ ਗੱਲ ਦਾ ਕੋਈ ਜਵਾਬ ਦਿੱਤੇ ਬਿਨਾਂ ਹੀ ਛੇਤੀ ਹੀ ਉਥੋਂ ਚਲੀ ਗਈ। ਵਿਅਕਤੀ ਨੇ ਉਨ੍ਹਾ ਨੂੰ ਸਵਾਲ ਕੀਤਾ ਕਿ ਸਰਕਾਰ ਨੇ ਬੀਤੇ 15 ਸਾਲਾਂ 'ਚ ਕੀ ਕੀਤਾ। ਉਸ ਨੇ ਨਾਲ ਹੀ ਉਨ੍ਹਾ 'ਤੇ ਚੋਰ ਹੋਣ ਦਾ ਦੋਸ਼ ਲਾਇਆ। ਨਿਊ ਯਾਰਕ 'ਚ ਮੀਡੀਆ ਨਾਲ ਇੱਕ ਰਸਮੀ ਗੱਲਬਾਤ ਦੌਰਾਨ ਲੋਧੀ ਦੇ ਕੋਲ ਇੱਕ ਵਿਅਕਤੀ ਆਇਆ, ਉਸ ਨੇ ਉੱਚੀ ਆਵਾਜ਼ 'ਚ ਕਿਹਾ, 'ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਹਾਂ।' ਜਦ ਲੋਧੀ ਨੇ ਕਿਹਾ ਕਿ ਉਨ੍ਹਾ ਜੋ ਕਹਿਣਾ ਸੀ, ਕਹਿ ਦਿੱਤਾ ਹੈ ਤਾਂ ਉਸ ਨੇ ਜਵਾਬ ਦਿੱਤਾ, 'ਤੁਸੀਂ ਆਪਣੀ ਗੱਲ ਇਸ ਤਰ੍ਹਾਂ ਖ਼ਤਮ ਨਹੀਂ ਕਰ ਸਕਦੇ, ਮੇਰੇ ਕੋਲ ਤੁਹਾਡੇ ਲਈ ਇੱਕ ਸਵਾਲ ਹੈ।' ਲੋਧੀ ਨੇ ਉਸ ਵਿਅਕਤੀ ਨੂੰ, ਜੋ ਪਾਕਿਸਤਾਨੀ ਨਾਗਰਿਕ ਹੋਣ ਦਾ ਦਾਅਵਾ ਕਰ ਰਿਹਾ ਸੀ, ਨੂੰ ਪੁੱਛਿਆ ਕਿ ਉਹ ਕਿਸ ਚੈਨਲ ਤੋਂ ਹੈ। ਉਸ ਨੇ ਉੱਚੀ ਆਵਾਜ਼ 'ਚ ਪੁੱਛਿਆ, 'ਤੁਸੀਂ ਬੀਤੇ 10-15 ਸਾਲਾਂ ਤੋਂ ਕੀ ਕਰ ਰਹੇ ਹੋ? ਤੁਸੀਂ ਪਾਕਿਸਤਾਨ ਲਈ ਕੀ ਕੀਤਾ? ਮੈਂ ਜਾਨਣਾ ਚਾਹੁੰਦਾ ਹਾਂ, ਇਸ ਲਈ ਮੈਂ ਸਵਾਲ ਕਰਾਂਗਾ।' ਇਸ 'ਤੇ ਲੋਧੀ ਨੇ ਕਿਹਾ, 'ਮੈਂ ਤੁਹਾਨੂੰ ਉਤਰ ਦੇਣਾ ਨਹੀਂ ਚਾਹੁੰਦੀ।' ਉਸ ਵਿਅਕਤੀ ਨੇ ਫਿਰ ਕਿਹਾ, 'ਮੈਂ ਸਵਾਲ ਕਰਾਂਗਾ, ਹੁਣ ਇਸ ਤੋਂ ਕੋਈ ਭੱਜ ਨਹੀਂ ਸਕਦਾ।' ਇਸ ਸਭ ਬਾਅਦ ਲੋਧੀ ਉਥੋਂ ਚਲੀ ਗਈ।