ਵਿਧਾਨ ਸਭਾ ਚੋਣਾਂ 'ਚ ਪਾਰਟੀ ਸੂਬੇ 'ਚ ਮਜ਼ਬੂਤ ਦਾਅਵੇਦਾਰੀ ਪੇਸ਼ ਕਰੇਗੀ : ਸਿਸੋਦੀਆ

ਰਾਜ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਬੂਥ ਪੱਧਰ 'ਤੇ ਲੀਡਰ ਪੈਦਾ ਕੀਤੇ ਜਾਣਗੇ, ਜਿਨ੍ਹਾਂ ਨੂੰ ਸੂਬੇ ਦੇ ਮੁੱਖ ਮੁੱਦਿਆਂ ਬਾਰੇ ਜਾਣੂੰ ਕਰਵਾਉਂਦਿਆਂ ਲੋਕ ਹਿੱਤ ਵਿਚ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਲਈ ਉਤਸ਼ਾਹਤ ਕੀਤਾ ਜਾਵੇਗਾ, ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹੋਰ ਮਜ਼ਬੂਤੀ ਨਾਲ ਪਾਰਟੀ ਦੀ ਰਾਜ ਵਿਚ ਸਾਖ ਨੂੰ ਕਾਇਮ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਰੀਦਕੋਟ ਦੌਰੇ 'ਤੇ ਪੁੱਜੇ 'ਆਪ' ਦੇ ਕੌਮੀ ਆਗੂ ਮਨੀਸ਼ ਸਿਸੋਦੀਆ ਨੇ ਸਥਾਨਕ ਪੈਲੇਸ ਵਿਖੇ ਰੱਖੀ ਵਿਸ਼ਾਲ ਪਾਰਟੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਨਾਲ ਫਰੀਦਕੋਟ ਤੋਂ 'ਆਪ' ਸਾਂਸਦ ਪ੍ਰੋਫੈਸਰ ਸਾਧੂ ਸਿੰਘ, ਪੱਤਰਕਾਰ ਅਤੇ ਪਾਰਟੀ ਆਗੂ ਜਰਨੈਲ ਸਿੰਘ ਤੇ ਰਾਘਵ ਚੱਢਾ ਵੀ ਸਨ। ਇਸ ਮੌਕੇ ਇਕੱਤਰ ਹੋਏ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਆਗੂਆਂ ਨੇ ਕਿਹਾ ਕਿ ਆਪ ਦਾ ਨਿਸ਼ਾਨਾ ਆਮ ਆਦਮੀ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨਾ ਹੈ ਅਤੇ ਇਸ ਲਈ ਹਰ ਵਰਕਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਲਗਨ ਨਾਲ ਨਿਭਾਉਣੀਆਂ ਚਾਹੀਦੀਆਂ ਹਨ, ਤਾਂ ਜੋ ਲੋਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਵਿਚ ਹੋਰ ਵਾਧਾ ਕੀਤਾ ਜਾ ਸਕੇ।rnਉਨ੍ਹਾ ਕਿਹਾ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਰਾਜ ਵਿਚ ਪਾਰਟੀ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਹੁਣ ਆਮ ਆਦਮੀ ਪਾਰਟੀ ਹਾਈ ਕਮਾਨ ਪੰਜਾਬ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਿਚ ਜੁਟ ਗਈ ਹੈ, ਜਿਸ ਲਈ ਹੀ ਉਨ੍ਹਾ ਵੱਲੋਂ ਇਹ ਵਿਸ਼ੇਸ਼ ਦੌਰਾ ਕੀਤਾ ਜਾ ਰਿਹਾ ਹੈ। ਇਸ ਅਧੀਨ ਹਰ ਜ਼ਿਲ੍ਹੇ ਵਿਚ ਜਾ ਕੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਪਾਰਟੀ ਦੀ ਬੇਹਤਰੀ ਲਈ ਸੁਝਾਅ ਵੀ ਇਕੱਠੇ ਕੀਤੇ ਜਾਣਗੇ। ਇਸ ਸਮੇਂ ਪਾਰਟੀ ਦੇ ਰਾਸ਼ਟਰੀ ਆਗੂਆਂ ਨੇ ਆਉਣ ਵਾਲੀਆਂ ਚੋਣਾਂ ਲਈ ਵਰਕਰਾਂ ਨੂੰ ਹੁਣ ਤੋਂ ਹੀ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਵੀ ਉਤਸ਼ਾਹਤ ਕੀਤਾ ਅਤੇ ਕਿਹਾ ਕਿ ਨਗਰ ਕੌਂਸਲ ਚੋਣਾਂ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਤੱਕ ਪਾਰਟੀ ਨੂੰ ਹਰ ਪੱਧਰ 'ਤੇ ਮਜ਼ਬੂਤ ਕਰਨ ਲਈ ਹਰ ਵਰਕਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਲਈ ਹੁਣ ਤੋਂ ਹੀ ਜੁਟ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਆਮ ਲੋਕਾਂ ਵੱਲੋਂ ਪ੍ਰਗਟਾਏ ਉਕਤ ਵਿਸ਼ਵਾਸ ਦੀ ਹਰ ਕਸੌਟੀ 'ਤੇ ਖਰਾ ਉਤਰਨ ਲਈ ਸਮੂਹ ਪੰਜਾਬ ਸੰਬੰਧਤ ਸਾਂਸਦ ਕੋਈ ਕਸਰ ਬਾਕੀ ਨਾ ਰੱਖਣ, ਜਿਸ ਦੇ ਮੱਦੇਨਜ਼ਰ ਆਮ ਜਨ ਦੇ ਕਿਸੇ ਵੀ ਮਸਲੇ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ ।