Latest News
ਮੋਦੀ ਵੋਟ ਲਈ ਅਲਾਪ ਰਹੇ 370 ਦਾ ਰਾਗ : ਸਿੱਬਲ

Published on 19 Oct, 2019 09:34 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸਾਂਸਦ ਕਪਿੱਲ ਸਿੱਬਲ ਨੇ ਮੋਦੀ ਸਰਕਾਰ 'ਤੇ ਜੰਮ ਕੇ ਹਮਲੇ ਕੀਤੇ। ਸਿੱਬਲ ਨੇ ਕਿਹਾ ਕਿ ਸਰਕਾਰ ਹਰ ਮੋਰਚੇ 'ਤੇ ਨਾਕਾਮ ਸਾਬਤ ਹੋਈ ਹੈ, ਇਹੀ ਕਾਰਨ ਹੈ ਕਿ ਅੱਜ ਭਾਰਤੀ ਅਰਥ-ਵਿਵਸਥਾ ਬਦਹਾਲੀ ਦੇ ਕਿਨਾਰੇ 'ਤੇ ਪਹੁੰਚ ਗਈ ਹੈ। ਕਾਂਗਰਸ ਨੇਤਾ ਸਿੱਬਲ ਨੇ ਦਿੱਲੀ ਸਥਿਤ ਕਾਂਗਰਸ ਮੁੱਖ ਦਫ਼ਤਰ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਦੌਰਾਨ ਧਾਰਾ 370 ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾ ਕਿਹਾ ਕਿ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਸੰਸਦ 'ਚ ਝੂਠ ਬੋਲਿਆ। ਸਿੱਬਲ ਨੇ ਜੰਮੂ-ਕਸ਼ਮੀਰ ਨਾਲ ਜੁੜੇ ਅੰਕੜੇ ਪੇਸ਼ ਕਰਕੇ ਅਮਿਤ ਸ਼ਾਹ ਦੀ ਉਸ ਗੱਲ ਨੂੰ ਨਕਾਰਿਆ, ਜਿਸ 'ਚ ਉਨ੍ਹਾ ਕਿਹਾ ਸੀ ਕਿ 370 ਦੇ ਕਾਰਨ ਜੰਮੂ ਕਸ਼ਮੀਰ 'ਚ ਵਿਕਾਸ ਨਹੀਂ ਹੋਇਆ। ਉਨ੍ਹਾ ਕਿਹਾ ਕਿ ਵੋਟ ਲਈ ਪ੍ਰਧਾਨ ਮੰਤਰੀ ਮੋਦੀ 370 ਦਾ ਰਾਗ ਅਲਾਪ ਰਹੇ ਹਨ, ਉਨ੍ਹਾ ਨੂੰ ਦੇਸ਼ ਦੀ ਜਨਤਾ ਨਾਲ ਕੋਈ ਲੈਣ-ਦੇਣ ਨਹੀਂ।
ਇਸ ਦੌਰਾਨ ਸਿੱਬਲ ਨੇ ਪੀ ਐੱਮ ਸੀ ਬੈਂਕ ਘੁਟਾਲੇ ਨੂੰ ਲੈ ਕੇ ਭਾਜਪਾ ਸਰਕਾਰ ਨੂੰ ਘੇਰਿਆ। ਉਨ੍ਹਾ ਕਿਹਾ ਕਿ ਇਸ 'ਤੇ ਕਾਰਵਾਈ ਇਸ ਲਈ ਨਹੀਂ ਹੋ ਰਹੀ, ਕਿਉਂਕਿ ਘੁਟਾਲੇ ਦੇ ਦੋਸ਼ੀਆਂ ਦੇ ਭਾਜਪਾ ਨਾਲ ਰਿਸ਼ਤੇ ਹਨ। ਜੇਕਰ ਦੂਜੇ ਦਲ ਦੇ ਨੇਤਾਵਾਂ 'ਤੇ ਦੋਸ਼ ਹੁੰਦੇ ਤਾਂ ਅੱਜ ਈ ਡੀ ਤੇ ਸੀ ਬੀ ਆਈ ਸਾਰੇ ਜਾਂਚ 'ਚ ਲੱਗੇ ਹੁੰਦੇ।
ਅਰਥ-ਵਿਵਸਥਾ ਦੀ ਸਥਿਤੀ ਜਾ ਜ਼ਿਕਰ ਕਰਦੇ ਹੋਏ ਸਿੱਬਲ ਨੇ ਕਿਹਾ, 'ਆਈ ਐੱਮ ਐਫ਼, ਵਿਸ਼ਵ ਬੈਂਕ ਅਤੇ ਦੂਜੀਆਂ ਸੰਸਥਾਵਾਂ ਕਹਿ ਰਹੀਆਂ ਹਨ ਕਿ ਭਾਰਤ 'ਚ ਮੰਦੀ ਹੈ, ਪਰ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੈ। ਪਿਊਸ਼ ਗੋਇਲ ਕਹਿੰਦੇ ਹਨ ਕਿ ਅਭਿਜੀਤ ਬੈਨਰਜੀ ਖੱਬੇ-ਪੱਖੀ ਝੁਕਾਅ ਰੱਖਦੇ ਹਨ। ਉਨ੍ਹਾ ਸਵਾਲ ਕੀਤਾ ਕਿ ਕੀ ਆਈ ਐੱਮ ਐੱਫ਼ ਅਤੇ ਵਿਸ਼ਵ ਬੈਂਕ ਵੀ ਖੱਬੇ-ਪੱਖੀ ਝੁਕਾਅ ਰੱਖਦਾ ਹੈ? ਕੀ ਸੁਬਰਾਮਨੀਅਮ ਸਵਾਮੀ ਵੀ ਖੱਬੇ-ਪੱਖੀ ਝੁਕਾਅ ਰੱਖਦੇ ਹਨ? '
ਸਿੱਬਲ ਨੇ ਦੋਸ਼ ਲਾਇਆ ਕਿ ਮਹਾਰਾਸ਼ਟਰ ਅਤੇ ਹਰਿਆਣਾ 'ਚ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਕਿਸਾਨਾਂ ਦੀ ਹਾਲਤ ਪਹਿਲਾਂ ਤੋਂ ਜ਼ਿਆਦਾ ਖਰਾਬ ਹੋ ਗਈ ਹੈ, ਪਰ ਭਾਜਪਾ ਇਨ੍ਹਾਂ ਮੁੱਦਿਆਂ 'ਤੇ ਗੱਲ ਕਰਨ ਤੋਂ ਬਚ ਰਹੀ ਹੈ। ਉਨ੍ਹਾ ਕੁਝ ਅੰਕੜੇ ਪੇਸ਼ ਕਰਦੇ ਹੋਏ ਇਹ ਦਾਅਵਾ ਵੀ ਕੀਤਾ ਕਿ ਮਨੁੱਖ ਵਿਕਾਸ ਸੂਚਕ ਅੰਕ ਅਤੇ ਰੁਜ਼ਗਾਰ ਦੀ ਦ੍ਰਿਸ਼ਟੀ ਤੋਂ ਜੰਮੂ-ਕਸ਼ਮੀਰ ਦੀ ਸਥਿਤੀ ਕਈ ਭਾਜਪਾ ਸ਼ਾਸਤ ਸੂਬਿਆਂ ਤੋਂ ਬੇਹਤਰ ਹੈ।

259 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper