Latest News
ਲੋਕਾਂ ਵੱਲੋਂ ਨਾਕਾਰ ਦੇਣ ਦੀ ਕੌੜੀ ਸਚਾਈ ਤੋਂ ਬਚਣ ਲਈ ਸੁਖਬੀਰ ਝੂਠ ਦਾ ਸਹਾਰਾ ਲੈ ਰਿਹੈ : ਕੈਪਟਨ

Published on 19 Oct, 2019 09:36 AM.

ਮੁਕੇਰੀਆਂ (ਨਵਾਂ ਜ਼ਮਾਨਾ ਸਰਵਿਸ)
ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਆਪਣੇ ਹਲਕੇ ਵਾਂਗ ਧਿਆਨ ਰੱਖਣ ਦਾ ਵਾਅਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਦਾ ਭਰੋਸਾ ਜ਼ਾਹਰ ਕੀਤਾ। ਜ਼ਿਮਨੀ ਚੋਣਾਂ ਦੇ ਪ੍ਰਚਾਰ ਨੂੰ ਖਤਮ ਕਰ ਕਰਦਿਆਂ ਉਨ੍ਹਾ ਮੌਜੂਦਾ ਸਰਕਾਰ ਦੌਰਾਨ ਪੰਜਾਬ ਵਿੱਚ ਕੋਈ ਵਿਕਾਸ ਨਾ ਹੋਣ ਬਾਰੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ।
ਮੁਕੇਰੀਆਂ ਹਲਕੇ ਵਿੱਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਉਸ ਬਿਆਨ ਦਾ ਮਜ਼ਾਕ ਉਡਾਇਆ ਕਿ ਮੁੱਖ ਮੰਤਰੀ ਲੋਕਾਂ ਦੀ ਪਹੁੰਚ ਵਿੱਚ ਨਹੀਂ ਹਨ। ਰੋਡ ਸ਼ੋਅ ਦੌਰਾਨ ਬਹੁਤਾ ਹੁੰਗਾਰਾ ਨਾ ਮਿਲਣ ਬਾਰੇ ਅਕਾਲੀ ਆਗੂ ਵੱਲੋਂ ਕੀਤੇ ਦਾਅਦਿਆਂ ਦਾ ਜਵਾਬ ਮੁੱਖ ਮੰਤਰੀ ਨੇ ਅੱਜ ਲੋਕਾਂ ਦੇ ਉਮੜੇ ਇਕੱਠ ਦਾ ਜ਼ਿਕਰ ਕਰਦਿਆਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਸੁਖਬੀਰ ਜਾਂ ਤਾਂ ਬੇਸਮਝ ਹੈ ਜਾਂ ਫਿਰ ਸ਼ੁਤਰਮੁਰਗ ਵਾਂਗ ਵਿਹਾਰ ਕਰ ਰਿਹਾ ਹੈ, ਤਾਂ ਕਿ ਲੋਕਾਂ ਵੱਲੋਂ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਬੁਰੀ ਤਰ੍ਹਾਂ ਨਾਕਾਰ ਦੇਣ ਦੀ ਤਲਖ਼ ਹਕੀਕਤ ਤੋਂ ਬਚਿਆ ਜਾ ਸਕੇ।'
ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਦਿਨ ਪੁਗ ਗਏ ਹਨ ਅਤੇ ਹੁਣ ਝੂਠ ਤੋਂ ਸਿਵਾਏ ਉਨ੍ਹਾਂ ਦੇ ਪੱਲੇ ਕੱਖ ਵੀ ਨਹੀਂ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਹਲਕੇ ਵਾਂਗ ਉਨ੍ਹਾਂ ਦੇ ਹਲਕੇ ਦਾ ਧਿਆਨ ਰੱਖਣਗੇ ਅਤੇ ਸਾਬਕਾ ਵਿਧਾਇਕ ਰਜਨੀਸ਼ ਕੁਮਾਰ ਬੱਬੀ, ਜੋ ਲੰਮੀ ਬਿਮਾਰੀ ਉਪਰੰਤ ਚੱਲ ਵਸੇ ਸਨ, ਵੱਲੋਂ ਹਲਕੇ ਲਈ ਲਏ ਸੰਕਲਪ ਨੂੰ ਅੱਗੇ ਲਿਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਬੱਬੀ ਦੀ ਪਤਨੀ ਅਤੇ ਕਾਂਗਰਸ ਦੀ ਮੌਜੂਦਾ ਉਮੀਦਵਾਰ ਇੰਦੂ ਬਾਲਾ ਮੁਕੇਰੀਆ ਹਲਕੇ ਦੇ ਲੋਕਾਂ ਲਈ ਸਾਬਕਾ ਵਿਧਾਇਕ ਵੱਲੋਂ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣਗੇ। ਸੋਮਵਾਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ-ਫੇਰ ਜਿੱਤ ਦਾ ਭਰੋਸਾ ਜ਼ਾਹਰ ਕਰਦਿਆਂ ਕੈਪਟਨ ਨੇ ਕਿਹਾ ਕਿ ਜਿੱਤ ਅਤੇ ਹਾਰ ਸਿਆਸਤ ਦਾ ਹਿੱਸਾ ਹੈ, ਪਰ ਲੋਕਾਂ ਦਾ ਰੁਝਾਨ ਸਪੱਸ਼ਟ ਤੌਰ 'ਤੇ ਕਾਂਗਰਸ ਵੱਲ ਹੈ। ਇਸ ਦੌਰਾਨ ਪਿਛਲੇ ਪੰਜ ਦਿਨ ਤੋਂ ਇਨ੍ਹਾਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਦਾ ਵਿਸ਼ਵਾਸ ਹੈ ਕਿ ਚਾਰੇ ਹਲਕਿਆਂ ਵਿੱਚ ਕਾਂਗਰਸ ਦੀ ਜਿੱਤ ਪੱਕੀ ਹੈ ਅਤੇ ਹੋਰ ਕੋਈ ਪਾਰਟੀ ਮੁਕਾਬਲੇ ਵਿੱਚ ਨਹੀਂ। ਰੋਡ ਸ਼ੋਅ ਦੌਰਾਨ ਸਮੁੱਚੇ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹੱਥਾਂ ਵਿੱਚ ਕਾਂਗਰਸ ਦੇ ਝੰਡੇ ਫੜ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ।

349 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper