Latest News
ਭਾਜਪਾ ਨੂੰ ਤਕੜਾ ਝਟਕਾ

Published on 24 Oct, 2019 10:37 AM.


ਜਦੋਂ ਇਹ ਸਤਰਾਂ ਪੜ੍ਹੀਆਂ ਜਾਣਗੀਆਂ, ਉਦੋਂ ਹਰਿਆਣਾ ਤੇ ਮਹਾਂਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਸਮੁੱਚੇ ਨਤੀਜੇ ਆ ਚੁੱਕੇ ਹੋਣਗੇ। ਇਸ ਸਮੇਂ ਤੱਕ ਦੋਹਾਂ ਰਾਜਾਂ ਦੇ ਕੁਝ ਨਤੀਜੇ ਤੇ ਬਾਕੀ ਸੀਟਾਂ ਦੇ ਰੁਝਾਨ ਆ ਚੁੱਕੇ ਹਨ। ਇਸ ਸਮੇਂ ਜੋ ਤਸਵੀਰ ਉਭਰਦੀ ਹੈ, ਉਸ ਮੁਤਾਬਕ ਇਹ ਨਤੀਜੇ ਕੇਂਦਰ ਦੀ ਸੱਤਾ ਉੱਤੇ ਬਿਰਾਜਮਾਨ ਭਾਜਪਾ ਲਈ ਵੱਡਾ ਧੱਕਾ ਸਾਬਤ ਹੋ ਸਕਦੇ ਹਨ।
ਸਭ ਤੋਂ ਪਹਿਲਾਂ ਅਸੀਂ ਆਪਣੇ ਗੁਆਂਢੀ ਰਾਜ ਹਰਿਆਣਾ ਦੀ ਗੱਲ ਕਰਦੇ ਹਾਂ। ਪਿਛਲੇ ਪੰਜਾਂ ਸਾਲਾਂ ਤੋਂ ਇੱਥੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਸੀ। ਰਾਸ਼ਟਰਵਾਦ ਦੇ ਘੋੜੇ ਉੱਤੇ ਸਵਾਰ ਭਾਜਪਾ ਦਾ ਨੀਤੀ-ਘਾੜਾ ਅਮਿਤ ਸ਼ਾਹ ਏਨਾ ਉਤਸ਼ਾਹ ਵਿੱਚ ਸੀ ਕਿ ਉਸ ਨੇ ਇਹ ਟੀਚਾ ਮਿੱਥ ਲਿਆ ਕਿ ਇਸ ਵਾਰ 75 ਤੋਂ ਪਾਰ। ਇਸ ਟੀਚੇ ਨੂੰ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਪ੍ਰਦੇਸ਼ ਵਿੱਚ ਕਈ ਰੈਲੀਆਂ ਕੀਤੀਆਂ। ਉਨ੍ਹਾਂ ਕਸ਼ਮੀਰ ਨੂੰ ਟੁਕੜੇ-ਟੁਕੜੇ ਕਰਨ, ਧਾਰਾ 370 ਨੂੰ ਰੱਦ ਕਰਨ ਤੇ ਫ਼ੌਜ ਵੱਲੋਂ ਕਸ਼ਮੀਰ ਵਿੱਚ ਆਤੰਕਵਾਦ ਵਿਰੁੱਧ ਲੜੀ ਜਾ ਰਹੀ ਲੜਾਈ ਨੂੰ ਆਪਣੇ ਚੋਣ ਮੁੱਦੇ ਬਣਾ ਕੇ ਰਾਸ਼ਟਰਵਾਦ ਨੂੰ ਉਭਾਰਨ ਦਾ ਹਰ ਹੀਲਾ ਵਰਤਿਆ । ਦੂਜੇ ਪਾਸੇ ਵਿਰੋਧੀ ਧਿਰ ਬਿਖਰੀ ਹੋਈ ਸੀ। ਕਾਂਗਰਸ, ਜੇ ਜੇ ਪੀ, ਇਨੈਲੋ ਤੇ ਬਸਪਾ ਵੱਖੋ-ਵੱਖਰੇ ਤੌਰ 'ਤੇ ਚੋਣ ਮੈਦਾਨ ਵਿੱਚ ਸਨ। ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਬਹੁਤੀ ਸਰਗਰਮ ਨਹੀਂ ਸੀ। ਚੋਣ ਲੜਾਈ ਦਾ ਸਾਰਾ ਜ਼ਿੰਮਾ ਭੁਪਿੰਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਦੇ ਸਿਰ ਉੱਤੇ ਸੀ। ਉਨ੍ਹਾਂ ਭਾਜਪਾ ਦੇ ਰਾਸ਼ਟਰਵਾਦ ਦੀ ਕਾਟ ਲਈ ਲੋਕ ਮਸਲਿਆਂ ਤੇ ਡਿੱਗਦੀ ਅਰਥ-ਵਿਵਸਥਾ ਨੂੰ ਆਪਣੀ ਚੋਣ ਮੁਹਿੰਮ ਦੇ ਕੇਂਦਰ ਵਿੱਚ ਰੱਖਿਆ। ਸਿੱਟਾ ਇਹ ਨਿਕਲਿਆ ਕਿ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀਆਂ ਦੇ 4 ਕੈਂਪ ਤਬਾਹ ਕਰਨ ਤੇ 20 ਤੋਂ ਵੱਧ ਅੱਤਵਾਦੀਆਂ ਨੂੰ ਮਾਰਨ ਦੇ ਗੋਦੀ ਮੀਡੀਏ ਵੱਲੋਂ ਕੀਤੇ ਗਏ ਦਾਅਵੇ ਵੀ ਕੰਮ ਨਾ ਆਏ। ਇਸ ਸਮੇਂ ਤੱਕ ਆਏ ਨਤੀਜਿਆਂ ਤੇ ਰੁਝਾਨਾਂ ਤੋਂ ਸਾਫ਼ ਹੈ ਕਿ ਭਾਜਪਾ ਬਹੁਸੰਮਤੀ ਵਾਲੇ 46 ਦੇ ਅੰਕੜੇ ਤੱਕ ਪੁੱਜਦੀ ਨਹੀਂ ਲੱਭਦੀ ਅਤੇ ਕਾਂਗਰਸ ਉਸ ਦੇ ਬਰਾਬਰ ਪੁੱਜਣ ਦੇ ਨੇੜੇ ਪੁੱਜ ਚੁੱਕੀ ਹੈ। ਹੁਣ ਤੱਕ ਆਸਾਰ ਇਹੋ ਹਨ ਕਿ ਦੁਸ਼ਯੰਤ ਚੌਟਾਲਾ ਦੀ ਜੇ ਜੇ ਪੀ ਕਿੰਗਮੇਕਰ ਦੀ ਭੂਮਿਕਾ ਨਿਭਾਅ ਸਕਦੀ ਹੈ।
ਮਹਾਰਾਸ਼ਟਰ ਵਿੱਚ ਭਾਵੇਂ ਭਾਜਪਾ ਤੇ ਸ਼ਿਵ ਸੈਨਾ ਸਰਕਾਰ ਬਣਾਉਣ ਦੇ ਨੇੜੇ ਪੁੱਜ ਚੁੱਕੀਆਂ ਹਨ, ਪਰ ਉਨ੍ਹਾਂ ਦੀ ਵੋਟ ਫ਼ੀਸਦੀ ਵੀ ਘਟੀ ਹੈ ਤੇ ਸੀਟਾਂ ਵੀ। ਭਾਜਪਾ ਪਿਛਲੀ ਵਾਰ ਇੱਥੋਂ 122 ਸੀਟਾਂ ਜਿੱਤੀ ਸੀ ਤੇ ਇਸ ਵਾਰ ਉਹ 100 ਤੋਂ ਟੱਪਦੀ ਨਹੀਂ ਲੱਭਦੀ। ਕਾਂਗਰਸ, ਐੱਨ ਸੀ ਪੀ ਤੇ ਉਨ੍ਹਾਂ ਦੇ ਛੋਟੇ ਭਾਈਵਾਲਾਂ ਨੇ ਪਿਛਲੀਆਂ ਚੋਣਾਂ ਨਾਲੋਂ ਵਧੀਆ ਕਾਰਗੁਜ਼ਾਰੀ ਕੀਤੀ ਹੈ। ਵੋਟ ਫ਼ੀਸਦੀ ਵਿੱਚ ਤਾਂ ਉਹ ਭਾਜਪਾ-ਸ਼ਿਵ ਸੈਨਾ ਦੇ ਬਰਾਬਰ ਲੱਭਦੀਆਂ ਹਨ, ਭਾਵੇਂ ਸੀਟਾਂ ਉਹ 100 ਦੇ ਏੜ-ਗੇੜ ਵਿੱਚ ਹੀ ਲਿਜਾ ਸਕਦੀਆਂ ਹਨ। ਇਹ ਉਦੋਂ ਹੋਇਆ ਹੈ, ਜਦੋਂ ਮਹਾਰਾਸ਼ਟਰ ਵਿੱਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 10-10 ਰੈਲੀਆਂ ਕੀਤੀਆਂ ਤੇ ਵੋਟਰਾਂ ਨੂੰ ਰਾਸ਼ਟਰਵਾਦ ਦਾ ਖੁੱਲ੍ਹਾ ਪ੍ਰਸ਼ਾਦ ਵਰਤਾਇਆ।
ਇਹੋ ਨਹੀਂ, ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਵੀ ਸੱਤਾਧਾਰੀ ਪਾਰਟੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉੱਤਰ ਪ੍ਰਦੇਸ਼ ਵਿੱਚ 11 ਹਲਕਿਆਂ ਦੀਆਂ ਚੋਣਾਂ ਵਿੱਚੋਂ ਸਪਾ 2, ਕਾਂਗਰਸ ਤੇ ਬਸਪਾ ਇੱਕ-ਇੱਕ ਹਲਕੇ ਤੋਂ ਚੋਣ ਜਿੱਤ ਗਈ ਹੈ, ਜਦੋਂ ਕਿ ਬਿਹਾਰ ਦੀਆਂ 5 ਸੀਟਾਂ ਵਿੱਚੋਂ ਭਾਜਪਾ ਗੱਠਜੋੜ ਨੂੰ ਇੱਕ ਵੀ ਸੀਟ ਨਹੀਂ ਮਿਲੀ ਤੇ ਆਰ ਜੇ ਡੀ 3 ਤੇ ਹੋਰ 2 ਸੀਟਾਂ ਲੈ ਗਏ ਹਨ। ਮੋਦੀ ਦੇ ਗੜ੍ਹ ਗੁਜਰਾਤ ਦੀਆਂ 6 ਵਿੱਚੋਂ ਤਿੰਨ ਸੀਟਾਂ ਕਾਂਗਰਸ ਦੇ ਖਾਤੇ ਵਿੱਚ ਜਾਂਦੀਆਂ ਲੱਭਦੀਆਂ ਹਨ। ਪੰਜਾਬ ਵਿੱਚ ਭਾਜਪਾ ਆਪਣੀ ਜਿੱਤੀ ਫਗਵਾੜਾ ਵਾਲੀ ਸੀਟ ਵੀ ਬਚਾ ਨਹੀਂ ਸਕੀ। ਇਥੇ ਕਾਂਗਰਸ ਦੇ 3 ਤੇ ਅਕਾਲੀ ਦਲ ਦੇ ਹਿੱਸੇ ਇੱਕ ਸੀਟ ਆਈ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਪੁੱਡੂਚੇਰੀ ਦੀ ਇੱਕ-ਇੱਕ ਸੀਟ ਕਾਂਗਰਸ ਦੇ ਹਿੱਸੇ ਆਈ ਹੈ। ਭਾਜਪਾ ਅਸਾਮ ਵਿੱਚੋਂ ਤਿੰਨ ਤੇ ਹਿਮਾਚਲ ਵਿੱਚੋਂ ਦੋ ਸੀਟਾਂ ਜਿੱਤਣ ਵਿੱਚ ਕਾਮਯਾਬ ਜ਼ਰੂਰ ਹੋਈ ਹੈ। ਰਾਜਸਥਾਨ ਵਿੱਚ ਵੀ ਭਾਜਪਾ ਨੂੰ ਇੱਕ ਸੀਟ ਤੋਂ ਹਾਰ ਦਾ ਮੂੰਹ ਵੇਖਣਾ ਪਿਆ ਹੈ। ਮੋਟੇ ਤੌਰ ਉੱਤੇ ਜ਼ਿਮਨੀ ਚੋਣਾਂ ਵਿੱਚ ਵੀ ਕਾਂਗਰਸ ਨੂੰ ਭਾਜਪਾ ਉੱਤੇ ਬੜ੍ਹਤ ਹਾਸਲ ਹੁੰਦੀ ਜਾਪਦੀ ਹੈ।
ਇਨ੍ਹਾਂ ਸਮੁੱਚੀਆਂ ਚੋਣਾਂ ਨੇ ਇਹ ਗੱਲ ਸਪੱਸ਼ਟ ਤੌਰ ਉੱਤੇ ਸਾਹਮਣੇ ਲੈ ਆਂਦੀ ਹੈ ਕਿ ਰਾਸ਼ਟਰਵਾਦ ਵਰਗੇ ਮੁੱਦਿਆਂ ਨੂੰ ਉਭਾਰ ਕੇ ਇੱਕ-ਅੱਧ ਵਾਰ ਤਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ, ਪਰ ਸਦਾ ਲਈ ਨਹੀਂ। ਲੋਕਾਂ ਲਈ ਮੁੱਖ ਮੁੱਦੇ ਵਿਕਾਸ, ਸਿੱਖਿਆ, ਸਿਹਤ ਤੇ ਰੋਟੀ-ਰੋਜ਼ੀ ਦੇ ਹਨ, ਇਨ੍ਹਾਂ ਨੂੰ ਲੋਕਾਂ ਤੋਂ ਦੂਰ ਨਹੀਂ ਕੀਤਾ ਜਾ ਸਕਦਾ।

826 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper