Latest News
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

Published on 24 Oct, 2019 10:45 AM.ਡੇਰਾ ਬਾਬਾ ਨਾਨਕ/ਅੰਮ੍ਰਿਤਸਰ/ਬਟਾਲਾ
(ਰਮੇਸ਼ ਸ਼ਰਮਾ/ਅਵਤਾਰ ਸਿੰਘ ਆਨੰਦ/ਤਰਲੋਕ ਬੱਗਾ)
ਭਾਰਤ ਨੇ ਵੀਰਵਾਰ ਡੇਰਾ ਬਾਬਾ ਨਾਨਕ ਅੰਤਰਰਾਸ਼ਟਰੀ ਸਰਹੱਦ ਦੇ ਜ਼ੀਰੋ ਪੁਆਇੰਟ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਚਾਲੂ ਕਰਨ ਲਈ ਤੌਰ-ਤਰੀਕਿਆਂ ਬਾਰੇ ਪਾਕਿਸਤਾਨ ਨਾਲ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ। ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਅਧਿਕਾਰੀ ਦਸਤਖ਼ਤ ਕਰਨ ਦੇ ਇਸ ਸਮਾਰੋਹ ਦੌਰਾਨ ਮੌਜੂਦ ਰਹੇ।
ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ 22 ਨਵੰਬਰ 2018 ਨੂੰ ਇੱਕ ਮਤਾ ਪਾਸ ਕੀਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਸਮਾਰੋਹ ਵਿਸ਼ਾਲ ਅਤੇ ਸ਼ਾਨਦਾਰ ਢੰਗ ਨਾਲ ਸਾਰੇ ਦੇਸ਼ ਅਤੇ ਦੁਨੀਆ ਭਰ ਵਿਚ ਮਨਾਇਆ ਜਾਵੇ। ਇੱਕ ਇਤਿਹਾਸਕ ਫੈਸਲੇ ਵਿਚ ਕੇਂਦਰੀ ਮੰਤਰੀ ਮੰਡਲ ਨੇ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਕਰਤਾਰਪੁਰ ਸਾਹਿਬ ਕੋਰੀਡੋਰ ਤਿਆਰ ਕਰਨ ਅਤੇ ਵਿਕਸਤ ਕਰਨ ਦਾ ਕੰਮ ਹੱਥ ਵਿਚ ਲੈਣ ਦਾ ਫੈਸਲਾ ਕੀਤਾ ਸੀ ਤਾਂ ਕਿ ਭਾਰਤ ਤੋਂ ਤੀਰਥ ਯਾਤਰੀ ਸਾਰਾ ਸਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੁਖਾਲੇ ਅਤੇ ਨਿਰਵਿਘਨ ਢੰਗ ਨਾਲ ਜਾ ਸਕਣ। ਇਸ ਸਮਝੌਤੇ 'ਤੇ ਦਸਤਖ਼ਤ ਹੋਣ ਨਾਲ ਕਰਤਾਰਪੁਰ ਸਾਹਿਬ ਲਾਂਘੇ ਲਈ ਇੱਕ ਬਕਾਇਦਾ ਢਾਂਚਾ ਤਿਆਰ ਹੋ ਗਿਆ ਹੈ। ਇਸ ਉਪਰੰਤ ਡੇਰਾ ਬਾਬਾ ਨਾਨਕ ਬੀ.ਐੱਸ.ਐੱਫ਼ ਦੀ ਟਾਊਨ ਪੋਸਟ 'ਤੇ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਸੀ.ਐੱਲ ਦਾਸ ਗ੍ਰਹਿ ਸੰਯੁਕਤ ਸਕੱਤਰ ਭਾਰਤ ਸਰਕਾਰ ਨੇ ਦੱਸਿਆ ਕਿ ਸਭ ਧਰਮਾਂ ਦੇ ਅਤੇ ਭਾਰਤੀ ਮੂਲ ਦੇ ਵਿਅਕਤੀ ਇਸ ਲਾਂਘੇ ਦੀ ਵਰਤੋਂ ਕਰ ਸਕਦੇ ਹਨ ਤੇ ਇਹ ਯਾਤਰਾ ਵੀਜ਼ਾ ਮੁਕਤ ਹੋਵੇਗੀ। ਉਨ੍ਹਾਂ ਦੱਸਿਆ ਕਿ ਤੀਰਥ ਯਾਤਰੀਆਂ ਨੂੰ ਆਪਣੇ ਕੋਲ ਜਾਇਜ਼ ਪਾਸਪੋਰਟ ਰੱਖਣਾ ਪਵੇਗਾ ਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਆਪਣੇ ਦੇਸ਼ ਦੇ ਪਾਸਪੋਰਟ ਤੋਂ ਇਲਾਵਾ ਓ ਸੀ ਆਈ ਕਾਰਡ ਵੀ ਰੱਖਣਾ ਪਵੇਗਾ। ਉਨ੍ਹਾਂ ਦੱਸਿਆ ਕਿ ਕੋਰੀਡੋਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹਾ ਰਿਹਾ ਕਰੇਗਾ। ਸਵੇਰ ਵੇਲੇ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਉਸੇ ਦਿਨ ਵਾਪਸ ਪਰਤਣਾ ਪਵੇਗਾ ਤੇ ਇਹ ਲਾਂਘਾ ਸਿਰਫ਼ ਨੋਟੀਫਾਈ ਦਿਨਾਂ ਨੂੰ ਛੱਡ ਕੇ ਸਾਰਾ ਸਾਲ ਖੁੱਲ੍ਹਾ ਰਹੇਗਾ ਤੇ ਇਸ ਬਾਰੇ ਪਹਿਲਾਂ ਜਾਣਕਾਰੀ ਦੇਣੀ ਪਵੇਗੀ। ਉਨ੍ਹਾਂ ਦੱਸਿਆ ਕਿ ਤੀਰਥ ਯਾਤਰੀਆਂ ਨੂੰ ਛੋਟ ਹੋਵੇਗੀ ਕਿ ਉਹ ਨਿੱਜੀ ਰੂਪ ਵਿਚ ਜਾਂ ਗਰੁੱਪਾਂ ਵਿੱਚ ਵੀ ਜਾ ਸਕਣਗੇ ਅਤੇ ਪੈਦਲ ਵੀ ਜਾ ਸਕਣਗੇ। ਐੱਸ.ਸੀ.ਐੱਲ ਦਾਸ ਨੇ ਕਿਹਾ ਕਿ ਭਾਰਤ ਤੀਰਥ ਯਾਤਰੀਆਂ ਦੀ ਲਿਸਟ ਪਾਕਿਸਤਾਨ ਨੂੰ ਯਾਤਰਾ ਦੀ ਤਰੀਕ ਤੋਂ 10 ਦਿਨ ਪਹਿਲਾਂ ਭੇਜੇਗਾ ਤੇ ਇਸ ਦੀ ਤਾਈਦ ਯਾਤਰਾ ਦੀ ਤਰੀਕ ਤੋਂ 4 ਦਿਨ ਪਹਿਲਾਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਧਿਰ ਨੇ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ ਪਾਕਿਸਤਾਨ ਵਾਲੇ ਪਾਸੇ ਸੰਗਤਾਂ ਲਈ 'ਲੰਗਰ' ਅਤੇ 'ਪ੍ਰਸ਼ਾਦ' ਦੇ ਕਾਫ਼ੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਇਸ ਮੌਕੇ ਵਿਚਾਰਨ ਦਾ ਮੁੱਖ ਮੁੱਦਾ ਇਹ ਸੀ ਕਿ ਪਾਕਿਸਤਾਨ ਹਰ ਤੀਰਥ ਯਾਤਰੀ ਤੋਂ 20 ਅਮਰੀਕੀ ਡਾਲਰ ਦੀ ਸੇਵਾ ਫੀਸ ਵਸੂਲਣ 'ਤੇ ਅੜਿਆ ਹੋਇਆ ਸੀ ਤੇ ਭਾਰਤ ਲਗਾਤਾਰ ਪਾਕਿਸਤਾਨ ਨੂੰ ਬੇਨਤੀ ਕਰਦਾ ਰਿਹਾ ਕਿ ਤੀਰਥ ਯਾਤਰੀਆਂ ਉਤੇ ਕੋਈ ਫੀਸ ਨਾ ਲਗਾਈ ਜਾਵੇ ਅਤੇ ਇਹ ਵਾਰ-ਵਾਰ ਇੱਥੋਂ ਤੱਕ ਕਿ ਜਾਇੰਟ ਸਕੱਤਰ ਪੱਧਰ ਤੱਕ ਦੀਆਂ ਮੀਟਿੰਗਾਂ ਅਤੇ ਡਿਪਲੋਮੈਟਿਕ ਪੱਧਰ 'ਤੇ ਜ਼ੋਰ ਦਿੱਤਾ ਗਿਆ ਕਿ ਇਹ ਸ਼ਰਤ ਭਾਰਤੀ ਤੀਰਥ ਯਾਤਰੀਆਂ ਦੀਆਂ ਧਾਰਮਿਕ ਅਤੇ ਰੂਹਾਨੀ ਭਾਵਨਾਵਾਂ ਅਨੁਸਾਰ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਕੋਲ ਇਸ ਗੱਲ ਲਈ ਆਪਣੀ ਨਾਰਾਜ਼ਗੀ ਜਤਾਈ ਕਿ ਉਹ ਫੀਸ ਮੁਆਫ਼ ਨਹੀਂ ਕਰ ਰਿਹਾ, ਪਰ ਤੀਰਥ ਯਾਤਰੀਆਂ ਦੇ ਹਿੱਤ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਚਾਲੂ ਹੋਣ ਲਈ ਭਾਰਤ ਅੱਜ ਇਸ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹੋ ਗਿਆ। ਦਾਸ ਨੇ ਕਿਹਾ ਕਿ ਭਾਵੇਂ ਸਮਝੌਤੇ 'ਤੇ ਦਸਤਖ਼ਤ ਹੋ ਗਏ ਹਨ, ਪਰ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਨੂੰ ਇਹ ਬੇਨਤੀ ਕਰੀ ਜਾ ਰਹੀ ਹੈ ਕਿ ਉਹ ਫੀਸ ਲੈਣ ਦੀ ਆਪਣੀ ਸ਼ਰਤ 'ਤੇ ਮੁੜ ਵਿਚਾਰ ਕਰੇ ਤੇ ਭਾਰਤ ਇਸ ਹਿਸਾਬ ਨਾਲ ਸਮਝੌਤੇ ਵਿਚ ਸੋਧ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ 'ਤੇ ਲਗਾਤਾਰ ਜ਼ੋਰ ਦੇ ਰਿਹਾ ਹੈ ਕਿ ਇਸ ਲਾਂਘੇ ਲਈ ਸਾਰੇ ਮੌਸਮਾਂ ਦੀ ਕੁਨੈਕਟਿਵਿਟੀ ਜਾਰੀ ਰੱਖੀ ਜਾਵੇ। ਇਸ ਸੰਦਰਭ ਵਿਚ ਭਾਰਤ ਸਰਕਾਰ ਨੇ ਅੰਤਰਿਮ ਸਮਝੌਤੇ ਵਜੋਂ ਭਾਰਤੀ ਪਾਸੇ ਵੱਲ ਇਕ ਪੁਲ ਤਿਆਰ ਕੀਤਾ ਹੈ ਅਤੇ ਇਕ ਆਰਜ਼ੀ ਸੜਕ ਵੀ ਬਣਾਈ ਹੈ। ਆਸ ਹੈ ਕਿ ਪਾਕਿਸਤਾਨ ਆਪਣੇ ਭਰੋਸੇ 'ਤੇ ਪੂਰਾ ਉਤਰੇਗਾ ਕਿ ਉਹ ਜਲਦੀ ਤੋਂ ਜਲਦੀ ਆਪਣੇ ਪਾਸੇ ਪੁਲ ਬਣਾਵੇਗਾ। ਦਾਸ ਨੇ ਕਿਹਾ ਕਿ ਸਾਰਾ ਲੋੜੀਂਦਾ ਢਾਂਚਾ ਜਿਵੇਂ ਕਿ ਹਾਈਵੇ ਅਤੇ ਯਾਤਰੀ ਟਰਮੀਨਲ ਬਿਲਡਿੰਗ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਤਕਰੀਬਨ ਤਿਆਰੀ ਦੇ ਕੰਢੇ 'ਤੇ ਹਨ। ਤੀਰਥ ਯਾਤਰੀਆਂ ਲਈ ਇੱਕ ਮਜ਼ਬੂਤ ਸੁਰੱਖਿਆ ਢਾਂਚਾ ਤਿਆਰ ਹੈ, ਜਿਸ ਰਾਹੀਂ ਉਨ੍ਹਾਂ ਦਾ ਸਫ਼ਰ ਸੁਖਾਲਾ ਅਤੇ ਨਿਰਵਿਘਨ ਜਾਰੀ ਰਹੇ। ਉਨ੍ਹਾ ਦੱਸਿਆ ਕਿ ਤੀਰਥ ਯਾਤਰੀਆਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਵੀਰਵਾਰ ਤੋਂ ਸਰਗਰਮ ਹੋ ਚੁੱਕਾ ਹੈ। ਤੀਰਥ ਯਾਤਰੀਆਂ ਨੂੰ ਆਪਣੇ-ਆਪ ਨੂੰ ਇਸ ਪੋਰਟਲ 'ਤੇ ਲਾਜ਼ਮੀ ਤੌਰ 'ਤੇ ਰਜਿਸਟਰ ਕਰਵਾਉਣਾ ਪਵੇਗਾ ਅਤੇ ਉਸ ਲਈ ਯਾਤਰਾ ਦੀ ਤਰੀਕ ਵੀ ਦੱਸਣੀ ਪਵੇਗੀ। ਉਨ੍ਹਾਂ ਕਿਹਾ ਕਿ ਤੀਰਥ ਯਾਤਰੀਆਂ ਨੂੰ ਐੱਸ ਐੱਮ ਐੱਸ ਜਾਂ ਈ-ਮੇਲ ਰਾਹੀਂ ਯਾਤਰਾ ਤੋਂ 3-4 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਤਸਦੀਕ ਬਾਰੇ ਦੱਸਿਆ ਜਾਵੇਗਾ ਤੇ ਇੱਕ ਇਲੈਕਟ੍ਰਾਨਿਕ ਯਾਤਰਾ ਅਥਾਰਟੀ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਯਾਤਰੀ ਟਰਮੀਨਲ ਬਿਲਡਿੰਗ ਵਿਚ ਪਹੁੰਚਣ ਸਮੇਂ ਇਹ ਇਲੈਕਟ੍ਰਾਨਿਕ ਯਾਤਰਾ ਅਧਿਕਾਰ ਪੱਤਰ ਆਪਣੇ ਪਾਸਪੋਰਟ ਨਾਲ ਆਪਣੇ ਕੋਲ ਰੱਖਣਾ ਪਵੇਗਾ। ਇਸ ਮੌਕੇ ਹੁਸਨ ਲਾਲ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ ਪਾਸਪੋਰਟ ਨਹੀਂ ਹਨ, ਉਨ੍ਹਾਂ ਲੋਕਾਂ ਦੀ ਸਹੂਲਤ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਚ ਜਲਦੀ ਹੀ ਪਾਸਪੋਰਟ ਸੇਵਾ ਕੇਂਦਰ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾ ਦੱਸਿਆ ਕਿ ਸੂਬੇ ਦੇ ਸਾਰੇ ਸੇਵਾ ਕੇਂਦਰਾਂ ਵਿਚ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਦੀਪਕ ਮਿੱਤਲ ਸੰਯੁਕਤ ਸਕੱਤਰ ਵਿਦੇਸ਼ ਮੰਤਰਾਲਾ ਭਾਰਤ ਸਰਕਾਰ, ਰਾਜੀਵ ਸਿੰਘ ਠਾਕੁਰ, ਪਵਿੱਤਰ ਸਿੰਘ ਡਾਇਰੈਕਟਰ ਪ੍ਰੈੱਸ ਇਨਫਰਮੇਸ਼ਨ ਚੰਡੀਗੜ੍ਹ, ਵਿਰਾਟ ਮਜ਼ਬੂਰ ਡਿਪਟੀ ਡਾਇਰੈਕਟਰ ਪ੍ਰੈੱਸ ਇਨਫਰਮੇਸ਼ਨ ਬਿਊਰੋ ਕਲਕੱਤਾ, ਸ਼ਿਸ਼ੂਪਾਲ ਸ਼ਰਮਾ ਮੀਡੀਆ ਅਤੇ ਕਮਿਊਨੀਕੇਸ਼ਨ ਅਫ਼ਸਰ ਜਲੰਧਰ ਤੋਂ ਇਲਾਵਾ ਬੀ.ਐੱਸ.ਐੱਫ਼ ਦੇ ਉੱਚ ਅਧਿਕਾਰੀ ਹਾਜ਼ਰ ਸਨ।

361 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper