ਇਰਾਕ ਸੰਕਟ ਦਾ ਹੱਲ ਫ਼ੌਜੀ ਕਾਰਵਾਈ ਨਹੀਂ : ਓਬਾਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ਦੀ ਮੌਜੂਦਾ ਸੰਸਦ ਨੂੰ ਖ਼ਤਮ ਕਰਨ ਲਈ ਇਸ ਮੱਧ ਪੂਰਬ ਦੇਸ਼ ਦੇ ਆਗੂਆਂ ਨੂੰ ਸਿਆਸੀ ਹੱਲ ਕੱਢਣ ਦੀ ਅਪੀਲ ਕੀਤੀ ਹੈ। ਓਬਾਮਾ ਨੇ ਕਿਹਾ ਹੈ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਸਮੱਸਿਆ ਦਾ ਹੱਲ ਫ਼ੌਜੀ ਕਾਰਵਾਈ ਨਾਲ ਨਹੀਂ ਕੱਢਿਆ ਜਾ ਸਕਦਾ। ਓਬਾਮਾ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਉਨ੍ਹਾ ਨੇ ਇਰਾਕ ਨੂੰ ਮਜ਼ਬੂਤ ਲੋਕਤੰਤਰ ਬਨਣ ਦਾ ਮੌਕਾ ਦਿੱਤਾ।rnਉਨ੍ਹਾ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਇਰਾਕ ਦੇਸ਼ ਦਾ ਇੱਕ ਸਮਰੱਥ ਢਾਂਚਾ ਤਿਆਰ ਕਰੇ, ਜਿਸ ਵਿੱਚ ਦੇਸ਼ ਦੇ ਤਿੰਨ ਪ੍ਰਮੁੱਖ ਭਾਈਚਾਰੇ ਸ਼ੀਆ, ਸੁੰਨੀ ਅਤੇ ਕਰਦ ਸ਼ਾਮਲ ਹੋਣ। ਓਬਾਮਾ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਇਰਾਕ ਜੰਗ 'ਚ ਮੁੜ ਸ਼ਾਮਲ ਨਹੀਂ ਹੋਵੇਗਾ, ਪਰ ਨਾਲ ਹੀ ਕਿਹਾ ਹੈ ਕਿ ਇਰਾਕ ਦੀ ਸਹਾਇਤਾ ਲਈ ਅਮਰੀਕਾ 300 ਫ਼ੌਜੀ ਸਲਾਹਕਾਰ ਭੇਜਣ ਲਈ ਤਿਆਰ ਹੈ। ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ (ਆਈ ਐਸ ਆਈ ਐਸ) ਨੇ ਇਰਾਕ ਦੇ ਕੁਝ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ। ਅਮਰੀਕਾ ਦੇ ਅਧਿਕਾਰੀਆਂ ਦੀ ਸਮਝ ਹੈ ਕਿ ਇਰਾਕ ਨੂੰ ਇਕਜੁਟ ਰੱਖਣ ਅਤੇ ਫਿਰਕੂ ਤਨਾਅ ਨੂੰ ਘਟਾਉਣ ਲਈ ਇੱਕ ਚੰਗੀ ਲੀਡਰਸ਼ਿਪ ਦੀ ਲੋੜ ਹੈ, ਕਿਉਂਕਿ ਪ੍ਰਧਾਨ ਮੰਤਰੀ ਨੂਰੀ ਅਲ ਮਲੀਕੀ ਇਸ ਦੇ ਸਮਰੱਥ ਨਹੀਂ ਹੈ।