Latest News
ਆਈਨਸਟਾਈਨ ਨੂੰ ਚੈਲੰਜ ਕਰਨ ਵਾਲੇ 'ਵੈਗਿਆਨਿਕ ਜੀ' ਨਹੀਂ ਰਹੇ

Published on 14 Nov, 2019 11:40 AM.


ਪਟਨਾ : ਦੇਸ਼ ਦੇ ਸਟੀਫਨ ਹੌਕਿੰਗ ਕਹੇ ਜਾਣ ਵਾਲੇ ਹਿਸਾਬਦਾਨ ਵਸ਼ਿਸ਼ਠ ਨਾਰਾਇਣ ਸਿੰਘ (74) ਦਾ ਵੀਰਵਾਰ ਸਵੇਰੇ ਪਟਨਾ ਮੈਡੀਕਲ ਕਾਲਜ ਐਂਡ ਹਾਸਪਿਟਲ ਵਿਚ ਦਿਹਾਂਤ ਹੋ ਗਿਆ। ਉਹ ਸਾਈਜ਼ੋਫਰੀਨੀਆ ਤੋਂ ਪੀੜਤ ਸਨ। ਪਰਿਵਾਰ ਨੂੰ ਮ੍ਰਿਤਕ ਦੇਹ ਘਰ ਲਿਜਾਣ ਲਈ ਐਂਬੂਲੈਂਸ ਦਾ ਇਕ ਘੰਟਾ ਇੰਤਜ਼ਾਰ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਇਸਨੂੰ ਲੈ ਕੇ ਨਿਤਿਸ਼ ਸਰਕਾਰ ਦੀ ਕਾਫੀ ਅਲੋਚਨਾ ਹੋਈ। ਕੁਮਾਰ ਵਿਸ਼ਵਾਸ ਨੇ ਲਿਖਿਆ, ''ਦੁਨੀਆ ਨੇ ਜਿਸਦਾ ਲੋਹਾ ਮੰਨਿਆ ਉਸ ਪ੍ਰਤੀ ਬਿਹਾਰ ਏਨਾ ਪੱਥਰ ਦਿੱਲ ਹੋ ਗਿਆ?'' ਇਸਤੋਂ ਬਾਅਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਮਹਾਨ ਸ਼ਖਸੀਅਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ।
ਤਬੀਅਤ ਜ਼ਿਆਦਾ ਵਿਗੜਨ 'ਤੇ ਉਨ੍ਹਾ ਦੇ ਭਰਾ ਸਵੇਰੇ ਹੀ ਹਸਪਤਾਲ ਲੈ ਕੇ ਗਏ ਸਨ। ਡਾਕਟਰਾਂ ਨੇ ਉਨ੍ਹਾ ਨੂੰ ਡੈੱਡ ਐਲਾਨ ਕੇ ਡੈੱਥ ਸਰਟੀਫਿਕੇਟ ਕੱਟ ਦਿੱਤਾ। ਐਂਬੂਲੈਂਸ ਦਾ ਪ੍ਰਬੰਧ ਕਰਨ ਦੀ ਸੋਚੀ ਨਹੀਂ।
ਵਸ਼ਿਸ਼ਠ ਨਾਰਾਇਣ ਸਿੰਘ ਦਾ ਜਨਮ 2 ਅਪ੍ਰੈਲ 1946 ਨੂੰ ਹੋਇਆ ਸੀ। ਉਨ੍ਹਾ ਦਾ ਦਿਮਾਗ ਕੰਪਿਊਟਰ ਵਾਂਗ ਚਲਦਾ ਸੀ ਤੇ ਉਨ੍ਹਾ ਅਲਬਰਟ ਆਈਨਸਟਾਈਨ ਦੇ ਸਿਧਾਂਤ ਨੂੰ ਚੈਲੰਜ ਕਰ ਦਿੱਤਾ ਸੀ। ਸਾਈਜ਼ੋਫਰੀਨੀਆ ਦੀ ਬੀਮਾਰੀ ਦਾ ਸ਼ਿਕਾਰ ਹੋ ਜਾਣ ਕਾਰਨ ਦੁਨੀਆ ਉਨ੍ਹਾ ਦੀ ਪ੍ਰਤਿਭਾ ਦਾ ਪੂਰਾ ਫਾਇਦਾ ਨਹੀਂ ਉਠਾ ਸਕੀ। ਉਹ 1973-74 ਤੋਂ ਬੀਮਾਰ ਚਲ ਰਹੇ ਸਨ। ਉਨ੍ਹਾ 1963 ਦੀ ਹਾਇਰ ਸੈਕੰਡਰੀ ਪ੍ਰੀਖਿਆ ਵਿਚ ਸੂਬੇ ਵਿਚ ਟਾਪ ਕੀਤਾ ਸੀ। ਉਨ੍ਹਾ ਦਾ ਰਿਕਾਰਡ ਤੇ ਪ੍ਰਤਿਭਾ ਦੇਖਦਿਆਂ 1965 ਵਿਚ ਪਟਨਾ ਯੂਨੀਵਰਸਿਟੀ ਨੇ ਉਨ੍ਹਾ ਨੂੰ ਇਕ ਸਾਲ ਵਿਚ ਹੀ ਬੀ ਐਸਸੀ ਆਨਰਜ਼ ਦੀ ਡਿਗਰੀ ਦੇ ਦਿੱਤੀ ਸੀ। ਇਸ ਲਈ ਨਿਯਮ ਬਦਲਿਆ ਗਿਆ ਸੀ। ਜਦ ਉਹ ਪਟਨਾ ਸਾਇੰਸ ਕਾਲਜ ਵਿਚ ਪੜ੍ਹਦੇ ਸਨ ਤਾਂ ਹਿਸਾਬ ਦੇ ਪ੍ਰੋਫੈਸਰ ਨੂੰ ਚੈਲੰਜ ਕਰ ਦਿੰਦੇ ਸਨ। ਗਲਤ ਪੜ੍ਹਾਉਣ 'ਤੇ ਟੋਕ ਦਿੰਦੇ ਸਨ। ਉਨ੍ਹਾ ਨੂੰ ਕਾਲਜ ਵਿਚ ਸਭ 'ਵੈਗਿਆਨਿਕ ਜੀ' ਕਹਿ ਕੇ ਬੁਲਾਉਂਦੇ ਸਨ।
ਪੜ੍ਹਾਈ ਦੌਰਾਨ ਹੀ ਉਨ੍ਹਾ ਨੂੰ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਹਨ ਕੈਲੀ ਨੇ ਅਮਰੀਕਾ ਆਉਣ ਦੀ ਪੇਸ਼ਕਸ਼ ਕੀਤੀ ਤੇ ਉਹ 1965 ਵਿਚ ਅਮਰੀਕਾ ਚਲੇ ਗਏ। ਉਥੇ 1969 ਵਿਚ ਪੀ ਐਚ ਡੀ ਕੀਤੀ। ਇਸ ਲਈ ਉਨ੍ਹਾ 'ਦੀ ਪੀਸ ਆਫ ਸਪੇਸ ਥਿਊਰੀ' ਨਾਂ ਦਾ ਖੋਜ-ਪੱਤਰ ਪੇਸ਼ ਕੀਤਾ। ਇਸ ਵਿਚ ਉਨ੍ਹਾ ਆਈਨਸਟਾਈਨ ਦੀ ਥਿਊਰੀ 'ਸਾਪੇਖਤਾ ਦੇ ਸਿਧਾਂਤ' ਨੂੰ ਚੁਣੌਤੀ ਦਿੱਤੀ। ਪੀ ਐਚ ਡੀ ਕਰਨ ਤੋਂ ਬਾਅਦ ਵਸ਼ਿੰਗਟਨ ਯੂਨੀਵਰਸਿਟੀ ਵਿਚ ਪੜ੍ਹਾਉਣ ਲੱਗੇ। ਉਨ੍ਹਾ ਕੁਝ ਸਮਾਂ ਪੁਲਾੜ ਜਥੇਬੰਦੀ ਨਾਸਾ ਵਿਚ ਵੀ ਕੰਮ ਕੀਤਾ। ਉਨ੍ਹਾ ਦਾ ਇਕ ਕਿੱਸਾ ਕਾਫੀ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਨਾਸਾ ਵਿਚ ਅਪੋਲੋ ਦੀ ਲਾਂਚਿੰਗ ਤੋਂ ਪਹਿਲਾਂ 31 ਕੰਪਿਊਟਰ ਕੁਝ ਸਮੇਂ ਲਈ ਬੰਦ ਹੋ ਗਏ।
ਉਨ੍ਹਾ ਮੈਨੁਅਲ ਕੈਲਕੂਲੇਸ਼ਨ ਕੀਤੀ। ਜਦੋਂ ਕੰਪਿਊਟਰ ਠੀਕ ਕਰਕੇ ਡਾਟਾ ਕੱਢਿਆ ਗਿਆ ਤਾਂ ਪਤਾ ਲੱਗਾ ਕਿ ਕੰਪਿਊਟਰ ਦੀ ਕੈਲਕੂਲੇਸ਼ਨ ਉਹੀ ਸੀ ਜਿਹੜੀ 'ਵੈਗਿਆਨਿਕ ਜੀ' ਨੇ ਕੀਤੀ ਸੀ। ਏਨੀ ਸਫਲਤਾ ਦੇ ਬਾਵਜੂਦ ਉਨ੍ਹਾ ਦਾ ਮਿੱਟੀ ਨਾਲ ਮੋਹ ਨਹੀਂ ਟੁੱਟਿਆ। ਉਹ 1971 ਵਿਚ ਪਰਤ ਆਏ।
ਇਥੇ ਉਨ੍ਹਾ ਆਈ ਆਈ ਟੀ ਕਾਨਪੁਰ, ਆਈ ਆਈ ਟੀ ਬੰਬੇ ਤੇ ਆਈ ਐਸ ਆਈ ਕਲਕੱਤਾ ਸਣੇ ਤਮਾਮ ਨਾਮੀ ਅਦਾਰਿਆਂ ਵਿਚ ਪੜ੍ਹਾਇਆ। ਹਿਸਾਬ ਨਾਲ ਉਨ੍ਹਾ ਦਾ ਲਗਾਅ ਆਖਰੀ ਵਕਤ ਤਕ ਬਣਿਆ ਰਿਹਾ।
ਮੌਤ ਤੋਂ ਕੁਝ ਦਿਨ ਪਹਿਲਾਂ ਇਕ ਸਮਾਜੀ ਕਾਰਕੁੰਨ ਡਾਇਰੀ ਤੇ ਕਲਮ ਲੈ ਕੇ ਉਨ੍ਹਾ ਨੂੰ ਮਿਲਣ ਆਇਆ ਤਾਂ ਉਨ੍ਹਾ ਕਲਮ ਲੈ ਕੇ ਉਸਦੇ ਹੱਥ 'ਤੇ ਹਿਸਾਬ ਦਾ ਫਾਰਮੂਲਾ ਲਿਖਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਅਮਰੀਕਾ ਤੋਂ ਪਰਤੇ ਸਨ ਤਾਂ ਕਿਤਾਬਾਂ ਦੇ 10 ਬਕਸੇ ਲਿਆਏ ਸਨ। ਉਨ੍ਹਾ ਨੂੰ ਬੰਸਰੀ ਵਜਾਉਣ ਦਾ ਸ਼ੌਕ ਸੀ। ਬਿਹਾਰ ਦੇ ਫਿਲਮਸਾਜ਼ ਪ੍ਰਕਾਸ਼ ਝਾਅ ਨੇ ਹਾਲ ਹੀ ਵਿਚ ਉਨ੍ਹਾ 'ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ।

305 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper