Latest News
ਬੀ ਐੱਚ ਯੂ 'ਚ ਮੁਸਲਮ ਨੂੰ ਸੰਸਕ੍ਰਿਤ ਦਾ ਅਸਿਸਟੈਂਟ ਪ੍ਰੋਫੈਸਰ ਲਾਉਣ ਦਾ ਵਿਰੋਧ

Published on 19 Nov, 2019 11:31 AM.


ਵਾਰਾਨਸੀ : ਬਨਾਰਸ ਹਿੰਦੂ ਯੂਨੀਵਰਸਿਟੀ (ਬੀ ਐੱਚ ਯੂ) ਦੇ ਸੰਸਕ੍ਰਿਤ ਵਿਦਿਆ ਧਰਮ ਵਿਗਿਆਨ ਵਿਭਾਗ ਵਿਚ 7 ਨਵੰਬਰ ਨੂੰ ਅਸਿਸਟੈਂਟ ਪ੍ਰੋਫੈਸਰ ਵਜੋਂ ਜੁਆਇਨ ਕਰਨ ਵਾਲੇ ਫਿਰੋਜ਼ ਖਾਨ ਪਿਛਲੇ ਕੁਝ ਦਿਨਾਂ ਤੋਂ ਲੁਕਦੇ ਫਿਰ ਰਹੇ ਹਨ। ਉਨ੍ਹਾ ਮੋਬਾਈਲ ਫੋਨ ਵੀ ਬੰਦ ਕਰ ਰੱਖਿਆ ਹੈ।
ਉਨ੍ਹਾ ਦੀ ਨਿਯੁਕਤੀ ਵਿਰੁੱਧ ਸੋਮਵਾਰ ਵਿਦਿਆਰਥੀਆਂ ਨੇ ਇਕ ਹਵਨ ਕੁੰਡ ਬਣਾਇਆ ਤੇ ਵੀ ਸੀ ਦੇ ਘਰ ਅੱਗੇ ਮੁਜ਼ਾਹਰਾ ਕੀਤਾ। ਉਹ ਫਿਰੋਜ਼ ਖਾਨ ਦੀ ਨਿਯੁਕਤੀ ਦਾ ਇਸ ਕਰਕੇ ਵਿਰੋਧ ਕਰ ਰਹੇ ਹਨ ਕਿ ਉਹ ਮੁਸਲਮਾਨ ਹਨ। ਵਿਦਿਆਰਥੀਆਂ ਨੇ ਉਨ੍ਹਾ ਦੀ ਨਿਯੁਕਤੀ ਵਾਲੇ ਦਿਨ ਤੋਂ ਹੀ ਕਲਾਸਾਂ ਦਾ ਬਾਈਕਾਟ ਕੀਤਾ ਹੋਇਆ ਹੈ।
ਖਾਨ ਨੇ ਇਸੇ ਦਰਮਿਆਨ ਕਿਹਾ ਸੀ ਕਿ ਆਸ ਹੈ ਕਿ ਵਿਦਿਆਰਥੀ ਮੰਨ ਜਾਣਗੇ। ਉਨ੍ਹਾ ਕਿਹਾ, 'ਸਾਰੀ ਉਮਰ ਮੈਂ ਸੰਸਕ੍ਰਿਤ ਸਿੱਖੀ ਤੇ ਕਦੇ ਨਹੀਂ ਮਹਿਸੂਸ ਕੀਤਾ ਕਿ ਮੈਂ ਮੁਸਲਮਾਨ ਹਾਂ। ਹੁਣ ਜਦੋਂ ਮੈਂ ਪੜ੍ਹਾਉਣ ਲੱਗਾਂ ਤਾਂ ਇਹ ਇਕ ਮੁੱਦਾ ਬਣ ਗਿਆ।'
ਖਾਨ ਨੇ ਸ਼ਾਸਤਰੀ (ਬੀ ਏ), ਸ਼ਿਕਸ਼ਾ ਸ਼ਾਸਤਰੀ (ਬੀ ਐੱਡ), ਆਚਾਰੀਆ (ਪੋਸਟ ਗ੍ਰੈਜੂਏਟ) ਕਰਨ ਤੋਂ ਬਾਅਦ ਜੈਪੁਰ ਦੇ ਰਾਸ਼ਟਰੀਆ ਸੰਸਕ੍ਰਿਥ ਸੰਸਥਾਨ (ਡੀਮਡ ਯੂਨੀਵਰਸਿਟੀ) ਤੋਂ 2018 ਵਿਚ ਪੀ ਐੱਚ ਡੀ ਕੀਤੀ। ਉਨ੍ਹਾ ਐੱਨ ਈ ਟੀ ਤੇ ਜੇ ਆਰ ਐੱਫ ਵੀ ਕਲੀਅਰ ਕੀਤਾ ਹੈ। ਖਾਨ, ਜਿਨ੍ਹਾ ਦੇ ਪਿਤਾ ਰਮਜ਼ਾਨ ਖਾਨ ਵੀ ਸੰਸਕ੍ਰਿਤ ਦੇ ਗ੍ਰੈਜੂਏਟ ਹਨ, ਨੇ ਕਿਹਾ, 'ਮੈਂ ਦੂਜੀ ਤੋਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ ਸੀ, ਪਰ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਹਾਲਾਂਕਿ ਜੈਪੁਰ ਤੋਂ 30 ਕਿਲੋਮੀਟਰ ਦੂਰ ਮੇਰੇ ਪਿੰਡ ਬਾਗੜੂ ਵਿਚ 30 ਫੀਸਦੀ ਮੁਸਲਮ ਰਹਿੰਦੇ ਹਨ। ਨਾ ਮੌਲਵੀ ਤੇ ਨਾ ਸਮਾਜ ਨੇ ਇਤਰਾਜ਼ ਕੀਤਾ। ਦਰਹਕੀਕਤ ਮੈਂ ਕੁਰਾਨ ਬਾਰੇ ਓਨਾ ਨਹੀਂ ਜਾਣਦਾ, ਜਿੰਨਾ ਸੰਸਕ੍ਰਿਤ ਸਾਹਿਤ ਬਾਰੇ ਗਿਆਨ ਰੱਖਦਾ ਹਾਂ। ਮੁਸਲਮ ਹੋਣ ਦੇ ਬਾਵਜੂਦ ਇਲਾਕੇ ਦੇ ਉੱਘੇ ਹਿੰਦੂ ਮੇਰੇ ਸੰਸਕ੍ਰਿਤ ਗਿਆਨ 'ਤੇ ਮੇਰੀ ਪ੍ਰਸੰਸਾ ਕਰਦੇ ਰਹੇ ਹਨ।'
ਤਿੰਨ ਹੋਰ ਵਿਦਿਆਰਥੀਆਂ ਸ਼ਸ਼ੀਕਾਂਤ ਮਿਸ਼ਰਾ, ਸ਼ੁਭਮ ਤਿਵਾੜੀ ਤੇ ਚੱਕਰਪਾਣੀ ਓਝਾ ਨਾਲ ਮਿਲ ਕੇ ਖਾਨ ਵਿਰੁੱਧ ਝੰਡਾ ਚੁੱਕੀ ਫਿਰਦੇ ਰਿਸਰਚ ਦੇ ਵਿਦਿਆਰਥੀ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ, 'ਜਿਹੜਾ ਵਿਅਕਤੀ ਸਾਡੀਆਂ ਭਾਵਨਾਵਾਂ ਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਨਹੀਂ, ਉਹ ਸਾਨੂੰ ਤੇ ਸਾਡੇ ਧਰਮ ਨੂੰ ਕਿਵੇਂ ਸਮਝੇਗਾ।' ਮਿਸ਼ਰਾ ਨੇ ਖੰਡਨ ਕੀਤਾ ਕਿ ਪ੍ਰੋਟੈੱਸਟ ਕੋਈ ਸਿਆਸੀ ਜਥੇਬੰਦੀ ਕਰਾ ਰਹੀ ਹੈ। ਹਾਲਾਂਕਿ ਉਸ ਨੇ ਮੰਨਿਆ ਕਿ ਉਹ ਆਰ ਐੱਸ ਐੱਸ ਦਾ ਮੈਂਬਰ ਰਿਹਾ ਹੈ। ਓਝਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਮੈਂਬਰ ਅਤੇ ਤਿਵਾੜੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੇ ਕੇਂਦਰੀ ਬ੍ਰਾਹਮਣ ਮਹਾਂ ਸਭਾ ਦਾ ਮੈਂਬਰ ਰਹਿ ਚੁੱਕਿਆ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਕਾਇਲ ਨਹੀਂ ਕਰ ਸਕਿਆ ਕਿ ਸੰਸਕ੍ਰਿਤ ਸਾਹਿਤ ਦੀ ਪੜ੍ਹਾਈ ਦਾ ਧਰਮ ਨਾਲ ਕੋਈ ਸੰਬੰਧ ਨਹੀਂ। ਖਾਨ ਨੇ ਕਿਹਾ, 'ਵਿਦਿਆਰਥੀ ਪ੍ਰੋਟੈੱਸਟ ਕਰ ਰਹੇ ਹਨ ਕਿ ਮੁਸਲਮ ਹੋਣ ਦੇ ਨਾਤੇ ਮੈਂ ਹਿੰਦੂਵਾਦ ਕਿਵੇਂ ਪੜ੍ਹਾ ਸਕਦਾ ਹਾਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਹਿਤ ਵਿਭਾਗ ਵਿਚ ਅਸੀਂ ਸੰਸਕ੍ਰਿਤ ਸਾਹਿਤ ਦੀਆਂ ਤਕਨੀਕਾਂ ਅਤੇ ਅਭਿਗਿਆਨ ਸ਼ਕੁੰਤਲਮ, ਉੱਤਰ ਰਾਮਚਰਿਤਮ, ਰਘੁਵੰਸ਼ ਮਹਾਂਕਾਵਿ ਤੇ ਹਰਸ਼ਚਰਿਤਮ ਆਦਿ ਦਾ ਅਧਿਐਨ ਕਰਨਾ ਹੈ। ਇਨ੍ਹਾਂ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ। ਜੇ ਮੈਂ ਵੇਦ, ਧਰਮ ਸ਼ਾਸਤਰ ਜਾਂ ਜੋਤਿਸ਼ ਪੜ੍ਹਾਉਣਾ ਹੋਵੇ ਤਾਂ ਇਕ ਛਿਣ ਲਈ ਮੰਨ ਸਕਦਾ ਹਾਂ ਕਿ ਮੈਨੂੰ ਹਿੰਦੂ ਹੋਣਾ ਚਾਹੀਦਾ ਹੈ, ਪਰ ਸੰਸਕ੍ਰਿਤ ਸਾਹਿਤ ਪੜ੍ਹਾਉਣ ਦਾ ਮੁਸਲਮ ਹੋਣ ਨਾਲ ਕੋਈ ਸੰਬੰਧ ਨਹੀਂ।'
ਯੂਨੀਵਰਸਿਟੀ ਵਿਚ ਪ੍ਰਾਚੀਨ ਇਤਿਹਾਸ ਦੇ ਪ੍ਰੋਫੈਸਰ ਮਹੇਸ਼ ਪ੍ਰਸਾਦ ਅਹੀਰਵਰ ਨੇ ਕਿਹਾ ਕਿ ਜੋ ਵੀ ਕਾਬਲ ਹੈ, ਉਸ ਨੂੰ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਹੱਕ ਹੈ। ਵਿਰੋਧ ਕਰਨ ਵਾਲਿਆਂ ਨਾਲ ਕਾਨੂੰਨ ਮੁਤਾਬਕ ਨਜਿੱਠਣਾ ਚਾਹੀਦਾ ਹੈ। ਖਾਨ ਦੇ ਟੀਚਰ ਰਹੇ ਸ੍ਰੀ ਸੋਮਨਾਥ ਸੰਸਕ੍ਰਿਤ ਯੂਨੀਵਰਸਿਟੀ ਵੇਰਾਵਲ (ਗੁਜਰਾਤ) ਦੇ ਸਾਬਕਾ ਵਾਈਸ ਚਾਂਸਲਰ ਅਰਕਨਾਥ ਚੌਧਰੀ ਦਾ ਕਹਿਣਾ ਹੈ ਕਿ ਖਾਨ ਬਹੁਤ ਹੀ ਸਿਆਣਾ ਵਿਅਕਤੀ ਹੈ। ਇਹ ਤੱਥ ਵੀ ਦਿਲਚਸਪੀ ਤੋਂ ਖਾਲੀ ਨਹੀਂ ਕਿ ਖਾਨ ਦਾ ਪਰਵਾਰ ਗਊ ਭਗਤ ਹੈ ਤੇ ਭਜਨ ਕਰਦਾ ਹੈ।

195 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper