Latest News
ਡਰਨ ਵਾਲੇ ਨਹੀਂ, ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਰੱਖਾਂਗੇ ਜਾਰੀ : ਆਇਸ਼ੀ ਘੋਸ਼

Published on 19 Nov, 2019 11:37 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੀ ਰਾਜਧਾਨੀ 'ਚ ਵਿਆਪਕ ਵਿਰੋਧ ਪ੍ਰਦਰਸ਼ਨ ਦੇ ਇੱਕ ਦਿਨ ਬਾਅਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (ਜੇ ਐੱਨ ਯੂ ਐੱਸ ਯੂ) ਨੇ 18 ਨਵੰਬਰ ਨੂੰ 'ਕਾਲਾ ਦਿਨ' ਦੱਸਿਆ। ਜਦ ਆਮ ਵਿਦਿਆਰਥੀ ਸਸਤੀ ਸਿੱਖਿਆ ਦੇ ਬਚਾਅ 'ਚ ਉਠ ਖੜਾ ਹੋਇਆ ਤਾਂ ਉਨ੍ਹਾਂ ਨਾਲ ਪੁਲਸ ਨੇ ਕੁੱਟਮਾਰ ਅਤੇ ਦੁਰਵਿਹਾਰ ਕਰਨ 'ਤੇ ਵੀ ਵਿਦਿਆਰਥੀ ਦੀ ਹਾਰ ਨਹੀਂ ਹੋਈ। ਜੇ ਐੱਨ ਯੂ ਐੱਸ ਯੂ ਨੇ ਜਾਰੀ ਇੱਕ ਬਿਆਨ 'ਚ ਕਿਹਾ ਕਿ 18 ਨਵੰਬਰ ਨੂੰ ਇਸ ਦੇਸ਼ ਦੇ ਸਾਰੇ ਵਿਦਿਆਰਥੀ ਅਤੇ ਨੌਜਵਾਨਾਂ ਲਈ ਇੱਕ ਇਤਿਹਾਸਕ ਦਿਨ ਦੇ ਰੂਪ 'ਚ ਯਾਦ ਕੀਤਾ ਜਾਵੇਗਾ ਅਤੇ ਸਿੱਧੇ ਗ੍ਰਹਿ ਮੰਤਰਾਲੇ ਵੱਲੋਂ ਕੰਟਰੋਲ ਦਿੱਲੀ ਪੁਲਸ ਅਤੇ ਉਸ ਦੀ ਕਾਰਵਾਈ ਬਹੁਤ ਹੀ ਨਿੰਦਨਯੋਗ ਹੈ।
ਮੰਗਲਵਾਰ ਨੂੰ ਜੇ ਐੱਨ ਯੂ ਵਿਦਿਆਰਥੀ ਸੰਘ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਸਿੱਧੇ ਤੌਰ 'ਤੇ ਸਰਕਾਰ ਨੂੰ ਚੈਲੇਂਜ ਕੀਤਾ ਕਿ ਉਹ ਝੁਕਣ ਵਾਲੇ ਨਹੀਂ ਹਨ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਵੱਲੋਂ ਵਧਾਈ ਗਈ ਹਾਸਟਲ ਫੀਸ ਪੂਰੀ ਤਰ੍ਹਾਂ ਵਾਪਸ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਜੇ ਐੱਨ ਯੂ ਐੈੱਸ ਯੂ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਐਲਾਨ ਕੀਤਾ ਕਿ ਜੇਕਰ ਵਾਰ-ਵਾਰ ਸੰਸਦ ਘੇਰਨ ਦੀ ਜ਼ਰੂਰਤ ਪਈ ਤਾਂ ਉਹ ਵੀ ਕਰਨਗੇ। ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ ਪਿਛਲੇ 23 ਦਿਨਾਂ ਤੋਂ ਮੰਗ ਕਰ ਰਹੇ ਹਾਂ ਪਰ ਕੋਈ ਵੀ ਸਾਡੀ ਗੱਲ ਨਹੀਂ ਸੁਣ ਰਿਹਾ। ਦਿੱਲੀ ਪੁਲਸ ਵੱਲੋਂ ਜੋ ਲਾਠੀਚਾਰਜ ਕੀਤਾ ਗਿਆ, ਉਹ ਬਹੁਤ ਘਿਨਾਉਣੀ ਕਾਰਵਾਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜੋ ਜ਼ਖ਼ਮੀ ਹੋਏ, ਉਹ ਪ੍ਰੈੱਸ ਕਾਨਫਰੰਸ ਦਾ ਹਿੱਸਾ ਨਹੀਂ ਬਣ ਸਕੇ। ਇਸ ਮੌਕੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਮਰਦ ਪੁਲਸ ਜਵਾਨਾਂ ਵੱਲੋਂ ਵਿਦਿਆਰਥਣਾਂ ਨੂੰ ਫੜਿਆ ਜਾ ਰਿਹਾ ਸੀ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੰਤਰਾਲੇ ਵੱਲੋਂ ਜਿਸ ਕਮੇਟੀ ਦਾ ਗਠਨ ਕੀਤਾ ਗਿਆ, ਉਸ ਨੇ ਵਿਦਿਆਰਥੀਆਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਆਇਸ਼ੀ ਘੋਸ਼ ਨੇ ਕਿਹਾ ਕਿ ਜਦ ਵੀ ਸੀ ਸਾਡੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਤਾਂ ਅਸੀਂ ਆਪਣਾ ਪ੍ਰਦਰਸ਼ਨ ਕਿਉਂ ਰੋਕੀਏ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵੀ ਸੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ, ਪੁਲਸ ਦੇ ਬਲ 'ਤੇ ਅਸੀਂ ਡਰਨ ਵਾਲੇ ਨਹੀਂ ਅਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ।
ਵਿਦਿਆਰਥੀ ਸੰਘ ਨੇ ਇਹ ਵੀ ਕਿਹਾ ਕਿ ਸਾਰੇ ਵਧੀ ਫੀਸ ਦੀ ਗੱਲ ਤਾਂ ਕਰ ਰਹੇ ਹਨ, ਪਰ ਜੇ ਐੱਨ ਯੂ 'ਚ ਹੋਸਟਲ ਵੰਡਣ ਸਮੇਂ ਦਲਿਤ ਅਤੇ ਆਦਿਵਾਸੀ ਵਿਦਿਆਰਥੀਆਂ ਨੂੰ ਜੋ ਰਾਖਵਾਂਕਰਨ ਦਿੱਤਾ ਜਾਂਦਾ ਸੀ, ਨਵੇਂ ਹੋਸਟਲ ਮੈਨੂਅਲ ਤੋਂ ਬਾਅਦ ਖ਼ਤਮ ਹੋ ਜਾਵੇਗਾ। ਇਸ ਤੋਂ ਇਲਾਵਾ ਨਵੇਂ ਨਿਯਮ ਮੁਤਾਬਕ ਹੋਸਟਲ ਫੀਸ ਹਰ ਸਾਲ 10 ਫੀਸਦੀ ਵਧਾਈ ਜਾਵੇਗੀ, ਜੋ ਕਿ ਸਭ ਤੋਂ ਖ਼ਤਰਨਾਕ ਹੈ। ਇਸ ਦੇ ਨਾਲ ਹੀ ਵਿਦਿਆਰਥੀ ਸੰਘ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮੀਡੀਆ ਦੇ ਸਾਹਮਣੇ ਲਿਆਂਦਾ, ਜੋ ਸੋਮਵਾਰ ਨੂੰ ਪੁਲਸ ਵੱਲੋਂ ਚਲਾਈਆਂ ਲਾਠੀਆਂ 'ਚ ਜ਼ਖ਼ਮੀ ਹੋਏ ਸਨ। ਬਿਆਨ 'ਚ ਕਿਹਾ ਗਿਆ ਹੈ, 'ਜਿਸ ਦਿਨ ਭਾਰਤੀ ਸੰਸਦ ਸਰਦ ਰੁੱਤ ਦੇ 250ਵੇਂ ਸੈਸ਼ਨ ਲਈ ਬੈਠੀ ਸੀ, ਉਸੇ ਦਿਨ ਰਾਸ਼ਟਰੀ ਰਾਜਧਾਨੀ 'ਚ ਵਿਦਿਆਰਥੀਆਂ 'ਤੇ ਇੱਕ ਜ਼ਾਲਮਾਨਾ ਕਾਰਵਾਈ ਹੋਈ। ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ ਖੂਨ ਨਾਲ ਲੱਥਪੱਥ ਹੋਈਆਂ ਸਨ।' ਅੰਦੋਲਨਕਾਰੀ ਵਿਦਿਆਰਥੀਆਂ ਵੱਲੋਂ ਸੋਮਵਾਰ ਨੂੰ ਸੰਸਦ ਤੱਕ ਮਾਰਚ ਕੱਢਣ ਦੀ ਕੋਸ਼ਿਸ਼ ਤੋਂ ਬਾਅਦ ਦਿੱਲੀ ਪੁਲਸ ਨੇ ਘੱਟੋ-ਘੱਟ 50 ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ।

294 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper