ਮੀਂਹ ਨੇ ਕਰਾ'ਤੀ ਧਨ-ਧਨ

ਕੱਲ੍ਹ ਤੱਕ ਮੀਂਹ ਲਈ ਕੁਦਰਤ ਅੱਗੇ ਪੱਲਾ ਅੱਡਣ ਵਾਲੇ ਲੋਕ ਹੁਣ ਹੱਥ ਜੋੜ ਰਹੇ ਹਨ ਕਿ 'ਬੱਸ ਹੋਰ ਮੀਂਹ ਨਹੀਂ ਚਾਹੀਦਾ'। ਕੱਲ੍ਹ ਪਈ ਬਾਰਸ਼ ਤੋਂ ਬਾਅਦ ਅੱਜ ਸਵੇਰੇ ਮੁੜ ਪਏ ਭਾਰੀ ਮੀਂਹ ਨੇ ਲੋਕਾਂ ਦੇ ਹੱਥ ਖੜੇ ਕਰਾ ਦਿੱਤੇ। ਕੱਲ੍ਹ ਪਏ ਮੀਂਹ ਤੋਂ ਬਾਅਦ ਸਾਫ਼ ਹੋਏ ਮੌਸਮ ਦਰਮਿਆਨ ਅੱਜ ਸਵੇਰੇ ਜ਼ੋਰਦਾਰ ਮੀਂਹ ਨੇ ਜਲ-ਥਲ ਕਰ ਦਿੱਤਾ। ਇਹ ਮੀਂਹ, ਮੀਂਹ ਨਹੀਂ ਰਾਹਤ ਦਾ ਪਟਾਰਾ ਸੀ, ਜਿਸ ਨੇ ਕਿਸਾਨਾਂ ਤੋਂ ਲੈ ਕੇ ਸਰਕਾਰ ਤੱਕ ਸਾਰਿਆਂ ਨੂੰ ਰਾਹਤ ਪ੍ਰਦਾਨ ਕੀਤੀ। ਭਿਆਨਕ ਗਰਮੀ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਤਬਾਹੀ ਦੇ ਬੂਥੇ ਦਿੱਤਾ ਹੋਇਆ ਸੀ। ਸਬਜ਼ੀਆਂ ਅਤੇ ਨਰਮੇ ਦੀ ਫ਼ਸਲ ਤਾਂ ਨੁਸਕਾਨ ਉਠਾ ਵੀ ਚੁੱਕੀ ਸੀ। ਝੋਨਿਆਂ 'ਚ ਵੀ ਪਾਣੀ ਨਹੀਂ ਸੀ ਖੜ ਰਿਹਾ। ਝੋਨਿਆਂ 'ਚ ਪਈਆਂ ਤਰੇੜਾਂ ਨੂੰ ਦੇਖ ਕੇ ਕਿਸਾਨ ਪ੍ਰੇਸ਼ਾਨ ਸੀ। ਬਿਜਲੀ ਦੀ ਘਾਟ ਦੇ ਚੱਲਦਿਆਂ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਜੱਦੋਜਹਿਦ ਕਰ ਰਹੇ ਸਨ। ਇਸ ਬਾਰਸ਼ ਨੇ ਫ਼ਸਲਾਂ ਨੂੰ ਨਵਾਂ ਜੀਵਨ ਬਖਸ਼ ਦਿੱਤਾ। ਫ਼ਸਲਾਂ ਹੀ ਨਹੀਂ, ਗਰਮੀ ਦੇ ਝੰਬੇ ਮਨੁੱਖਾਂ ਨੂੰ ਵੀ ਇਸ ਬਾਰਸ਼ ਨੇ ਬਹੁਤ ਵੱਡੀ ਰਾਹਤ ਦਿੱਤੀ। ਇਹੀ ਨਹੀਂ ਇਸ ਬਾਰਸ਼ ਨੇ ਬਾਦਲ ਸਰਕਾਰ ਦੀ ਵੀ ਰੱਖ ਵਿਖਾਈ, ਕਿਉਂਕਿ ਮੀਂਹ ਨਾ ਪੈਣ ਕਰਕੇ ਰਾਜ ਵਿੱਚ ਬਿਜਲੀ ਦੀ ਮੰਗ ਹਰ ਪਲ ਵਧਦੀ ਜਾ ਰਹੀ ਸੀ। ਨਾ ਤਾਂ ਕਿਸਾਨਾਂ ਨੂੰ ਪੂਰੀ ਬਿਜਲੀ ਮਿਲ ਰਹੀ ਸੀ ਤੇ ਨਾ ਉਦਯੋਗਿਕ ਸੈਕਟਰ ਨੂੰ, ਘਰੇਲੂ ਖ਼ਪਤਕਾਰ ਵੀ ਸਰਕਾਰ ਨੂੰ ਕੋਸ ਰਿਹਾ ਸੀ। ਬਾਹਰੋਂ ਬਿਜਲੀ ਖ਼ਰੀਦ ਕੇ ਆਪਣੇ ਪੜਦੇ ਢੱਕ ਰਹੀ ਸਰਕਾਰ ਨੂੰ ਇਹ ਮੀਂਹ ਕਿਨਾਰੇ ਲਾ ਗਿਆ, ਕਿਉਂਕਿ ਮੀਂਹ ਤੋਂ ਬਾਅਦ ਬਿਜਲੀ ਦੀ ਮੰਗ ਕਾਫੀ ਘੱਟ ਗਈ ਹੈ ਤੇ ਜਦ ਤੱਕ ਬਿਜਲੀ ਦੀ ਮੰਗ ਵਧਣੀ ਸ਼ੁਰੂ ਹੋਵੇਗੀ, ਤਦ ਤੱਕ ਮਾਨਸੂਨ ਉਤਰ ਭਾਰਤ 'ਚ ਦਸਤਕ ਦੇ ਚੁੱਕਾ ਹੋਵੇਗਾ। ਇਸ ਤੋਂ ਇਲਾਵਾ ਪਸ਼ੂ-ਪਰਿੰਦਿਆਂ ਲਈ ਵੀ ਇਹ ਬਾਰਸ਼ 'ਅੰਮ੍ਰਿਤ' ਬਣ ਕੇ ਬਹੁੜੀ ਹੈ, ਗਰਮੀ ਨਾਲ ਇਹ ਬੇਜ਼ੁਬਾਨ ਬੁਰੇ ਹਾਲੀਂ ਸਨ। ਸੱਚਮੁੱਚ, ਇਸ ਬਾਰਸ਼ ਨੇ ਸਭ ਨੂੰ ਰਾਹਤ ਦਿੱਤੀ ਹੈ। ਗਰਮੀ ਕਾਰਨ ਬੇਜ਼ਾਰ ਜਿਹੀ ਹੋਈ ਸਮੁੱਚੀ ਬਨਸਪਤੀ ਨੂੰ ਸੁਰਜੀਤ ਕਰ ਗਈ ਇਹ ਬਾਰਸ਼।