Latest News
ਨਾਗਰਿਕਤਾ ਕਾਨੂੰਨ ਵਿਰੁੱਧ ਨਾਗਰਿਕ

Published on 19 Dec, 2019 11:11 AM.


ਨਾਗਰਿਕਤਾ ਸੋਧ ਬਿੱਲ ਦੇ ਪੇਸ਼ ਹੋਣ ਸਮੇਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਲੋਕ ਸਭਾ ਤੇ ਰਾਜ ਸਭਾ ਵਿੱਚ ਇਸ ਦੇ ਪਾਸ ਹੋਣ ਤੇ ਰਾਸ਼ਟਰਪਤੀ ਵੱਲੋਂ ਇਸ ਉੱਤੇ ਦਸਤਖਤ ਕਰ ਦੇਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਗਿਆ। ਇਸ ਉਪਰੰਤ ਇਸ ਦੇ ਵਿਰੋਧ ਵਿੱਚ ਲੋਕ ਸੜਕਾਂ ਉੱਤੇ ਨਿਕਲਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਇਸ ਦਾ ਵਿਰੋਧ ਅਸਾਮ ਸਮੇਤ ਸੱਤ ਉੱਤਰ-ਪੂਰਬੀ ਰਾਜਾਂ ਵਿੱਚ ਸ਼ੁਰੂ ਹੋਇਆ ਤੇ ਫਿਰ ਅੱਗ ਪੱਛਮੀ ਬੰਗਾਲ ਵਿੱਚ ਪੁੱਜ ਗਈ। ਜਾਮੀਆ ਮਿਲੀਆ ਇਸਲਾਮੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਉੱਤੇ ਹੋਈ ਪੁਲਸ ਦੀ ਬਰਬਰਤਾ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋਰ ਭਖ ਗਿਆ। ਦੇਸ਼ ਦੀਆਂ ਲੱਗਭੱਗ 25 ਨਾਮਣੇ ਵਾਲੀਆਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੇ ਸੜਕਾਂ ਉੱਤੇ ਨਿਕਲ ਕੇ ਇਸ ਫਿਰਕੂ ਤਾਸੀਰ ਵਾਲੇ ਕਾਨੂੰਨ ਦੇ ਵਿਰੋਧ ਤੇ ਜਾਮੀਆ ਮਿਲੀਆ ਦੇ ਵਿਦਿਆਰਥੀਆਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ। ਸਿਰਫ਼ ਦੋ ਘਟਨਾਵਾਂ, ਇੱਕ ਦਿੱਲੀ ਦੇ ਇੱਕ ਇਲਾਕੇ ਵਿੱਚ ਦੋ ਬੱਸਾਂ ਨੂੰ ਅੱਗ ਲਾਉਣ ਤੇ ਦੂਜੀ ਸੀਲਮਪੁਰ ਇਲਾਕੇ ਵਿੱਚ ਕੁਝ ਸ਼ਰਾਰਤੀਆਂ ਵੱਲੋਂ ਪੱਥਰਬਾਜ਼ੀ ਕਰਨ, ਤੋਂ ਬਿਨਾਂ ਸਮੁੱਚੇ ਦੇਸ਼ ਵਿੱਚ ਵਿਦਿਆਰਥੀ ਤੇ ਨਾਗਰਿਕ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ। ਜਾਮੀਆ ਮਿਲੀਆ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਘਟਨਾਵਾਂ ਭਾੜੇ ਦੇ ਗੁੰਡਿਆਂ ਵੱਲੋਂ ਉਨ੍ਹਾਂ ਦੇ ਪੁਰਅਮਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤੀਆਂ ਗਈਆਂ ਸਨ, ਪਰ ਪੁਲਸ ਵੱਲੋਂ ਜਿਸ ਤਰ੍ਹਾਂ ਪਹਿਲਾਂ ਜਾਮੀਆ ਮਿਲੀਆ ਯੂਨੀਵਰਸਿਟੀ ਤੇ ਫਿਰ ਅਲੀਗੜ੍ਹ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕੀਤਾ ਗਿਆ ਤੇ ਹੋਸਟਲਾਂ ਵਿੱਚੋਂ ਕੱਢ ਕੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ, ਉਸ ਦੀ ਦੇਸ਼ ਹੀ ਨਹੀਂ, ਅਮਰੀਕਾ ਤੱਕ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਘੋਰ ਨਿੰਦਾ ਕੀਤੀ ਹੈ।
ਨਾਗਰਿਕ ਸੋਧ ਕਾਨੂੰਨ ਤੇ ਇਸ ਵਿਰੁੱਧ ਅੰਦੋਲਨ ਦੌਰਾਨ ਵਾਪਰੇ ਦੁਖਦਾਈ ਘਟਨਾਕ੍ਰਮ ਵਿਰੁੱਧ ਦੇਸ਼ ਦੀਆਂ ਖੱਬੀਆਂ ਪਾਰਟੀਆਂ ਤੇ 60 ਤੋਂ ਵੱਧ ਸਮਾਜਿਕ ਜਥੇਬੰਦੀਆਂ ਨੇ 19 ਦਸੰਬਰ ਨੂੰ ਦੇਸ਼ ਭਰ ਵਿੱਚ ਪੁਰਅਮਨ ਰੋਸ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਸੀ। ਆਪਣੀਆਂ ਮੰਗਾਂ ਜਾਂ ਸਰਕਾਰ ਦੇ ਗਲਤ ਸਮਝੇ ਜਾਂਦੇ ਫੈਸਲਿਆਂ ਵਿਰੁੱਧ ਸ਼ਾਂਤਮਈ ਰੋਸ ਪ੍ਰਗਟ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ, ਪਰ ਮੌਜੂਦਾ ਚੁੱਕੇ ਜਾ ਰਹੇ ਕਦਮ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਵੇਲੇ ਦਾ ਅਹਿਸਾਸ ਕਰਾ ਰਹੇ ਹਨ। ਸਰਕਾਰ ਵੱਲੋਂ ਇਨ੍ਹਾਂ ਪੁਰਅਮਨ ਮੁਜ਼ਾਹਰਿਆਂ ਨੂੰ ਰੋਕਣ ਲਈ ਲੱਗਭੱਗ ਸਾਰੇ ਭਾਜਪਾ ਸ਼ਾਸਤ ਰਾਜਾਂ ਵਿੱਚ ਦਫ਼ਾ 144 ਲਾ ਦਿੱਤੀ ਗਈ। ਦਿੱਲੀ ਵਿੱਚ ਇੰਟਰਨੈੱਟ ਤੇ ਮੋਬਾਇਲ ਸੇਵਾ ਬੰਦ ਕਰ ਦਿੱਤੀ ਗਈ, ਤੇ 20 ਤੋਂ ਵੱਧ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ, ਤਾਂ ਜੋ ਪ੍ਰਦਰਸ਼ਨਕਾਰੀ ਪਹੁੰਚ ਨਾ ਸਕਣ। ਦਿੱਲੀ ਵਿੱਚ ਪ੍ਰਦਰਸ਼ਨ ਦਾ ਸੱਦਾ ਦੇਣ ਵਾਲੇ ਆਗੂ ਸੀ ਪੀ ਆਈ ਦੇ ਜਨਰਲ ਸਕੱਤਰ ਡੀ. ਰਾਜਾ ਤੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਸਮੇਤ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸੇ ਤਰ੍ਹਾਂ ਕਰਨਾਟਕ ਵਿੱਚ ਪ੍ਰਸਿੱਧ ਇਤਿਹਾਸਕਾਰ ਰਾਮ ਚੰਦਰ ਗੂਹਾ ਸਮੇਤ ਬਹੁਤ ਸਾਰੇ ਪ੍ਰਦਰਸ਼ਨਕਾਰੀ ਫੜ ਲਏ ਗਏ।
ਦੇਸ਼ ਵਾਸੀਆਂ ਨੂੰ ਉਹ ਦਿਨ ਯਾਦ ਕਰਾਏ ਜਾ ਰਹੇ ਹਨ, ਜਦੋਂ ਜਲ੍ਹਿਆਂਵਾਲਾ ਬਾਗ ਵਿੱਚ ਪੁਰਅਮਨ ਜਲਸਾ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਜਨਰਲ ਡਾਇਰ ਵੀ ਇਹੋ ਚਾਹੁੰਦਾ ਸੀ ਕਿ ਉਸ ਦੀ ਸਰਕਾਰ ਵਿਰੁੱਧ ਕੋਈ ਮੂੰਹ ਨਾ ਖੋਲ੍ਹੇ ਤੇ ਅਜੋਕੇ ਹਾਕਮ ਵੀ ਉਸੇ ਰਾਹ ਉੱਤੇ ਚੱਲ ਰਹੇ ਹਨ, ਪਰ ਅਜੋਕੇ ਹਾਕਮਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਅਸੀਂ ਗੁਲਾਮ ਸਾਂ ਤੇ ਅੱਜ ਅਸੀਂ ਲੋਕਤੰਤਰੀ ਵਿਵਸਥਾ ਵਿੱਚ ਰਹਿ ਰਹੇ ਹਾਂ। ਲੋਕਤੰਤਰ ਵਿੱਚ ਲੋਕ ਹੀ ਅਸਲੀ ਹਾਕਮ ਹੁੰਦੇ ਹਨ। ਇਸ ਕਾਰਨ ਪਾਬੰਦੀਆਂ ਦੇ ਬਾਵਜੂਦ ਲੋਕਾਂ ਨੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਤੋਂ ਇਲਾਵਾ ਬਿਹਾਰ ਦੇ ਸਭ ਛੋਟੇ-ਵੱਡੇ ਸ਼ਹਿਰਾਂ, ਯੂ ਪੀ ਦੇ ਸਭ ਜ਼ਿਲ੍ਹਾ ਕੇਂਦਰਾਂ, ਕੇਰਲਾ ਦੇ ਸਭ ਸ਼ਹਿਰਾਂ ਵਿੱਚ ਮੁਜ਼ਾਹਰੇ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਆਉਣ ਵਾਲੇ ਦਿਨਾਂ ਵਿੱਚ ਇਹ ਅੰਦੋਲਨ ਹੋਰ ਜ਼ੋਰ ਫੜ ਸਕਦਾ ਹੈ। ਪਰ ਅੰਦੋਲਨ ਦੇ ਪ੍ਰਬੰਧਕਾਂ ਨੂੰ ਇੱਕ ਗੱਲੋਂ ਸੁਚੇਤ ਹੋਣਾ ਪਵੇਗਾ ਕਿ ਹਾਕਮ ਝੁਕਣ ਦੀ ਥਾਂ ਕੁਚਲਣ ਦੀ ਪ੍ਰਵਿਰਤੀ ਰੱਖਦਾ ਹੈ। ਥਾਂ-ਥਾਂ ਦਫ਼ਾ 144 ਲਾਉਣੀ ਉਸ ਦੀ ਇਸੇ ਸੋਚ ਦਾ ਪ੍ਰਗਟਾਵਾ ਹੈ। ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਕਿਸੇ ਤਰ੍ਹਾਂ ਦੀ ਭੰਨ-ਤੋੜ ਜਾਂ ਅਸ਼ਾਂਤੀ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਪੂਰੀ ਨਜ਼ਰ ਰੱਖੀ ਜਾਵੇ ਕਿ ਕੋਈ ਸ਼ਰਾਰਤੀ ਅਨਸਰ ਮੌਕੇ ਦਾ ਫਾਇਦਾ ਨਾ ਉਠਾ ਜਾਵੇ। ਨਾਗਰਿਕ ਸੋਧ ਕਾਨੂੰਨ ਨੂੰ ਰੋਕਣ ਲਈ ਸ਼ਾਂਤੀਪੂਰਵਕ ਅੰਦੋਲਨ ਹੀ ਇੱਕੋ-ਇੱਕ ਸਹੀ ਰਸਤਾ ਹੈ। ਇਸ ਮੌਕੇ ਅਸੀਂ ਉਨ੍ਹਾਂ ਲੱਖਾਂ ਲੋਕਾਂ ਨੂੰ ਵਧਾਈ ਦਿੰਦੇ ਹਾਂ, ਜਿਹੜੇ ਹੱਡ-ਚੀਰਵੀਂ ਠੰਢ ਵਿੱਚ ਵੀ ਦੇਸ਼ ਦੇ ਰੌਸ਼ਨ ਭਵਿੱਖ ਲਈ ਲੜ ਰਹੇ ਹਨ।

1091 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper