Latest News
ਕੈਪਟਨ ਵੱਲੋਂ ਨੰਦੇੜ 'ਚ ਫਸੇ 2000 ਸ਼ਰਧਾਲੂਆਂ ਦੀ ਵਾਪਸੀ ਲਈ ਪ੍ਰਬੰਧ ਕਰਨ ਦੀ ਅਪੀਲ

Published on 25 Mar, 2020 09:42 AM.


ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨੂੰ ਸ੍ਰੀ ਨੰਦੇੜ ਸਾਹਿਬ ਤੋਂ ਪੰਜਾਬ ਦੇ 2000 ਸ਼ਰਧਾਲੂਆਂ ਦੀ ਵਾਪਸੀ ਲਈ ਫੌਰੀ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ, ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੀ ਤਾਲਾਬੰਦੀ ਕਾਰਨ ਉਥੇ ਫਸੇ ਹੋਏ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਪੱਤਰ ਲਿਖੇ ਹਨ। ਬੁਲਾਰੇ ਨੇ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਜਵਾਬ ਵਿੱਚ ਭਰੋਸਾ ਦਿੱਤਾ ਹੈ ਕਿ ਉਥੇ ਫਸੇ ਸ਼ਰਧਾਲੂਆਂ ਦੀ ਮਦਦ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਬੁਲਾਰੇ ਮੁਤਾਬਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਇਸ ਸੰਬੰਧ ਵਿੱਚ ਬਣਦੇ ਕਦਮ ਚੁੱਕੇ ਜਾ ਰਹੇ ਹਨ। ਇਸੇ ਦੌਰਾਨ ਮਹਾਰਾਸ਼ਟਰ ਦੇ ਸੈਰ-ਸਪਾਟਾ, ਵਾਤਾਵਰਣ ਅਤੇ ਪ੍ਰੋਟੋਕੋਲ ਮੰਤਰੀ ਅਦਿੱਤਿਆ ਠਾਕਰੇ ਨੇ ਇਸ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ, 'ਧੰਨਵਾਦ ਸਰ, ਇਸ ਮਾਮਲੇ ਨੂੰ ਦੇਖਾਂਗੇ ਅਤੇ ਲੋੜੀਂਦੀ ਮਦਦ ਕਰਾਂਗੇ।' ਮੁੱਖ ਮੰਤਰੀ ਨੇ ਟਵੀਟ ਕੀਤਾ ਸੀ, 'ਗੁਰਦੁਆਰਾ ਸ੍ਰੀ ਨੰਦੇੜ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖੇ ਹਨ। ਸ਼ਰਧਾਲੂ ਲੰਮੇ ਸਮੇਂ ਤੋਂ ਇੱਥੇ ਫਸੇ ਹੋਏ ਹਨ ਅਤੇ ਇਨ੍ਹਾਂ ਨੂੰ ਆਪਣੇ ਘਰਾਂ ਅਤੇ ਪਰਵਾਰਾਂ ਕੋਲ ਸੁਰੱਖਿਅਤ ਲਿਆਉਣਾ ਸਾਡਾ ਫਰਜ਼ ਹੈ।' ਕੇਂਦਰੀ ਗ੍ਰਹਿ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਕੈਪਟਨ ਨੇ ਕਿਹਾ ਕਿ ਪੰਜਾਬ ਤੋਂ ਇਹ ਸ਼ਰਧਾਲੂ ਮਹਾਰਾਸ਼ਟਰ ਵਿੱਚ ਨੰਦੇੜ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਉਹਨਾ ਲਿਖਿਆ ਕਿ ਕੋਵਿਡ-19 ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਰੇਲਾਂ ਰੱਦ ਹੋਣ ਅਤੇ ਬੀਤੇ ਦਿਨੀਂ ਅੱਧੀ ਰਾਤ ਤੋਂ ਕੌਮੀ ਤਾਲਾਬੰਦੀ ਹੋਣ ਕਰਕੇ ਭਾਰਤ ਸਰਕਾਰ ਦੀ ਵਿਸ਼ੇਸ਼ ਮਨਜ਼ੂਰੀ ਤੋਂ ਬਿਨਾਂ ਇਨ੍ਹਾਂ ਦੇ ਪੰਜਾਬ ਆਉਣ ਦੀ ਕੋਈ ਸੰਭਾਵਨਾ ਨਹੀਂ।

261 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper