Latest News
ਫੀਡ ਨਾ ਮਿਲਣ ਕਾਰਨ ਮੁਰਗੀ ਫਾਰਮ 'ਚ ਭੁੱਖ ਨਾਲ ਮਰੇ ਦੋ ਹਜ਼ਾਰ ਤੋਂ ਵੱਧ ਚੂਚੇ

Published on 29 Mar, 2020 10:50 AM.


ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ)
ਕੋਰੋਨਾ ਵਾਇਰਸ ਦੇ ਵਧਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਰਾਜ 'ਚ ਅਣਮਿੱਥੇ ਸਮੇਂ ਦਾ ਕਰਫਿਊ ਲਾਏ ਜਾਣ ਮਗਰੋਂ ਸਥਿਤੀ ਹਰ ਪਾਸੇ ਡਾਵਾਂਡੋਲ ਨਜ਼ਰ ਆਉਣ ਲੱਗੀ ਹੈ।ਲੋਕਾਂ ਦੇ ਕੰਮਕਾਜ ਠੱਪ ਹੋ ਕੇ ਰਹਿ ਗਏ ਹਨ।ਇੱਕ ਪਾਸੇ ਜਿੱਥੇ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਉੱਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ, ਉੱਥੇ ਖੇਤੀ ਦੇ ਸਹਾਇਕ ਧੰਦੇ ਪੋਲਟਰੀ ਉੱਤੇ ਇਸ ਦੀ ਮਾਰ ਪੈਣ ਲੱਗ ਗਈ ਹੈ । ਅਚਨਚੇਤ ਕਰਫਿਊ ਲੱਗ ਜਾਣ ਕਾਰਨ ਸੈਂਕੜਿਆਂ ਦੀ ਗਿਣਤੀ ਵਿੱਚ ਪੋਲਟਰੀ ਫਾਰਮਾਂ ਉੱਤੇ ਮੁਰਗੀਆਂ ਲਈ ਫੀਡ ਨਾ ਪਹੁੰਚਣ ਕਾਰਨ ਚੂਚੇ ਭੁੱਖ ਨਾਲ ਮਰਨ ਲੱਗੇ।ਇਸ ਦੌਰਾਨ ਪਿੰਡ ਮੌਲਵੀਵਾਲਾ ਵਿਖੇ ਇੱਕ ਪੋਲਟਰੀ ਫਾਰਮ 'ਚੇ ਦੋ ਹਜ਼ਾਰ ਤੋਂ ਵੱਧ ਚੂਚੇ ਭੁੱਖ ਨਾਲ ਮਰ ਜਾਣ ਦਾ ਮਾਮਲੇ ਸਾਹਮਣੇ ਆਇਆ ਹੈ।ਪਿੰਡ ਦਸਮੇਸ਼ ਨਗਰ ਮੌਲਵੀਵਾਲਾ ਦੇ ਸਾਬਕਾ ਸਰਪੰਚ ਧਿਆਨ ਸਿੰਘ ਨੇ ਦੱਸਿਆ ਕਿ ਛੋਟੀ ਖੇਤੀ ਹੋਣ ਕਾਰਨ ਉਨ੍ਹਾਂ ਕਰੀਬ ਤਿੰਨ ਸਾਲ ਪਹਿਲਾਂ ਬੈਂਕ ਤੋਂ ਕਰਜ਼ਾ ਲੈ ਕੇ ਪੋਲਟਰੀ ਫਾਰਮ ਦਾ ਧੰਦਾ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੈਂਤੀ ਦਿਨ ਪਹਿਲਾਂ ਉਨ੍ਹਾਂ ਫਾਰਮ ਵਿੱਚ ਪੰਜ ਹਜ਼ਾਰ ਬੱਚੇ ਪਾਏ ਸਨ, ਪਰ ਅਚਨਚੇਤ ਕਰਫ਼ਿਊ ਲੱਗ ਜਾਣ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਫਾਰਮ ਵਿੱਚ ਬੱਚਿਆਂ ਲਈ ਫੀਡ ਨਹੀਂ ਆ ਸਕੀ ਜਿਸ ਕਾਰਨ ਪਿਛਲੇ ਤਿੰਨ ਦਿਨਾਂ ਵਿੱਚ ਫਾਰਮ ਵਿੱਚੋਂ ਦੋ ਹਜ਼ਾਰ ਤੋਂ ਵੱਧ ਚੂਚੇ ਮਰ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਮਰੇ ਹੋਏ ਬੱਚਿਆਂ ਕਾਰਨ ਫੈਲੀ ਬਦਬੂ ਕਾਰਨ ਕੋਈ ਹੋਰ ਬਿਮਾਰੀ ਨਾ ਫੈਲ ਜਾਵੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹ ਆਪਣੇ ਖੇਤਾਂ ਵਿੱਚ ਹੀ ਕਰੀਬ ਚਾਲੀ ਫੁੱਟ ਡੂੰਘਾ ਟੋਆ ਪੁੱਟ ਕੇ ਉਸ ਵਿੱਚ ਇਨ੍ਹਾਂ ਨੂੰ ਦੱਬਣ ਲਈ ਮਜ਼ਬੂਰ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਮਹਾਂਮਾਰੀ ਦੇ ਪ੍ਰਕੋਪ ਦੇ ਚਲਦਿਆਂ ਮਰੇ ਹੋਏ ਮੁਰਗਿਆਂ ਕਾਰਨ ਕਿਸੇ ਹੋਰ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਮੁੱਖ ਰੱਖਦਿਆਂ ਮਰੇ ਹੋਏ ਮੁਰਗੀਆਂ ਨੂੰ ਮਿੱਟੀ ਵਿੱਚ ਦੱਬਣ ਲਈ ਪੱਲਿਓਂ ਹੋਰ ਖਰਚਾ ਕਰਨਾ ਪੈ ਰਿਹਾ ਹੈ।ਉਨ੍ਹਾਂ ਮੰਗ ਕੀਤੀ ਹੈ ਕਿ ਇਹ ਹਾਲਤ ਇਕੱਲੇ ਇੱਕ ਫਾਰਮ ਦੀ ਨਹੀਂ ਸਗੋਂ ਰਾਜ ਵਿੱਚ ਸੈਂਕੜੇ ਪੋਲਟਰੀ ਫਾਰਮਾਂ ਦੀ ਹਾਲਤ ਅਜਿਹੀ ਬਣੀ ਹੋਈ ਹੈ।ਇਸ ਲਈ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਪੋਲਟਰੀ ਇੰਡਸਟਰੀ ਤਬਾਹ ਹੋ ਕੇ ਰਹਿ ਜਾਵੇਗੀ।

435 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper