Latest News

ਭਰਵੀਂ ਬਾਰਸ਼ ਨਾਲ ਹੋਈ ਜੁਲਾਈ ਦੀ ਸ਼ੁਰੂਆਤ

ਸੋਮਵਾਰ ਦੀ ਰਾਤ ਅਤੇ ਮੰਗਲਵਾਰ ਸ਼ਾਮੀ ਮੀਂਹ ਪੈਣ ਨਾਲ ਕਈ ਸ਼ਹਿਰਾਂ ਵਿੱਚ ਜਲਥਲ ਹੋ ਗਈ। ਮੀਂਹ ਪੈਣ ਕਾਰਨ ਝੋਨੇ ਦੀ ਖੇਤ ਪਾਣੀ ਨਾਲ ਭਰ ਗਏ, ਜਿਸ ਨਾਲ ਕਿਸਾਨਾਂ ਦੇ ਚਿਹਰਿਆਂ \'ਤੇ ਰੌਣਕ ਆ ਗਈ। ਅਸਮਾਨ ਵਿੱਚ ਅਜੇ ਸੰਘਣੇ ਬੱਦਲ ਛਾਏ ਹੋਏ ਹਨ ਅਤੇ ਬੁੱਧਵਾਰ ਤੇ ਵੀਰਵਾਰ ਨੂੰ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਕਪੂਰਥਲਾ, ਜਲੰਧਰ, ਜਲਾਲਾਬਾਦ, ਖੰਨਾ, ਸਮਰਾਲਾ, ਲੁਧਿਆਣਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਦਰਮਿਆਨੇ ਤੋਂ ਭਰਵਾਂ ਮੀਂਹ ਪੈਣ ਦੀਆਂ ਰਿਪੋਰਟਾਂ ਹਨ।\r\nਸਮਰਾਲਾ (ਥਿੰਦ/ਕਮਲਜੀਤ) : ਸਮਰਾਲਾ ਸ਼ਹਿਰ \'ਚ ਥੋੜ੍ਹੀ ਜਿਹੀ ਬਾਰਿਸ਼ ਨਾਲ ਇੱਥੋਂ ਦੇ ਗਲ਼ੀ-ਮੁਹੱਲਿਆਂ \'ਚ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਹੈ, ਜਿਨ੍ਹਾਂ ਵਿੱਚ ਮੁੱਖ ਤੌਰ \'ਤੇ ਡੱਬੀ ਬਾਜ਼ਾਰ, ਦੁਰਲੱਭ ਨਗਰ, ਕਮਲ ਕਾਲੋਨੀ ਦੀਆਂ ਗਲੀਆਂ, ਭਗਵਾਨਪੁਰਾ ਰੋਡ, ਪਪੜੌਦੀ ਰੋਡ, ਪੁਰਾਣੀ ਸਬਜ਼ੀ ਤੇ ਅਨਾਜ ਮੰਡੀ, ਸਿਵਲ ਹਸਪਤਾਲ, ਟੈਲੀਫੋਨ ਐਕਸਚੇਂਜ, ਐੱਸ.ਡੀ.ਐੱਮ. ਦਫ਼ਤਰ ਸਮੇਤ ਸ਼ਹਿਰ ਦੀਆਂ ਕਈ ਦੁਕਾਨਾਂ ਵਿਚ ਵੀ ਪਾਣੀ ਵੜ ਗਿਆ ਅਤੇ ਹੋਰ ਵੀ ਕਈ ਥਾਵਾਂ \'ਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ ਤੇ ਕਈ-ਕਈ ਦਿਨ ਇਹ ਗੰਦਾ ਪਾਣੀ ਨਿਕਲਦਾ ਹੀ ਨਹੀਂ, ਜਿੱਥੋਂ ਆਮ ਪਬਲਿਕ ਨੂੰ ਲੰਘਣ ਸਮੇਂ ਨੱਕ ਬੰਦ ਕਰਕੇ ਹੀ ਲੰਘਣਾ ਪੈਂਦਾ ਹੈ, ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਪਰ ਪ੍ਰਸ਼ਾਸਨ ਇਸ ਗੱਲੋਂ ਵੀ ਬੇਫ਼ਿਕਰ ਜਾਪਦਾ ਹੈ, ਇਸ ਲਈ ਪ੍ਰਸ਼ਾਸਨ ਵੱਲੋਂ ਕਦੇ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸਥਾਨਕ ਚਾਵਾ ਰੋਡ \'ਤੇ ਸਥਿਤ ਸਰਕਾਰੀ ਗੋਦਾਮਾਂ ਦੇ ਲਾਗੇ ਛੋਟਾ ਜਿਹਾ ਨਾਲ਼ਾ ਹੁਣ ਇੱਕ ਛੋਟੀ ਨਹਿਰ ਦਾ ਰੂਪ ਧਾਰਨ ਕਰ ਚੁੱਕਿਆ ਹੈ ਤੇ ਇਸ ਨਾਲ਼ੇ ਦਾ ਪਾਣੀ ਗੋਦਾਮਾਂ ਅੰਦਰ ਵੀ ਦਾਖ਼ਲ ਹੋ ਚੁੱਕਾ ਹੈ। ਸੜਕ ਕਿਨਾਰੇ ਇਹ ਵੱਡੇ-ਵੱਡੇ ਨਾਲੇ ਕਿਸੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।\r\nਇਸ ਸੰਬੰਧ \'ਚ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਡਾ. ਪਰਮਿੰਦਰ ਸਿੰਘ ਬੈਨੀਪਾਲ, ਜਥੇਦਾਰ ਅਮਰਜੀਤ ਸਿੰਘ ਬਾਲਿਉਂ, ਸਪਨਾ ਫਾਊਂਡੇਸ਼ਨ ਦੇ ਪ੍ਰਧਾਨ ਮਹਿੰਦਰ ਯਾਦਵ, ਮਾਸਟਰ ਮਾਈਂਡ ਇੰਸਟੀਚਿਊਟ ਦੇ ਡਾਇਰੈਕਟਰ ਅੰਮ੍ਰਿਤਪਾਲ, ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਆਮ ਆਦਮੀ ਪਾਰਟੀ ਦੇ ਬੰਤ ਸਿੰਘ ਖਾਲਸਾ, ਬਸਪਾ ਆਗੂ ਦਰਸ਼ਨ ਕੁਮਾਰ ਪਦਮ, ਭਾਰਤ ਭੂਸ਼ਣ ਭਾਗੀ ਨੇ ਸਥਾਨਕ ਪ੍ਰਸ਼ਾਸਨ ਦੀ ਨਾਕਸ ਕਾਰਗੁਜ਼ਾਰੀ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਸਖ਼ਤ ਲਫਜ਼ਾਂ ਵਿੱਚ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਸ਼ਹਿਰ \'ਚ ਪਾਣੀ ਦੇ ਨਿਕਾਸ ਦਾ ਤੁਰੰਤ ਪ੍ਰਬੰਧ ਕਰਵਾਇਆ ਜਾਵੇ।\r\nਸੂਤਰਾਂ ਮੁਤਾਬਿਕ ਸਮਰਾਲਾ ਇਲਾਕੇ ਵਿਚ ਹੋਈ ਬਾਰਸ਼ 30 ਮਿਲੀਮੀਟਰ ਦੱਸੀ ਜਾਂਦੀ ਹੈ।\r\nਜਲਾਲਾਬਾਦ (ਸਤਨਾਮ ਸਿੰਘ) : ਇਲਾਕੇ ਵਿੱਚ ਅੱਜ ਦੁਪਹਿਰ ਬਾਅਦ ਆਈ ਬਾਰਿਸ਼ ਨਾਲ ਪਿਛਲੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਸ ਬਾਰਸ਼ ਨਾਲ ਸਥਾਨਕ ਸ਼ਹਿਰ ਵਿੱਚ ਇਕੱਠੇ ਹੋਏ ਪਾਣੀ ਨੇ ਸ਼ਹਿਰ ਵਿੱਚ ਹੋਈ ਵਿਕਾਸ ਕੰਮਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ, ਕਿਉਂਕਿ ਬਾਰਿਸ਼ ਦਾ ਪਾਣੀ ਕਈ ਬਾਜ਼ਾਰਾਂ, ਗਲੀ-ਮੁਹੱਲਿਆਂ ਵਿੱਚ ਖੜਾ ਹੋ ਗਿਆ ਅਤੇ ਇਹ ਬਾਰਿਸ਼ ਦਾ ਪਾਣੀ ਰਾਹਗੀਰਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣਿਆ। ਅੱਜ ਹੋਈ ਬਾਰਿਸ਼ ਨਾਲ ਝੋਨੇ ਦੀ ਬਿਜਾਈ ਵਿੱਚ ਰੁੱਝੇ ਕਿਸਾਨਾਂ ਨੇ ਕੁਝ ਰਾਹਤ ਪਾਈ ਹੈ।\r\nਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਦੇ ਨਾਲ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਸੀ, ਉਥੇ ਝੋਨੇ ਦੀ ਬਿਜਾਈ ਕਰ ਰਹੇ ਕਿਸਾਨਾਂ ਨੂੰ ਵੀ ਭਾਰੀ ਮੁਸ਼ਕਲ ਆ ਰਹੀ ਸੀ, ਕਿਉਂਕਿ ਕਹਿਰ ਦੀ ਗਰਮੀ ਵਿੱਚ ਪਾਣੀ ਦੀ ਭਰਪਾਈ ਕਰਨੀ ਔਖੀ ਹੋ ਗਈ ਸੀ ਅਤੇ ਬਿਜਲੀ ਸਪਲਾਈ ਵੀ ਕਟੌਤੀ ਨਾਲ ਮਿਲ ਰਹੀ ਹੈ। ਲੇਕਿਨ ਅੱਜ ਬਾਰਿਸ਼ ਆਉਣ ਨਾਲ ਕਿਸਾਨਾਂ ਦੇ ਚਿਹਰਿਆਂ \'ਤੇ ਰੌਣਕਾਂ ਦੇਖੀਆਂ ਗਈਆਂ। ਉਧਰ, ਮਜ਼ਦੂਰ ਵਰਗ ਨੇ ਵੀ ਅੱਜ ਹੋਈ ਬਾਰਿਸ਼ ਨਾਲ ਰਾਹਤ ਮਹਿਸੂਸ ਕੀਤੀ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਅੱਤ ਦੀ ਪੈ ਰਹੀ ਗਰਮੀ ਵਿੱਚ ਉਨ੍ਹਾਂ ਵੱਲੋਂ ਝੋਨੇ ਦੀ ਲਵਾਈ ਕਰਨੀ ਔਖਾ ਹੋ ਗਈ ਸੀ, ਪਰ ਅੱਜ ਬਾਰਿਸ਼ ਆਉਣ ਨਾਲ ਉਨ੍ਹਾਂ ਨੂੰ ਰਾਹਤ ਮਿਲੀ ਹੈ।

999 Views

e-Paper