Latest News
ਅਮਰੀਕਾ ਦਾ ਸਬਕ

Published on 02 Jun, 2020 10:38 AM.

ਅਮਰੀਕਾ ਵਿੱਚ ਇੱਕ ਪੁਲਸ ਅਧਿਕਾਰੀ ਵੱਲੋਂ ਅਫ਼ਰੀਕੀ ਮੂਲ ਦੇ ਇੱਕ ਕਾਲੀ ਚਮੜੀ ਵਾਲੇ ਅਮਰੀਕੀ ਦੀ ਹੱਤਿਆ ਨੇ ਸਮੁੱਚੇ ਸੰਸਾਰ ਦੇ ਮਾਨਵਵਾਦੀਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। 25 ਮਈ ਨੂੰ ਅਮਰੀਕੀ ਚੈਨਲਾਂ 'ਤੇ ਇੱਕ ਹਿਰਦੇ ਨੂੰ ਝੰਜੋੜਣ ਵਾਲਾ ਦ੍ਰਿਸ਼ ਵਾਰ-ਵਾਰ ਦਿਖਾਇਆ ਜਾ ਰਿਹਾ ਸੀ। ਇੱਕ ਪੁਲਸ ਕਾਰ ਦੇ ਪਿਛਲੇ ਪਾਸੇ ਇੱਕ ਕਾਲਾ ਆਦਮੀ ਜ਼ਮੀਨ 'ਤੇ ਮੂਧੇ ਮੂੰਹ ਡਿੱਗਿਆ ਹੋਇਆ ਸੀ। ਇੱਕ ਪੁਲਸ ਅਧਿਕਾਰੀ ਨੇ ਉਸ ਦੀ ਧੌਣ 'ਤੇ ਗੋਡਾ ਰੱਖਿਆ ਹੋਇਆ ਸੀ। ਦੋ ਹੋਰ ਪੁਲਸ ਅਧਿਕਾਰੀਆਂ ਨੇ ਵੀ ਉਸ ਨੂੰ ਨੱਪ ਕੇ ਰੱਖਿਆ ਹੋਇਆ ਸੀ। ਡੈਰੇਕ ਸ਼ੌਵਿਨ ਨਾਂਅ ਦੇ ਪੁਲਸ ਅਧਿਕਾਰੀ ਨੇ ਜਾਰਜ ਫਲਾਇਡ ਨਾਂਅ ਦੇ ਕਾਲੇ ਵਿਅਕਤੀ ਦੀ ਧੌਣ ਨੂੰ ਆਪਣੇ ਗੋਡੇ ਨਾਲ ਉਦੋਂ ਤੱਕ ਦਬਾ ਕੇ ਰੱਖਿਆ, ਜਦੋਂ ਤੱਕ ਅਂੈਬੂਲੈਂਸ ਨਹੀਂ ਆ ਗਈ। ਇਸ ਦੌਰਾਨ ਜ਼ਮੀਨ 'ਤੇ ਪਿਆ ਫਲਾਇਡ ਕੁਰਲਾਉਂਦਾ ਰਿਹਾ ਕਿ, ''ਮੈਨੂੰ ਸਾਹ ਨਹੀਂ ਆ ਰਿਹਾ, ਪਲੀਜ਼'', ਪਰ ਕਿਸੇ ਵੀ ਪੁਲਸ ਵਾਲੇ ਨੂੰ ਉਸ 'ਤੇ ਰਹਿਮ ਨਾ ਆਇਆ। ਆਖਰ ਫਲਾਇਡ ਨੇ ਦਮ ਘੱਟਣ ਨਾਲ ਦਮ ਤੋੜ ਦਿੱਤਾ।
ਜਾਰਜ ਫਲਾਇਡ ਦੀ ਬੇਰਹਿਮ ਹੱਤਿਆ ਦੀ ਖ਼ਬਰ ਦੇ ਫੈਲਦਿਆਂ ਹੀ ਸਮੁੱਚੇ ਅਮਰੀਕਾ ਵਿੱਚ ਲੋਕ ਸੜਕਾਂ 'ਤੇ ਨਿਕਲ ਆਏ। ਇਸ ਦੌਰਾਨ ਨਸਲਵਾਦੀ ਵਿਚਾਰਾਂ ਵਾਲੇ ਡੋਨਾਲਡ ਟਰੰਪ ਨੇ ਇਸ ਹੱਤਿਆ ਕਾਂਡ 'ਤੇ ਅਜਿਹੀ ਟਿੱਪਣੀ ਕਰ ਦਿੱਤੀ, ਜਿਸ ਨੇ ਅੱਗ 'ਤੇ ਪੈਟਰੋਲ ਛਿੜਕਣ ਦਾ ਕੰਮ ਕੀਤਾ। ਟਰੰਪ ਨੇ ਆਪਣੇ ਟਵਿਟਰ 'ਤੇ ਲਿਖਿਆ ਲੁੱਟਮਾਰ ਹੁੰਦੀ ਹੈ ਤਾਂ ਗੋਲੀਆਂ ਚਲਦੀਆਂ ਹਨ (ਵਹੈਨ ਲੂਟਿੰਗ ਸਟਾਰਟਸ, ਸ਼ੂਟਿੰਗ ਸਟਾਰਟਸ)। ਡੋਨਾਲਡ ਟਰੰਪ ਦੇ ਇਹ ਸ਼ਬਦ ਅਚਾਨਕ ਮੂੰਹ 'ਚੋਂ ਨਿਕਲੀ ਪ੍ਰਤੀਕ੍ਰਿਆ ਨਹੀਂ, ਸਗੋਂ ਨਸਲਵਾਦ ਨਾਲ ਜੁੜਿਆ ਇੱਕ ਪੁਰਾਣਾ ਮੁਹਾਵਰਾ ਹੈ। ਸੱਠਵੇਂ ਦਹਾਕੇ ਵਿੱਚ ਜਦੋਂ ਅਮਰੀਕਾ ਵਿੱਚ ਮਾਰਟਿਨ ਲੂਥਰ ਕਿੰਗ (ਜੂਨੀਅਰ) ਦੀ ਅਗਵਾਈ ਵਿੱਚ ਸਮਾਨ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਚੱਲ ਰਿਹਾ ਸੀ ਤਾਂ ਫਲੋਰਿਡਾ ਦੇ ਇੱਕ ਪੁਲਸ ਅਧਿਕਾਰੀ ਵਾਲਟਰ ਹੈਡਲੀ ਨੇ ਕਿਹਾ ਸੀ, ''ਵਹੈਨ ਲੂਟਿੰਗ ਸਟਾਰਟਸ, ਸ਼ੂਟਿੰਗ ਸਟਾਰਟਸ।'' ਹੈਡਲੀ ਦੇ ਇਸ ਨਾਅਰੇ ਦਾ ਉਸ ਸਮੇਂ ਜ਼ੋਰਦਾਰ ਵਿਰੋਧ ਹੋਇਆ ਸੀ।
ਫਲਾਇਡ ਦੀ ਹੱਤਿਆ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ ਅੱਜ ਅਮਰੀਕਾ ਦੇ 140 ਸ਼ਹਿਰਾਂ ਤੱਕ ਫੈਲ ਚੁੱਕੇ ਹਨ। 40 ਸ਼ਹਿਰਾਂ ਵਿੱਚ ਕਰਫਿਊ ਲਾਉਣਾ ਪਿਆ ਹੈ। ਮਿਨੇਸੋਟਾ ਰਾਜ ਦੇ ਮਿਨੀਆਪੋਲਿਸ, ਜਿੱਥੇ ਇਹ ਘਟਨਾ ਵਾਪਰੀ, ਵਿੱਚ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪੁੱਜ ਚੁੱਕਾ ਹੈ। ਇਸ ਤੋਂ ਪਹਿਲਾਂ 1968 ਵਿੱਚ ਡਾ. ਮਾਰਟਿਨ ਲੂਥਰ ਕਿੰਗ (ਜੂਨੀਅਰ) ਦੀ ਹੱਤਿਆ ਸਮੇਂ ਹੀ ਅਜਿਹੀ ਸਥਿਤੀ ਬਣੀ ਸੀ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿੱਚ ਨਸਲਵਾਦੀ ਵਿਚਾਰਧਾਰਾ ਦਾ ਤੇਜ਼ੀ ਨਾਲ ਫੈਲਾਅ ਹੋਇਆ ਹੈ। ਗੋਰਿਆਂ ਦਾ ਇੱਕ ਹਿੱਸਾ ਕਾਲੇ ਤੇ ਕਣਕ-ਵੰਨੇ ਏਸ਼ੀਆਈ ਨਾਗਰਿਕਾਂ ਵਿਰੁੱਧ ਉਸੇ ਤਰ੍ਹਾਂ ਨਫ਼ਰਤ ਫੈਲਾਉਂਦਾ ਹੈ, ਜਿਵੇਂ ਹਿੰਦੂਤਵੀ ਅਨਸਰ ਸਾਡੇ ਦੇਸ਼ ਵਿੱਚ ਮੁਸਲਮਾਨਾਂ ਵਿਰੁੱਧ ਫੈਲਾਉਂਦੇ ਹਨ।
ਅਮਰੀਕੀ ਸਮਾਜ ਇਸ ਸਮੇਂ ਕੋਰੋਨਾ ਮਹਾਂਮਾਰੀ ਦੀ ਮਾਰ ਤੋਂ ਤਰਾਹ-ਤਰਾਹ ਕਰ ਰਿਹਾ ਹੈ। ਮੌਤਾਂ ਦਾ ਅੰਕੜਾ ਸਵਾ ਲੱਖ ਤੱਕ ਪੁੱਜ ਚੁੱਕਾ ਹੈ। ਡੋਨਾਲਡ ਟਰੰਪ ਤੇ ਉਸ ਦਾ ਪ੍ਰਸ਼ਾਸਨ ਕੋਰੋਨਾ ਵਿਰੁੱਧ ਲੜਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਟਰੰਪ ਨੇ ਪਹਿਲਾਂ ਇਸ ਅਸਫ਼ਲਤਾ ਦਾ ਭਾਂਡਾ ਚੀਨ ਸਿਰ ਭੰਨਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਲਾਭ ਨਾ ਹੋਇਆ, ਹੁਣ ਉਹ ਨਸਲਵਾਦ ਨੂੰ ਹਵਾ ਦੇ ਕੇ ਸਿਰ 'ਤੇ ਆਈਆਂ ਚੋਣਾਂ ਵਿੱਚੋਂ ਪਾਰ ਲੰਘਣਾ ਚਾਹੁੰਦਾ ਹੈ, ਪਰ ਅਮਰੀਕਾ ਦੇ ਜਾਗਰੂਕ ਲੋਕ 'ਭਾਰਤੀਆਂ ਵਾਂਗ' ਅੰਧਭਗਤ ਨਹੀਂ ਹਨ, ਉਹ ਆਪਣੇ ਭਵਿੱਖ ਬਾਰੇ ਠੀਕ ਫੈਸਲਾ ਕਰਨ ਦੀ ਯੋਗਤਾ ਰੱਖਦੇ ਹਨ। ਇਸੇ ਕਾਰਨ ਫਲਾਇਡ ਦੀ ਹੱਤਿਆ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਵਿੱਚ ਕਾਲਿਆਂ ਨਾਲੋਂ ਗੋਰੇ ਲੋਕ ਵੱਧ ਸ਼ਾਮਲ ਹੋ ਰਹੇ ਹਨ। ਹਾਲੇ ਤੱਕ ਇੱਕ ਵੀ ਅਜਿਹਾ ਗੋਰਾ ਅਮਰੀਕੀ ਸਾਹਮਣੇ ਨਹੀਂ ਆਇਆ, ਜਿਸ ਨੇ ਕਾਤਲ ਪੁਲਸੀਏ ਡੈਰੇਕ ਦੇ ਹੱਕ ਵਿੱਚ ਕੋਈ ਬਿਆਨ ਦਿੱਤਾ ਹੋਵੇ ਜਾਂ ਪੋਸਟਰ ਲਾਏ ਹੋਣ। ਹਤਿਆਰੇ ਡੈਰੇਕ ਦੀ ਪਤਨੀ ਨੇ ਉਸ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਅੱਜ ਕੋਰੋਨਾ ਦੇ ਡਰ ਨੂੰ ਪਾਸੇ ਰੱਖ ਕੇ ਇਨਸਾਨੀਅਤ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਡੈਰੇਕ ਨੂੰ ਨੌਕਰੀ ਤੋਂ ਹਟਾ ਕੇ ਉਸ ਉਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ।
ਸਾਡੇ ਹਾਕਮਾਂ ਤੇ ਉਨ੍ਹਾਂ ਦੇ ਪਿਛਲੱਗਾਂ ਨੂੰ ਅਮਰੀਕਾ ਦੀ ਅਜੋਕੀ ਸਥਿਤੀ ਤੋਂ ਸਿਖਣਾ ਚਾਹੀਦਾ ਹੈ। ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਆਗੂ ਕਹਾਉਣ ਵਾਲੇ ਡੋਨਾਲਡ ਟਰੰਪ ਨੂੰ ਪਰਵਾਰ ਸਮੇਤ ਜਦੋਂ ਪੂਰਾ ਇੱਕ ਘੰਟਾ ਬੰਕਰ ਵਿੱਚ ਲੁਕ ਕੇ ਰਹਿਣਾ ਪਿਆ ਤਾਂ ਉਸ ਨੂੰ ਜਨਤਾ ਦੀ ਤਾਕਤ ਦਾ ਜ਼ਰੂਰ ਪਤਾ ਲੱਗ ਗਿਆ ਹੋਵੇਗਾ। ਨਫ਼ਰਤ ਦੀ ਅੱਗ ਇੱਕ ਨਾ ਇੱਕ ਦਿਨ ਭੜਕਾਉਣ ਵਾਲੇ ਨੂੰ ਵੀ ਰਾਖ ਕਰ ਦਿੰਦੀ ਹੈ।
ਸਾਡੇ ਹਾਕਮ ਵੀ ਪਿਛਲੇ ਛੇ ਸਾਲ ਤੋਂ ਡੋਨਾਲਡ ਟਰੰਪ ਦੇ ਰਾਹ 'ਤੇ ਚੱਲ ਰਹੇ ਹਨ। ਫਿਰਕੂ ਨਫ਼ਰਤ ਫੈਲਾ ਕੇ ਵਕਤੀ ਲਾਭ ਤਾਂ ਹਾਸਲ ਕੀਤਾ ਜਾ ਸਕਦਾ ਹੈ, ਪਰ 'ਵਿਸ਼ਵ ਗੁਰੂ' ਨਹੀਂ ਬਣਿਆ ਜਾ ਸਕਦਾ। 'ਵਿਸ਼ਵ ਗੁਰੂ' ਬਣਨ ਲਈ ਅਮਨ, ਵਿਕਾਸ ਤੇ ਭਾਈਚਾਰਕ ਏਕਤਾ ਦੀ ਲੋੜ ਹੁੰਦੀ ਹੈ।
-ਚੰਦ ਫਤਿਹਪੁਰੀ

870 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper