Latest News
ਮੋਦੀ ਦਾ ਹੁਣ 5-ਆਈ ਮੰਤਰ

Published on 02 Jun, 2020 10:39 AM.


ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਦੀ ਰਫਤਾਰ ਤੇਜ਼ ਕਰਨ ਲਈ ਮੰਗਲਵਾਰ 5-ਆਈ ਦਾ ਮੰਤਰ ਦੱਸਿਆ। (5-ਆਈ ਮਤਲਬ ਇੰਟੈਂਟ, ਇਨਕਲੂਜ਼ਨ, ਇਨਵੈੱਸਟਮੈਂਟ, ਇਨਫਰਾਸਟ੍ਰਕਚਰ ਤੇ ਇਨੋਵੇਸ਼ਨ)। ਉਹ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ 125ਵੇਂ ਸਾਲਾਨਾ ਅਜਲਾਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰ ਰਹੇ ਸਨ। ਮੋਦੀ ਨੇ ਕਿਹਾ ਕਿ ਦੇਸ਼ ਜਿਸ ਦਿਸ਼ਾ ਵਿਚ ਵਧ ਰਿਹਾ ਹੈ, ਉਸ ਵਿਚ ਮਾਈਨਿੰਗ, ਊਰਜਾ ਜਾਂ ਫਿਰ ਖੋਜ ਤੇ ਟੈਕਨਾਲੋਜੀ ਸੈਕਟਰ ਵਿਚ ਨੌਜਵਾਨਾਂ ਲਈ ਕਾਫੀ ਮੌਕੇ ਮਿਲਣਗੇ। ਉਨ੍ਹਾ ਕਿਹਾ, 'ਕੋਰੋਨਾ ਦੇ ਖਿਲਾਫ ਅਰਥ-ਵਿਵਸਥਾ ਵਿਚ ਮੁੜ ਤੋਂ ਜਾਨ ਫੂਕਣੀ ਸਾਡੀਆਂ ਪਹਿਲੀਆਂ ਤਰਜੀਹਾਂ ਵਿਚੋਂ ਇਕ ਹੈ। ਇਸ ਲਈ ਸਾਡੀ ਸਰਕਾਰ ਨੇ ਫੌਰਨ ਫੈਸਲੇ ਲਏ ਹਨ। ਅਸੀਂ ਅਜਿਹੇ ਫੈਸਲੇ ਲਏ ਹਨ, ਜਿਹੜੇ ਦੇਸ਼ ਨੂੰ ਇਸ ਦੌੜ ਵਿਚ ਖਾਸੀ ਮਦਦ ਕਰਨਗੇ। ਕਈ ਲੋਕ ਕਹਿਣਗੇ ਕਿ ਸੰਕਟ ਦੇ ਵਕਤ ਮੈਂ ਇਹ ਕਿਵੇਂ ਕਹਿ ਸਕਦਾ ਹਾਂ। ਮੈਨੂੰ ਭਾਰਤੀ ਸਮਰੱਥਾ, ਕੀਮਤ ਪ੍ਰਬੰਧਨ, ਪ੍ਰਤਿਭਾ, ਤਕਨੀਕ, ਬੁੱਧੀਜੀਵੀਆਂ, ਛੋਟੇ ਕਾਰਖਾਨੇਦਾਰ ਤੇ ਵੱਡੇ ਸਨਅਤੀ ਘਰਾਣਿਆਂ 'ਤੇ ਭਰੋਸਾ ਹੈ।'
ਉਨ੍ਹਾ ਕਿਹਾ ਕਿ ਕੋਰੋਨਾ ਨੇ ਸਾਡੀ ਰਫਤਾਰ ਜਿੰਨੀ ਮਰਜ਼ੀ ਧੀਮੀ ਕੀਤੀ ਹੋਵੇ, ਪਰ ਦੇਸ਼ ਦੀ ਸਭ ਤੋਂ ਵੱਡੀ ਸੱਚਾਈ ਇਹੀ ਹੈ ਕਿ ਭਾਰਤ ਲਾਕਡਾਊਨ ਨੂੰ ਪਿੱਛੇ ਛੱਡ ਕੇ ਅਨਲਾਕ ਫੇਜ਼-1 ਵਿਚ ਦਾਖਲ ਹੋ ਚੁੱਕਿਆ ਹੈ, ਹੁਣ ਅਰਥ ਵਿਵਸਥਾ ਦਾ ਬਹੁਤ ਵੱਡਾ ਹਿੱਸਾ ਖੁੱਲ੍ਹ ਚੁੱਕਾ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨੇ ਗਰੀਬਾਂ ਨੂੰ ਤੁਰੰਤ ਲਾਭ ਦੇਣ ਵਿਚ ਬਹੁਤ ਮਦਦ ਕੀਤੀ ਹੈ। ਇਸ ਯੋਜਨਾ ਤਹਿਤ 74 ਕਰੋੜ ਲੋਕਾਂ ਦੇ ਘਰਾਂ ਵਿਚ ਰਾਸ਼ਨ ਪਹੁੰਚਾਇਆ ਜਾ ਚੁੱਕਿਆ ਹੈ। ਪ੍ਰਵਾਸੀ ਮਜ਼ਦੂਰਾਂ ਲਈ ਵੀ ਫਰੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਗਰੀਬ ਪਰਵਾਰਾਂ ਨੂੰ 53 ਹਜ਼ਾਰ ਕਰੋੜ ਤੋਂ ਵੱਧ ਦੀ ਆਰਥਕ ਸਹਾਇਤਾ ਦਿੱਤੀ ਜਾ ਚੁੱਕੀ ਹੈ। ਮਹਿਲਾਵਾਂ, ਦਿਵਯਾਂਗਾਂ, ਬਜ਼ੁਰਗਾਂ ਤੇ ਮਜ਼ਦੂਰਾਂ ਸਣੇ ਸਭ ਨੂੰ ਇਸ ਨਾਲ ਲਾਭ ਮਿਲਿਆ ਹੈ।

144 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper