Latest News
ਮੋਦੀ ਦੀ ਦੂਜੀ ਪਾਰੀ 'ਚ 543 ਅਰਬ ਡਾਲਰ ਦੀ ਪੂੰਜੀ ਡੁੱਬੀ

Published on 02 Jun, 2020 10:46 AM.


ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੇ ਇਕ ਦੌਰ ਵਿਚ ਤੇਜ਼ੀ ਨਾਲ ਵਧਣ ਵਾਲੀ ਸ਼ੇਅਰ ਮਾਰਕਿਟ ਦਾ ਹਨੀਮੂਨ ਪੀਰੀਅਡ ਹੁਣ ਖਤਮ ਹੁੰਦਾ ਲੱਗ ਰਿਹਾ ਹੈ। ਮੋਦੀ ਸਰਕਾਰ ਦੀ ਦੂਜੀ ਪਾਰੀ ਦੇ ਪਹਿਲੇ ਸਾਲ ਵਿਚ ਭਾਰਤ ਦੀ ਸਟਾਕ ਮਾਰਕਿਟ ਨੇ ਬਰਤਾਨੀਆ ਨੂੰ ਛੱਡ ਕੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਹੈ। ਬਰਤਾਨੀਆ ਨੂੰ ਬ੍ਰੈਗਜ਼ਿਟ ਦੇ ਚਲਦਿਆਂ ਗਿਰਾਵਟ ਝੱਲਣੀ ਪਈ, ਜਦਕਿ ਭਾਰਤ ਵਿਚ ਗਿਰਾਵਟ ਮੋਦੀ ਦੀ ਪਹਿਲੀ ਪਾਰੀ ਦੇ ਠੀਕ ਉਲਟ ਹੈ। 2014 ਤੋਂ 2019 ਦੀ ਮੋਦੀ ਸਰਕਾਰ ਦੀ ਪਹਿਲੀ ਪਾਰੀ ਵਿਚ ਸ਼ੇਅਰ ਬਾਜ਼ਾਰ ਨੇ ਕਰੀਬ 50 ਫੀਸਦੀ ਉਛਾਲ ਹਾਸਲ ਕੀਤੀ ਸੀ। ਹੁਣ ਸ਼ੇਅਰ ਬਾਜ਼ਾਰ ਦੇ ਨਾਲ ਹੀ ਆਰਥਿਕਤਾ ਵੀ ਸੁੰਗੜਦੀ ਜਾ ਰਹੀ ਹੈ। ਭਾਰਤ ਦੇ ਸ਼ੇਅਰ ਬਾਜ਼ਾਰ ਵਿਚ ਬੀਤੇ ਇਕ ਸਾਲ ਵਿਚ 543 ਅਰਬ ਡਾਲਰ ਦੀ ਪੂੰਜੀ ਡੁੱਬੀ ਹੈ, ਜਿਹੜੀ ਅਮਰੀਕਾ, ਚੀਨ ਤੇ ਫਰਾਂਸ ਵਰਗੇ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਨਾਲੋਂ ਵੀ ਵੱਧ ਹੈ। ਇਹੀ ਨਹੀਂ ਭਾਰਤ ਦੀ ਆਰਥਕ ਵਿਕਾਸ ਦਰ ਵੀ 11 ਸਾਲ ਦੇ ਹੇਠਲੇ ਪੱਧਰ 'ਤੇ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਜੂਨ ਲੰਘਦੇ ਤੱਕ ਅਰਥ-ਵਿਵਸਥਾ ਵਿਚ 25 ਫੀਸਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਦੇਸ਼ ਦੇ ਨਿਵੇਸ਼ਕ ਅਰਥ-ਵਿਵਸਥਾ ਨੂੰ ਲੈ ਕੇ ਚਿੰਤਤ ਹਨ। ਦੂਜੀ ਪਾਰੀ ਵਿਚ ਮੋਦੀ ਸਰਕਾਰ ਦਾ ਫੋਕਸ ਨਾਗਰਿਕਤਾ ਕਾਨੂੰਨ, ਤਿੰਨ ਤਲਾਕ ਕਾਨੂੰਨ ਵਰਗੇ ਮਸਲਿਆਂ 'ਤੇ ਰਿਹਾ, ਜਦਕਿ ਮੰਗ ਵਧਾਉਣ ਵਿਚ ਸਰਕਾਰ ਨਾਕਾਮ ਰਹੀ। ਇਸੇ ਦਰਮਿਆਨ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਭਾਰਤ ਦੀ ਰੇਟਿੰਗ ਡਾਊਨਗਰੇਡ ਕਰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਸਰਕਾਰ 'ਤੇ ਵਧ ਰਹੇ ਕਰਜ਼ ਤੇ ਲੰਮੇ ਲਾਕਡਾਊਨ ਕਾਰਨ ਦੇਸ਼ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਲੋਕ ਨਿਵੇਸ਼ ਤੋਂ ਟਾਲਾ ਵੱਟ ਰਹੇ ਹਨ। ਫਿਲਹਾਲ ਬੰਬੇ ਸਟਾਕ ਐਕਸਚੇਂਜ 'ਚ ਸੈਂਸੈਕਸ 33759 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ, ਜਿਹੜਾ ਇਕ ਜਨਵਰੀ 2020 ਨੂੰ 42273.87 'ਤੇ ਸੀ।

278 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper