Latest News
ਕਰਜ਼ਾ ਮੁਕਤੀ ਅੰਦੋਲਨ ਸ਼ੁਰੂ

Published on 05 Jun, 2020 09:02 AM.

ਮਾਨਸਾ : ਲੰਮੇ ਲਾਕਡਾਊਨ ਦੇ ਕਾਰਨ ਜਿੱਥੇ ਆਰਥਕ ਤੌਰ 'ਤੇ ਸਮਾਜ ਦਾ ਹਰ ਵਰਗ ਪ੍ਰਭਾਵਤ ਹੋਇਆ ਹੈ, ਉੱਥੇ ਸਭ ਤੋਂ ਹੇਠਲੇ ਪਾਏਦਾਨ 'ਤੇ ਖੜੇ ਗਰੀਬ ਲੋਕ ਭੁੱਖਮਰੀ ਨਾਲ ਜੂਝ ਰਹੇ ਹਨ ਅਤੇ ਸਰਕਾਰ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਤਮਾਸ਼ਬੀਨ ਦੀ ਭੂਮਿਕਾ ਨਿਭਾ ਰਹੀ ਹੈ। ਪੰਜਾਬ ਖੇਤ ਮਜਦੂਰ ਸਭਾ ਦੇ ਬੈਨਰ ਹੇਠ ਹਜ਼ਾਰਾਂ ਔਰਤਾਂ ਅਤੇ ਮਜਦੂਰਾਂ ਵੱਲੋਂ ਮਾਈਕਰੋ ਫਾਇਨਾਂਸ ਸਮੇਤ ਪ੍ਰਾਈਵੇਟ ਕੰਪਨੀਆਂ ਦੀ ਜਬਰੀ ਉਗਰਾਹੀ ਖਿਲਾਫ ਕਰਜ਼ਾ ਮੁਕਤੀ ਤਹਿਤ ਰੋਹ ਭਰਪੂਰ ਮੁਜ਼ਾਹਰਾ ਕਰਕੇ ਜ਼ਿਲ੍ਹਾ ਕਚਹਿਰੀਆਂ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਚੌਹਾਨ, ਜ਼ਿਲ੍ਹਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜਗਸੀਰ ਸਿੰਘ ਕੁਸਲਾ ਦੀ ਅਗਵਾਈ ਹੇਠ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਗਿਆ।
ਇਸ ਸਮੇਂ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਸੈੱਲਫ ਰੁਜ਼ਗਾਰ ਦੇ ਨਾਂਅ 'ਤੇ ਗਰੁੱਪ ਬਣਾ ਕੇ ਦਿੱਤੇ ਕਰਜ਼ਿਆਂ ਨੂੰ ਸਰਕਾਰ ਮੁਆਫ ਕਰਵਾਵੇ ਜਾਂ ਆਪਣੇ ਜ਼ਿੰਮੇ ਲਵੇ। ਉਹਨਾ ਕਿਹਾ ਕਿ ਲਾਕਡਾਊਨ ਕਾਰਨ ਮਾੜੀ ਆਰਥਿਕਤਾ ਦੀਆਂ ਝੰਬੀਆਂ ਹੋਈਆਂ ਔਰਤਾਂ ਤੇ ਮਜ਼ਦੂਰ ਕਰਜ਼ਾ ਮੋੜਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਹਨ ਅਤੇ ਨਿੱਜੀ ਕੰਪਨੀਆਂ ਦੇ ਕਰਿੰਦੇ ਅਤੇ ਮੁਸ਼ਟੰਡੇ ਜਬਰੀ ਕਿਸ਼ਤਾਂ ਭਰਾਉਣ ਲਈ ਤੰਗ-ਪ੍ਰੇਸ਼ਾਨ ਕਰ ਰਹੇ ਹਨ, ਜਦੋਂ ਕਿ ਕੇਂਦਰ ਸਰਕਾਰ 20 ਲੱਖ ਕਰੋੜ ਰੁਪਏ ਦਾ ਪੈਕੇਜ ਦਾ ਐਲਾਨ ਕਰ ਚੁੱਕੀ ਹੈ, ਜੋ ਨਿਰਾ ਡਰਾਮਾ ਸਾਬਤ ਹੋ ਰਿਹਾ ਹੈ। ਉਹਨਾ ਕਿਹਾ ਕਿ ਕਰਜ਼ਾ ਮੁਕਤੀ ਅੰਦੋਲਨ ਨੂੰ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।
ਇਸ ਸਮੇਂ ਜਿਲ੍ਹਾ ਫੂਡ ਸਪਲਾਈ ਅਫਸਰ ਅਤੇ ਸੱਤਾ ਨਾਲ ਜੁੜੇ ਹੋਏ ਕੁੱਝ ਲੋਕਾਂ ਵੱਲੋਂ ਹੱਕਦਾਰਾਂ ਦੇ ਨੀਲੇ ਕਾਰਡ ਕੱਟੇ ਜਾ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਫੌਰੀ ਤੌਰ 'ਤੇ ਬਿਨਾਂ ਸ਼ਰਤਾ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਹੱਕਦਾਰਾਂ ਨੂੰ ਹੱਕ ਦਿਵਾਏ ਜਾਣ। ਸਾਥੀ ਅਰਸ਼ੀ ਨੇ ਮਜ਼ਦੂਰਾਂ ਅਤੇ ਆਰਥਕ ਤੌਰ 'ਤੇ ਕਮਜ਼ੋਰ ਵਰਗਾਂ ਲਈ 10-10 ਹਜ਼ਾਰ ਰੁਪਏ ਪ੍ਰਤੀ ਪਰਵਾਰ ਆਰਥਕ ਮਦਦ ਦੇਣ ਅਤੇ ਹਰ ਮਹੀਨੇ 7500 ਰੁਪਏ ਦੇਣ ਦੀ ਮੰਗ ਕੀਤੀ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਚੌਹਾਨ ਅਤੇ ਜ਼ਿਲ੍ਹਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਤੋਂ ਲਏ ਔਰਤਾਂ ਦੇ ਕਰਜ਼ਾ ਮੁਕਤੀ ਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਅੰਦੋਲਨ ਕਰਜ਼ਾ ਮੁਆਫ ਕਰਵਾਉਣ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਝੋਨੇ ਦੀ ਲਵਾਈ ਸਮੇਂ ਪਿੰਡਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਾਂਝੀਆਂ ਕਮੇਟੀਆਂ ਬਣਾਈਆਂ ਜਾਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਫੌਰੀ ਤੌਰ 'ਤੇ ਇਸ ਵਿੱਚ ਦਖਲ ਦੇਵੇ, ਤਾਂ ਜੋ ਸ਼ਰਾਰਤੀ ਅਨਸਰ ਭਾਈਚਾਰਕ ਵੰਡ ਨਾ ਕਰ ਸਕਣ। ਆਗੂਆਂ ਨੇ ਮਨਰੇਗਾ ਵਰਕਰਾਂ, ਉਸਾਰੀ ਕਾਮਿਆਂ ਦੇ ਬਿਜਲੀ ਬਿੱਲ ਅਤੇ ਸਕੂਲ ਫੀਸ ਮੁਆਫੀ ਦੀ ਮੰਗ ਕੀਤੀ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ ਗਾਮੀਵਾਲਾ, ਮਨਜੀਤ ਕੌਰ ਦਲੇਲ ਸਿੰਘ ਵਾਲਾ, ਐਡਵੋਕੇਟ ਰੇਖਾ ਸ਼ਰਮਾ, ਕਿਰਨਾ ਰਾਣੀ ਐੱਮ ਸੀ, ਕੁਲਵਿੰਦਰ ਕੌਰ, ਗੁਰਮੀਤ ਕੌਰ ਬੁਢਲਾਡਾ, ਪਰਮਜੀਤ ਕੌਰ ਬਾਜੇਵਾਲਾ, ਹਰਜਿੰਦਰ ਕੌਰ ਪੰਚ, ਚਰਨਜੀਤ ਕੌਰ ਚਹਿਲਾਂਵਾਲਾ, ਰਤਨ ਭੋਲਾ, ਕਰਨੈਲ ਸਿੰਘ ਦਾਤੇਵਾਸ, ਸੁਖਦੇਵ ਸਿੰਘ ਪੰਧੇਰ, ਬਲਵੰਤ ਸਿੰਘ ਭੈਣੀਬਾਘਾ, ਪੱਪੀ ਮੂਲਾ ਸਿੰਘ ਵਾਲਾ, ਕਾਕਾ ਸਿੰਘ ਮਾਨਸਾ, ਦਰਸ਼ਨ ਪੰਧੇਰ, ਮਿੱਠੂ ਮੰਦਰ, ਦਲਜੀਤ ਮਾਨਸ਼ਾਹੀਆ, ਰੂਪ ਸਿੰਘ ਢਿੱਲੋਂ, ਜਗਰਾਜ ਸਿੰਘ ਹੀਰਕੇ ਕਿਸਾਨ ਸਭਾ, ਨਿਰਮਲ ਮਾਨਸਾ, ਰਾਮ ਸਿੰਘ, ਸੁਖਦੇਵ ਉਸਾਰੀ ਯੂਨੀਅਨ, ਚਿਮਨ ਲਾਲ ਕਾਕਾ ਦੀ ਫਰੂਟ ਐਂਡ ਸਬਜ਼ੀ ਵਿਕਰੇਤਾ ਯੂਨੀਅਨ ਤੇ ਸੁਖਪਾਲ ਸਿੰਘ ਉੱਭਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

545 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper