Latest News
ਕੁਸਕੇ ਤਾਂ ਅੰਦਰ

Published on 30 Aug, 2020 10:35 AM.


ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਵੱਲੋਂ ਸਾਲ 2019 ਦੇ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੇਲ੍ਹਾਂ ਵਿਚ ਬੰਦ ਦਲਿਤਾਂ, ਆਦੀਵਾਸੀਆਂ ਤੇ ਮੁਸਲਮਾਨਾਂ ਦੀ ਗਿਣਤੀ ਦੇਸ਼ ਵਿਚ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ਨਾਲੋਂ ਕਿਤੇ ਵੱਧ ਹੈ, ਜਦਕਿ ਦੂਜੇ ਪੱਛੜੇ ਵਰਗ (ਓ ਬੀ ਸੀ) ਤੇ ਉੱਚ ਜਾਤਾਂ ਨਾਲ ਜੁੜੇ ਲੋਕਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਮੁਸਲਮਾਨਾਂ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਨਾਲੋਂ ਵਿਚਾਰਾਧੀਨ ਕੈਦੀ ਵੱਧ ਹਨ। ਜੇਲ੍ਹਾਂ ਵਿਚ ਕੈਦ ਸਾਰੇ ਦੋਸ਼ੀਆਂ ਵਿਚੋਂ 21.7 ਫੀਸਦੀ ਦਲਿਤ ਹਨ, ਜਦਕਿ ਇਨ੍ਹਾਂ ਤੋਂ ਇਲਾਵਾ 21 ਫੀਸਦੀ ਵਿਚਾਰਾਧੀਨ ਕੈਦੀ ਹਨ। 2011 ਦੀ ਜਨਗਣਨਾ ਮੁਤਾਬਕ ਇਨ੍ਹਾਂ ਦੀ ਆਬਾਦੀ 16.6 ਫੀਸਦੀ ਸੀ। ਇਸੇ ਤਰ੍ਹਾਂ ਜਨਗਣਨਾ ਮੁਤਾਬਕ 14.2 ਫੀਸਦੀ ਆਬਾਦੀ ਵਾਲੇ ਮੁਸਲਮਾਨਾਂ ਵਿਚੋਂ 16.6 ਫੀਸਦੀ ਦੋਸ਼ੀ ਕੈਦੀ ਤੇ 18.7 ਫੀਸਦੀ ਵਿਚਾਰਾਧੀਨ ਕੈਦੀ ਹਨ। ਆਦੀਵਾਸੀਆਂ ਦੀ ਆਬਾਦੀ 8.6 ਫੀਸਦੀ ਸੀ ਤੇ ਇਨ੍ਹਾਂ ਵਿਚੋਂ 13.6 ਫੀਸਦੀ ਦੋਸ਼ੀ ਕੈਦੀ ਤੇ 10.5 ਫੀਸਦੀ ਵਿਚਾਰਾਧੀਨ ਕੈਦੀ ਹਨ। ਓ ਬੀ ਸੀ ਦੀ ਆਬਾਦੀ 41 ਫੀਸਦੀ ਸੀ ਅਤੇ ਇਨ੍ਹਾਂ ਵਿਚੋਂ 35 ਫੀਸਦੀ ਦੋਸ਼ੀ ਕੈਦੀ ਤੇ 34 ਫੀਸਦੀ ਵਿਚਾਰਾਧੀਨ ਕੈਦੀ ਹਨ। ਬਾਕੀ (ਮਤਲਬ ਉੱਚ ਜਾਤਾਂ) ਦੀ ਆਬਾਦੀ 19.6 ਫੀਸਦੀ ਸੀ ਅਤੇ ਇਨ੍ਹਾਂ ਵਿਚੋਂ ਦੋਸ਼ੀ ਕੈਦੀ 13 ਫੀਸਦੀ ਤੇ ਵਿਚਾਰਾਧੀਨ 16 ਫੀਸਦੀ ਹਨ। ਰਾਜਵਾਰ ਦੇਖਿਆ ਜਾਵੇ ਤਾਂ ਦਲਿਤ ਵਿਚਾਰਾਧੀਨ ਕੈਦੀਆਂ ਦੀ ਗਿਣਤੀ ਸਭ ਤੋਂ ਵੱਧ ਯੂ ਪੀ (17,995) ਵਿਚ ਹੈ। ਦੂਜੇ ਨੰਬਰ 'ਤੇ ਬਿਹਾਰ ਵਿਚ 6843 ਤੇ ਤੀਜੇ ਨੰਬਰ 'ਤੇ ਪੰਜਾਬ ਵਿਚ 6831 ਹੈ। ਸਭ ਤੋਂ ਵੱਧ ਵਿਚਾਰਾਧੀਨ ਆਦੀਵਾਸੀ ਕੈਦੀ ਮੱਧ ਪ੍ਰਦੇਸ਼ ਵਿਚ 5894 ਹਨ। ਇਸ ਤੋਂ ਬਾਅਦ 3954 ਯੂ ਪੀ ਤੇ 3471 ਛੱਤੀਸਗੜ੍ਹ ਵਿਚ ਹਨ। ਸਭ ਤੋਂ ਵੱਧ ਮੁਸਲਮ ਵਿਚਾਰਾਧੀਨ ਕੈਦੀ 21 ਹਜ਼ਾਰ 139 ਯੂ ਪੀ ਵਿਚ ਹਨ। ਇਸ ਤੋਂ ਬਾਅਦ 4758 ਬਿਹਾਰ ਤੇ 2947 ਮੱਧ ਪ੍ਰਦੇਸ਼ ਵਿਚ ਹਨ। ਇਸੇ ਤਰ੍ਹਾਂ ਸਭ ਤੋਂ ਵੱਧ ਦਲਿਤ ਦੋਸ਼ੀ ਕੈਦੀਆਂ ਦੀ ਗਿਣਤੀ ਯੂ ਪੀ (6143) ਵਿਚ ਹੈ। ਇਸ ਦੇ ਬਾਅਦ ਮੱਧ ਪ੍ਰਦੇਸ਼ ਵਿਚ 5017 ਤੇ ਪੰਜਾਬ ਵਿਚ 2786 ਹੈ। ਦੋਸ਼ੀ ਆਦੀਵਾਸੀ ਕੈਦੀਆਂ ਦੀ ਸਭ ਤੋਂ ਵੱਧ ਗਿਣਤੀ 5303 ਮੱਧ ਪ੍ਰਦੇਸ਼ ਵਿਚ ਹੈ, ਜਦਕਿ ਇਸ ਤੋਂ ਬਾਅਦ ਛੱਤੀਸਗੜ੍ਹ ਵਿਚ 2906 ਤੇ ਝਾਰਖੰਡ ਵਿਚ 1985 ਹੈ। ਸਭ ਤੋਂ ਵੱਧ ਦੋਸ਼ੀ ਮੁਸਲਮ ਕੈਦੀ 6098 ਯੂ ਪੀ ਵਿਚ ਹਨ। ਇਸ ਤੋਂ ਬਾਅਦ 2369 ਪੱਛਮੀ ਬੰਗਾਲ ਤੇ 2114 ਮਹਾਰਾਸ਼ਟਰ ਵਿਚ ਹਨ। ਪੁਲਸ ਰਿਸਰਚ ਐਂਡ ਡਿਵੈੱਲਪਮੈਂਟ ਬਿਊਰੋ ਦੇ ਸਾਬਕਾ ਚੀਫ ਐੱਨ ਆਰ ਵਾਸਨ ਮੁਤਾਬਕ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਡੀ ਨਿਆਂਇਕ ਪ੍ਰਣਾਲੀ ਨਾ ਸਿਰਫ ਧੀਮੀ ਹੈ, ਸਗੋਂ ਇਸ ਵਿਚ ਗਰੀਬਾਂ ਦੇ ਮਾਮਲੇ ਭਰੇ ਪਏ ਹਨ। ਜਿਹੜੇ ਲੋਕ ਚੰਗੇ ਵਕੀਲ ਕਰ ਸਕਦੇ ਹਨ, ਉਨ੍ਹਾਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਹੈ ਅਤੇ ਨਿਆਂ ਵੀ ਮਿਲ ਜਾਂਦਾ ਹੈ, ਪਰ ਗਰੀਬ ਆਰਥਕ ਵਸੀਲਿਆਂ ਦੀ ਕਮੀ ਕਰਕੇ ਨਿੱਕੇ-ਮੋਟੇ ਅਪਰਾਧਾਂ ਵਿਚ ਹੀ ਫਸਿਆ ਰਹਿ ਜਾਂਦਾ ਹੈ। ਅੰਕੜਿਆਂ ਤੋਂ ਸਾਫ ਹੈ ਕਿ ਸੱਤਾ 'ਤੇ ਕਾਬਜ਼ ਉਚ ਜਾਤਾਂ ਦਲਿਤਾਂ, ਆਦੀਵਾਸੀਆਂ ਤੇ ਮੁਸਲਮਾਨਾਂ ਨੂੰ ਕੁਸਕਣ ਨਹੀਂ ਦੇਣਾ ਚਾਹੁੰਦੀਆਂ। ਉਨ੍ਹਾਂ ਨੇ ਪੁਲਸ ਨੂੰ ਵੀ ਬਾਂਦੀ ਬਣਾਇਆ ਹੋਇਆ ਹੈ। ਯੂ ਪੀ, ਮੱਧ ਪ੍ਰਦੇਸ਼ ਤੇ ਬਿਹਾਰ ਵਰਗੇ ਜਗੀਰਦਾਰਾਂ ਦੀ ਦਬੰਗਈ ਵਾਲੇ ਰਾਜਾਂ ਦੀ ਸਥਿਤੀ ਤਾਂ ਸਮਝੀ ਜਾ ਸਕਦੀ ਹੈ, ਪਰ ਇਕ-ਤਿਹਾਈ ਦਲਿਤ ਆਬਾਦੀ ਵਾਲੇ ਪੰਜਾਬ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ।

687 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper