Latest News
ਰਿਬੇਰੋ ਨੇ ਦਿੱਲੀ ਪੁਲਸ ਵੱਲੋਂ ਭਾਜਪਾ ਆਗੂਆਂ ਨੂੰ ਬਖਸ਼ਣ 'ਤੇ ਫਿਰ ਸਵਾਲ ਉਠਾਇਆ

Published on 17 Sep, 2020 11:14 AM.


ਨਵੀਂ ਦਿੱਲੀ : ਫਰਵਰੀ ਵਿਚ ਹੋਏ ਦੰਗਿਆਂ ਦੇ ਸੰਬੰਧ ਵਿਚ ਇਕ ਪਾਸੇ ਦੇ 15 ਲੋਕਾਂ ਖਿਲਾਫ ਸਾਢੇ 17 ਹਜ਼ਾਰ ਸਫਿਆਂ ਦੀ ਚਾਰਜਸ਼ੀਟ ਦਾਖਲ ਕਰਨ ਦੇ ਸੰਬੰਧ ਵਿਚ ਨਾਮਵਰ ਪੁਲਸ ਅਧਿਕਾਰੀ ਜੁਲੀਓ ਰਿਬੇਰੋ ਨੇ ਦਿੱਲੀ ਦੇ ਪੁਲਸ ਕਮਿਸ਼ਨਰ ਨੂੰ ਦੂਜਾ ਪੱਤਰ ਲਿਖ ਕੇ ਹਿੰਸਾ ਤੋਂ ਪਹਿਲਾਂ ਭੜਕਾਊ ਤਕਰੀਰਾਂ ਕਰਨ ਵਾਲੇ ਭਾਜਪਾ ਮਹਾਂਰਥੀਆਂ ਨੂੰ ਬਖਸ਼ਣ 'ਤੇ ਸਵਾਲ ਉਠਾਇਆ ਹੈ।
ਰਿਬੇਰੋ ਵੱਲੋਂ ਨਿਰਪੱਖ ਜਾਂਚ ਕਰਨ ਲਈ ਲਿਖੇ ਪਹਿਲੇ ਖੁੱਲ੍ਹੇ ਪੱਤਰ ਦੇ ਈ-ਮੇਲ ਰਾਹੀਂ ਦਿੱਤੇ ਜਵਾਬ ਵਿਚ ਪੁਲਸ ਕਮਿਸ਼ਨਰ ਐੱਸ ਐੱਨ ਸ੍ਰੀਵਾਸਤਵ ਨੇ ਕਿਹਾ ਸੀ ਕਿ ਫਿਰਕੂ ਦੰਗਿਆਂ, ਜਿਸ ਵਿਚ 53 ਲੋਕ ਮਾਰੇ ਗਏ ਤੇ ਘੱਟੋ-ਘੱਟ 200 ਜ਼ਖਮੀ ਹੋਏ ਅਤੇ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ, ਦੀ ਜਾਂਚ ਤੱਥਾਂ ਦੇ ਆਧਾਰ 'ਤੇ ਅਤੇ ਨਿਰਪੱਖ ਕੀਤੀ ਜਾ ਰਹੀ ਹੈ। ਰਿਬੇਰੋ ਨੇ ਦੂਜੇ ਪੱਤਰ ਵਿਚ ਕਿਹਾ ਹੈ, 'ਆਪਣੇ ਖੁੱਲ੍ਹੇ ਪੱਤਰ ਵਿਚ ਮੈਂ ਕੁਝ ਸ਼ੰਕੇ ਜ਼ਾਹਰ ਕੀਤੇ ਸਨ, ਜਿਨ੍ਹਾਂ ਦਾ ਤੁਸੀਂ ਜਵਾਬ ਨਹੀਂ ਦਿੱਤਾ। ਮੈਂ ਮਹਿਸੂਸ ਕਰਦਾ ਹਾਂ ਕਿ ਭਾਜਪਾ ਦੇ ਤਿੰਨ ਮਹਾਂਰਥੀਆਂ ਨੂੰ ਪੁਰਅਮਨ ਪ੍ਰੋਟੈੱਸਟ ਕਰਨ ਵਾਲਿਆਂ ਖਿਲਾਫ ਸ਼ੂਕਣ ਤੇ ਧਮਕਾਉਣ ਦਾ ਲਸੰਸ ਦੇਣ ਨੂੰ ਵਾਜਬ ਠਹਿਰਾਉਣਾ ਮੁਸ਼ਕਲ ਤੇ ਅਸੰਭਵ ਹੈ। ਜੇ ਬੁਲਾਰੇ ਮੁਸਲਮ ਜਾਂ ਖੱਬੇ-ਪੱਖੀ ਹੁੰਦੇ ਤਾਂ ਪੁਲਸ ਨੇ ਯਕੀਨਨ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਕਾਨੂੰਨ ਤਹਿਤ ਅੰਦਰ ਕਰ ਦੇਣਾ ਸੀ।' ਮੁੰਬਈ, ਗੁਜਰਾਤ ਤੇ ਪੰਜਾਬ ਵਿਚ ਪੁਲਸ ਦੀ ਸ਼ਾਨਦਾਰ ਅਗਵਾਈ ਕਰਨ ਵਾਲੇ ਰਿਬੇਰੋ ਨੇ ਪਹਿਲੇ ਪੱਤਰ ਵਿਚ ਭਾਜਪਾ ਆਗੂਆਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਤੇ ਪਰਵੇਸ਼ ਵਰਮਾ ਦਾ ਨਾਂਅ ਲੈ ਕੇ ਪੁੱਛਿਆ ਸੀ ਕਿ ਇਨ੍ਹਾਂ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ।
ਦੰਗਿਆਂ ਤੋਂ ਕੁਝ ਸਮਾਂ ਪਹਿਲਾਂ ਮਿਸ਼ਰਾ ਨੇ ਇਕ ਪੁਲਸ ਅਫਸਰ ਦੇ ਕੋਲ ਖੜ੍ਹੇ ਹੋ ਕੇ ਧਮਕੀ ਦਿੱਤੀ ਸੀ ਕਿ ਜੇ ਨਾਗਰਿਕਤਾ ਸੋਧ ਕਾਨੂੰਨ ਧਰਨੇ 'ਤੇ ਬੈਠੇ ਲੋਕਾਂ ਤੋਂ ਸੜਕਾਂ ਖਾਲੀ ਨਾ ਕਰਾਈਆਂ ਗਈਆਂ ਤਾਂ ਉਹ ਖੁਦ ਖਾਲੀ ਕਰਵਾਉਣਗੇ। ਉਸ ਤੋਂ ਪਹਿਲਾਂ ਕੇਂਦਰੀ ਮੰਤਰੀ ਠਾਕੁਰ ਨੇ ਚੋਣ ਰੈਲੀਆਂ ਵਿਚ ਨਾਅਰੇ ਲੁਆਏ ਸੀ—ਦੇਸ਼ ਕੇ ਗ਼ਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ। ਵਰਮਾ ਨੇ ਵੀ ਅਜਿਹੀਆਂ ਭੜਕਾਊਂ ਗੱਲਾਂ ਕੀਤੀਆਂ ਸਨ।

132 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper