Latest News
ਸੀ ਪੀ ਆਈ ਤੇ ਖੱਬੀਆਂ ਪਾਰਟੀਆਂ ਵੱਲੋਂ ਕਿਸਾਨਾਂ ਦੇ 25 ਦੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ

Published on 17 Sep, 2020 11:17 AM.


ਚੰਡੀਗੜ੍ਹ : ਪੰਜਾਬ ਸੀ ਪੀ ਆਈ ਨੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਸਰਕਾਰ ਵੱਲੋਂ ਕਿਸਾਨ-ਮਾਰੂ ਤਿੰਨ ਆਰਡੀਨੈਂਸ ਅਤੇ ਬਿਜਲੀ ਐਕਟ 2020 ਦੇ ਵਿਰੋਧ ਵਿਚ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਪਾਰਟੀ ਦੇ ਸੂਬਾਈ ਆਗੂਆਂ ਨਾਲ ਗੱਲਬਾਤ ਕਰਨ ਮਗਰੋਂ ਦੱਸਿਆ ਕਿ ਖੇਤੀਬਾੜੀ ਪੰਜਾਬ ਦੀ ਲਾਈਫ ਲਾਈਨ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਫੈਡਰਲ ਅਧਿਕਾਰਾਂ ਨੂੰ ਲਤਾੜ ਕੇ ਪੰਜਾਬ ਅਤੇ ਸਮੁੱਚੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਅਤੇ ਸਾਰੀ ਖੇਤੀਬਾੜੀ ਦਾ ਕਾਰੋਬਾਰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਮਨਸ਼ੇ ਨਾਲ ਇਹ ਕਦਮ ਚੁੱਕਿਆ ਹੈ, ਜਿਸ ਦੇ ਵਿਰੋਧ ਵਿਚ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਅਤੇ ਖੇਤ ਮਜ਼ਦੂਰ ਅਤੇ ਆੜ੍ਹਤੀ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਪੰਜਾਬ ਦੀਆਂ ਖੱਬੀਆਂ ਪਾਰਟੀਆਂ ਨੇ ਕੇਂਦਰ ਦੀ ਫਾਸ਼ੀ ਵਿਚਾਰਧਾਰਾ ਅਤੇ ਇਹਨਾਂ ਕਿਸਾਨ-ਵਿਰੋਧੀ ਕਦਮਾਂ ਅਤੇ ਕੋਰੋਨਾ ਦੇ ਪ੍ਰਭਾਵ ਨਾਲ ਸੰਕਟ ਵਿਚ ਫਸੇ ਕਿਰਤੀਆਂ, ਗਰੀਬ ਕਿਸਾਨਾਂ, ਛੋਟੇ ਦੁਕਾਨਦਾਰਾਂ, ਖੇਤ ਮਜ਼ਦੂਰਾਂ ਆਦਿ ਲੋੜਵੰਦਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਕੋਰੋਨਾ ਮਹਾਂਮਾਰੀ ਦੇ ਖਤਮ ਹੋਣ ਤੱਕ ਮੁਹੱਈਆ ਕਰਵਾਉਣ ਲਈ ਜ਼ੋਰਦਾਰ ਅੰਦੋਲਨ ਵਿੱਢਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਮੁੱਚੀਆਂ ਖੱਬੀਆਂ ਪਾਰਟੀਆਂ ਕਿਸਾਨਾਂ ਦੀਆਂ ਮੰਗਾਂ ਲਈ ਪੇਂਡੂ ਤੇ ਪੰਜਾਬ ਦੇ ਅਰਥਚਾਰੇ ਨੂੰ ਬਚਾਉਣ ਲਈ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਆਪਣੀ ਪੂਰੀ ਸਹਾਇਤਾ ਪ੍ਰਦਾਨ ਕਰਨਗੀਆਂ।
ਸਾਥੀ ਬਰਾੜ ਨੇ ਕਿਹਾ ਕਿ ਪਾਰਟੀ ਨੇ ਮੁੱਖ ਮੰਤਰੀ ਵੱਲੋਂ ਇਹਨਾਂ ਆਰਡੀਨੈਂਸਾਂ ਵਿਰੁੱਧ ਲੜ ਰਹੀਆਂ ਸ਼ਕਤੀਆਂ ਦੇ ਆਗੂਆਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲੈਣ ਦਾ ਸੁਆਗਤ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੋਰੋਨਾ ਕਰਕੇ ਕਾਰੋਬਾਰ ਠੱਪ ਹੋਣ ਕਰਕੇ ਬਿਨਾਂ ਕੰਮ ਤੋਂ ਵਿਹਲੇ ਬੈਠੇ ਮਜ਼ਦੂਰ, ਖੇਤ ਮਜ਼ਦੂਰ ਅਤੇ ਛੋਟੇ-ਛੋਟੇ ਧੰਦਿਆਂ ਵਾਲੇ ਲੋਕਾਂ ਨੂੰ ਕੇਂਦਰ ਸਰਕਾਰ 'ਤੇ ਜ਼ੋਰ ਪਾ ਕੇ ਅਤੇ ਪੰਜਾਬ ਵੱਲੋਂ ਪ੍ਰਤੀ ਮਹੀਨਾ 10,000 ਰੁਪਏ ਮੁਆਵਜ਼ਾ ਦੇਣ ਅਤੇ ਮਾਇਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ਿਆਂ ਹੇਠ ਦੱਬੀਆਂ ਗਰੀਬ ਔਰਤਾਂ ਨੂੰ ਮੁਕਤ ਕਰਵਾਉਣ ਲਈ ਵੀ ਕਦਮ ਚੁੱਕੇ ਅਤੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਮੰਨ ਕੇ ਪੰਜਾਬ ਵਿਚ ਮਾਹੌਲ ਠੀਕ ਕਰਵਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ।
ਸੀ ਪੀ ਆਈ ਨੇ ਪਹਿਲਾਂ ਜੰਮੂ-ਕਸ਼ਮੀਰ ਵਿਚ ਭਾਜਪਾ ਦੇ ਕੇਂਦਰੀ ਪ੍ਰਸ਼ਾਸਨ ਵੱਲੋਂ ਅਤੇ ਹੁਣ ਰਾਜਸਥਾਨ ਵਿਚ ਕਾਂਗਰਸ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਮਿਲਿਆ ਤੀਜੀ ਭਾਸ਼ਾ ਦਾ ਦਰਜਾ ਵਾਪਸ ਲੈਣ ਦੇ ਕਦਮਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਅਤੇ ਇਨ੍ਹਾਂ ਫੈਸਲਿਆਂ ਨੂੰ ਤੁਰੰਤ ਵਾਪਸ ਲੈਣ ਲਈ ਆਖਿਆ ਹੈ।
ਸੀ ਪੀ ਆਈ ਨੇ ਅਕਾਲੀ ਪਾਰਟੀ ਵੱਲੋਂ ਸੰਸਦ ਵਿਚ ਖੇਤੀਬਾੜੀ ਸੰਬੰਧੀ ਕਿਸਾਨ-ਮਾਰੂ ਬਿੱਲ ਦੇ ਵਿਰੋਧ ਵਿਚ ਚੁੱਕੇ ਕਦਮ ਨੂੰ ਸਹੀ ਕਦਮ ਤਾਂ ਆਖਿਆ, ਪਰ ਨਾਲ ਹੀ ਅਪੀਲ ਕੀਤੀ ਹੈ ਕਿ ਉਹ ਅਜੇ ਵੀ ਇਹਨਾਂ ਆਰਡੀਨੈਂਸਾਂ ਦਾ ਪੂਰੀ ਤਰ੍ਹਾਂ ਵਿਰੋਧ ਕਰਨ ਵਿਚ ਅਸਫਲ ਰਹੀ ਹੈ, ਜਿਹੜਾ ਕਿ ਪੰਜਾਬ ਨਾਲ ਸਰਾਸਰ ਧੋਖਾ ਹੈ। ਉਹਨਾਂ ਆਸ ਕੀਤੀ ਕਿ ਅਕਾਲੀ ਪਾਰਟੀ ਕਿਸਾਨ ਅਤੇ ਫੈਡਰਲ ਢਾਂਚੇ ਵਿਰੋਧੀ ਐੱਨ ਡੀ ਏ ਨਾਲੋਂ ਤੋੜ ਵਿਛੋੜਾ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਨਾਲ ਖੜ੍ਹੇ ਹੋਵੇਗੀ। ਸਾਥੀ ਬੰਤ ਬਰਾੜ ਨੇ ਪਾਰਟੀ ਆਗੂਆਂ ਸਰਵਸਾਥੀ ਡਾਕਟਰ ਜੋਗਿੰਦਰ ਦਿਆਲ, ਭੂਪਿੰਦਰ ਸਾਂਬਰ, ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਪ੍ਰਿਥੀਪਾਲ ਮਾੜੀਮੇਘਾ, ਗੁਰਨਾਮ ਕੰਵਰ, ਗੁਲਜ਼ਾਰ ਗੋਰੀਆ, ਡਾਕਟਰ ਅਰੁਣ ਮਿਤਰਾ ਆਦਿ ਪ੍ਰਸਿੱਧ ਆਗੂਆਂ ਨਾਲ ਟੈਲੀਫੋਨ ਰਾਹੀਂ ਵਿਚਾਰ-ਵਟਾਂਦਰਾ ਕੀਤਾ ਅਤੇ ਸਰਬਸੰਮਤੀ ਨਾਲ ਉਪਰੋਕਤ ਫੈਸਲੇ ਲਏ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper