Latest News
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜਮਹੂਰੀਅਤ ਦੇ ਘਾਣ ਖਿਲਾਫ਼ 28 ਤੋਂ 2 ਅਕਤੂਬਰ ਤੱਕ ਰੋਸ ਹਫਤਾ

Published on 17 Sep, 2020 11:20 AM.


ਲੁਧਿਆਣਾ (ਸਤੀਸ਼ ਸਚਦੇਵਾ)
ਪੰਜਾਬ ਦੀਆਂ ਅੱਠ ਖੱਬੀਆਂ ਪਾਰਟੀਆਂ/ ਜਥੇਬੰਦੀਆਂ ਦੇ ਸਾਂਝੇ 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਦੇ ਸੂਬਾਈ ਆਗੂਆਂ ਦੀ ਮੀਟਿੰਗ ਕਾ: ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਈਸੜੂ ਭਵਨ ਵਿਖੇ ਹੋਈ। ਮੀਟਿੰਗ 'ਚ ਸੰਘ ਪਰਵਾਰ ਦੀ ਫਿਰਕੂ ਫਾਸ਼ੀ ਮੋਦੀ ਹਕੂਮਤ ਵੱਲੋਂ ਦਿੱਲੀ ਦੰਗਿਆਂ ਦੇ ਦੋਸ਼ 'ਚ ਸੀਤਾ ਰਾਮ ਯੇਚੁਰੀ, ਯੋਗੇਂਦਰ ਯਾਦਵ, ਪ੍ਰੋ. ਅਪੂਰਵਾਨੰਦ, ਜਯੰਤੀ ਘੋਸ਼, ਰਾਹੁਲ ਰੋਏ ਨੂੰ ਨਾਮਜ਼ਦ ਕਰਨ, ਬਿਨਾਂ ਕਿਸੇ ਠੋਸ ਸਬੂਤ ਦੇ ਜੇ.ਅੱੈਨ.ਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਤੇ ਇੱਕ ਹੋਰ ਸਾਥੀ ਨੂੰ ਯੂ.ਏ.ਪੀ.ਏ ਜਿਹੇ ਕਾਲੇ ਕਾਨੂੰਨ ਤਹਿਤ ਗ੍ਰਿਫਤਾਰ ਕਰਨ ਦਾ ਸਖਤ ਨੋਟਿਸ ਲਿਆ ਹੈ। ਫਰੰਟ ਨੇ ਇਨ੍ਹਾਂ ਸਾਰੇ ਵਿਅਕਤੀਆਂ ਸਮੇਤ ਬੀਤੇ ਦੋ ਸਾਲਾਂ ਤੋਂ ਭੀਮਾ ਕੋਰੇਗਾਓਂ ਦੇ 'ਮਨਘੜਤ ਕੇਸ' 'ਚ ਬੰਦ ਬੁੱਧੀਜੀਵੀਆਂ ਖਿਲਾਫ਼ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਫਰੰਟ ਨੇ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਪਿਛਲੇ ਸਮੇਂ 'ਚ ਸੰਘਰਸ਼ਸ਼ੀਲ ਕਾਰਕੁੰਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਫਰੰਟ ਨੇ ਦੇਸ਼ ਭਰ 'ਚ ਵਿਸ਼ੇਸ਼ਕਰ ਦਿੱਲੀ, ਯੂ.ਪੀ , ਜੰਮੂ ਕਸ਼ਮੀਰ 'ਚ ਜੇਲ੍ਹਾਂ 'ਚ ਬੰਦ ਸਮੂਹ ਸਿਆਸੀ ਵਰਕਰਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਫਰੰਟ ਨੇ ਯੋਗੀ ਹਕੂਮਤ ਵੱਲੋਂ ਜਮਹੂਰੀਅਤ ਦੇ ਘਾਣ ਦੀ ਅਗਲੀ ਕੜੀ 'ਚ ਯੂ.ਪੀ 'ਚ ਬੇਲਗਾਮ ਸਪੈਸ਼ਲ ਸੁਰੱਖਿਆ ਫੋਰਸ ਬਣਾਉਣ ਦੀ ਸਖਤ ਨਿੰਦਾ ਕੀਤੀ ਹੈ। ਫਰੰਟ ਨੇ ਜਮਹੂਰੀਅਤ ਵਿਰੋਧੀ ਸਾਰੇ ਕਾਲੇ ਕਾਨੂੰਨ ਸਮੇਤ ਯੂ.ਏ.ਪੀ.ਏ, ਪੀ.ਐੱਸ.ਏ ਰੱਦ ਕਰਨ ਦੀ ਮੰਗ ਕੀਤੀ ਹੈ। ਫਰੰਟ ਨੇ ਸੂਬੇ ਭਰ 'ਚ ਸਮੇਤ ਹਰਿਆਣਾ 'ਚ ਖੇਤੀ ਆਰਡੀਨੈਂਸਾਂ, ਬਿਜਲੀ ਐਕਟ 2020 ਖਿਲਾਫ਼ ਉੱਠੀ ਕਿਸਾਨ, ਮਜ਼ਦੂਰ ਲਹਿਰ ਦੀ ਮਜ਼ਬੂਤੀ ਅਤੇ ਪਸਾਰੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਇਸ ਮਕਸਦ ਲਈ ਸੂਬੇ ਭਰ 'ਚ 28 ਸਤੰਬਰ (ਸ਼ਹੀਦ ਭਗਤ ਸਿੰਘ ਦੇ ਜਨਮ ਦਿਨ) ਤੋਂ ਲੈ ਕੇ 2 ਅਕਤੂਬਰ ਤੱਕ ਤਹਿਸੀਲ/ਜ਼ਿਲ੍ਹਾ ਪੱਧਰ 'ਤੇ ਰੋਸ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ ਹੈ। ਫਰੰਟ ਨੇ ਜਮਹੂਰੀ ਅਧਿਕਾਰ ਸਭਾ ਵੱਲੋਂ 22 ਸਤੰਬਰ ਨੂੰ ਸੂਬੇ ਭਰ 'ਚ ਜਮਹੂਰੀ ਹੱਕਾਂ ਦੇ ਘਾਣ ਖਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ ਹੈ।
ਇਸ ਸਮੇਂ ਕਾ: ਬੰਤ ਸਿੰਘ ਬਰਾੜ, ਪ੍ਰਿਥੀਪਲ ਮਾੜੀਮੇਘਾ, ਪ੍ਰਗਟ ਸਿੰਘ ਜਾਮਾਰਾਏ, ਗੁਰਮੀਤ ਸਿੰਘ ਬਖਤਪੁਰ, ਰਾਜਵਿੰਦਰ ਰਾਣਾ, ਕੰਵਲਜੀਤ ਖੰਨਾ, ਤਾਰਾ ਸਿੰਘ ਮੋਗਾ, ਨਰਿੰਦਰ ਨਿੰਦੀ, ਕੁਲਵਿੰਦਰ ਵੜੈਚ, ਕਿਰਨਜੀਤ ਸੇਖੋਂ, ਮੰਗਤ ਰਾਮ ਲੌਂਗੋਵਾਲ, ਸੁਖਦਰਸ਼ਨ ਨੱਤ ਹਾਜ਼ਰ ਸਨ।

212 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper