Latest News
ਮੋਦੀ 'ਤੇ ਭਰੋਸਾ ਕਰਨ ਵਾਲੇ ਗੱਭਰੂ ਗੁੱਸੇ 'ਚ ਸੜਕਾਂ 'ਤੇ

Published on 17 Sep, 2020 11:23 AM.


ਅਲਾਹਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 70ਵੇਂ ਜਨਮ ਦਿਵਸ 'ਤੇ ਵੀਰਵਾਰ 'ਰਾਸ਼ਟਰੀ ਬੇਰੁਜ਼ਗਾਰ ਦਿਵਸ' ਮਨਾਉਂਦੇ ਵਿਦਿਆਰਥੀਆਂ 'ਤੇ ਇਥੋਂ ਦੇ ਬਾਲਸਨ ਚੌਰਾਹੇ 'ਤੇ ਪੁਲਸ ਨੇ ਲਾਠੀਚਾਰਜ ਕੀਤਾ ਤੇ ਕਈ ਗ੍ਰਿਫਤਾਰ ਕਰ ਲਏ। ਯੁਵਾ ਮੰਚ ਦੇ ਸੱਦੇ 'ਤੇ ਹਜ਼ਾਰਾਂ ਵਿਦਿਆਰਥੀ ਚੌਰਾਹੇ 'ਤੇ ਜੁੜੇ ਸਨ। ਯੂ ਪੀ ਦੀ ਰਾਜਧਾਨੀ ਲਖਨਊ ਤੇ ਹੋਰਨਾਂ ਸ਼ਹਿਰਾਂ ਵਿਚ ਵੀ ਪ੍ਰਦਰਸ਼ਨ ਦੀਆਂ ਖਬਰਾਂ ਸਨ। ਅੰਮ੍ਰਿਤਸਰ ਵਿਚ ਵੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ।
ਮੋਦੀ ਦੇ ਜਨਮ ਦਿਨ 'ਤੇ ਉਨ੍ਹਾ ਦੇ ਪ੍ਰਸੰਸਕਾਂ ਨੇ ਉਨ੍ਹਾ ਦੇ ਹਲਕੇ ਵਾਰਾਨਸੀ ਵਿਚ 70 ਕਿੱਲੋ ਦਾ ਲੱਡੂ ਚੜ੍ਹਾਇਆ ਤੇ 'ਹੈਪੀ ਬਰਥ ਡੇ ਨਰਿੰਦਰ ਮੋਦੀ' ਟਰੈਂਡ ਕਰਾਇਆ ਤਾਂ ਮੁਕਾਬਲੇ ਵਿਚ ਬੁੱਧਵਾਰ ਅੱਧੀ ਰਾਤ ਤੋਂ 'ਰਾਸ਼ਟਰੀ ਜੁਮਲਾ ਦਿਵਸ' ਤੇ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ' ਵੀ ਖੂਬ ਟਰੈਂਡ ਹੋਣ ਲੱਗਾ ਸੀ। ਇਕ ਬੇਰੁਜ਼ਗਾਰ ਨੇ ਟਵੀਟ ਕੀਤਾ—ਭਰਤੀ ਨਿਕਲੇ ਤਾਂ ਇਮਤਿਹਾਨ ਨਹੀਂ, ਇਮਤਿਹਾਨ ਹੋਵੇ ਤਾਂ ਨਤੀਜਾ ਨਹੀਂ, ਨਤੀਜੇ ਨਿਕਲੇ ਤਾਂ ਜਾਇਨਿੰਗ ਦਾ ਨਾਂਅ ਨਹੀਂ, ਆਖਰ ਕਿਉਂ ਨੌਜਵਾਨਾਂ ਦਾ ਸਨਮਾਨ ਨਹੀਂ। ਇਕ ਹੋਰ ਨੇ ਟਵੀਟ ਕੀਤਾ—ਵਿਦਿਆਰਥੀਆਂ ਦੀ ਤਾਕਤ ਨੂੰ ਘਟਾ ਕੇ ਨਾ ਦੇਖੋ। ਉੱਠੋ ਨੌਜਵਾਨੋਂ ਲਲਕਾਰੋ, ਕਹੋ ਸਰਕਾਰ ਨੂੰ ਰੁਜ਼ਗਾਰ ਦੇਵੇ। ਇਕ ਯੂਜ਼ਰ ਨੇ ਅੰਗਰੇਜ਼ੀ ਵਿਚ ਟਵੀਟ ਕੀਤਾ—ਪਿਆਰੇ ਪ੍ਰਧਾਨ ਮੰਤਰੀ ਜੀ, ਤੁਹਾਡੀਆਂ ਕੋਸ਼ਿਸ਼ਾਂ ਤੇ ਮਿਹਨਤ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਦਾ ਦੇਸ਼ ਬਣਾ ਦਿੱਤਾ ਹੈ। ਇਹ ਮੀਲ ਪੱਥਰ ਕਾਇਮ ਕਰਨ ਲਈ ਸ਼ੁਕਰੀਆ। ਇਕ ਯੂਜ਼ਰ ਨੇ ਲਿਖਿਆ—ਕੌਮੀ ਬੇਰੁਜ਼ਗਾਰੀ ਦੇ ਘਾੜੇ ਨੂੰ ਜਨਮ ਦਿਨ ਮੁਬਾਰਕ। ਸਰਕਾਰੀ ਕੰਪਨੀਆਂ ਦਾ ਬੈੱਸਟ ਸੇਲਜ਼ਮੈਨ। ਦੁਨੀਆ ਦਾ ਬੈੱਸਟ ਐਕਟਰ, ਜਿਹੜਾ ਹਾਦਸਨ ਇਕ ਸਿਆਸਤਦਾਨ ਬਣ ਗਿਆ। ਪੱਤਰਕਾਰ ਰੋਹਿਣੀ ਸਿੰਘ ਨੇ ਟਵੀਟ ਕੀਤਾ—ਪ੍ਰਧਾਨ ਮੰਤਰੀ ਜੀ, ਤੁਹਾਨੂੰ ਜਨਮ ਦਿਨ ਮੁਬਾਰਕ। ਅੱਜ ਜਿਹੜੇ ਵਿਦਿਆਰਥੀ ਸੜਕਾਂ ਉੱਤੇ ਹਨ, ਉਹ ਤੁਹਾਡੇ ਦੁਸ਼ਮਣ ਨਹੀਂ ਹਨ, ਇਨ੍ਹਾਂ ਵਿਚੋਂ ਵੱਡੀ ਗਿਣਤੀ ਲੋਕਾਂ ਨੇ 2014 ਵਿਚ ਤੁਹਾਡੇ ਲਈ ਨਾਅਰੇ ਲਾਏ ਸਨ, 2019 ਵਿਚ ਤੁਹਾਡੇ 'ਤੇ ਭਰੋਸਾ ਜਤਾਇਆ ਸੀ, ਹੁਣ ਤੁਹਾਡੀ ਵਾਰੀ ਹੈ। ਇਨ੍ਹਾਂ ਨੂੰ ਆਪਣਾ ਦੁਸ਼ਮਣ ਨਾ ਸਮਝੋ, ਇਨ੍ਹਾਂ ਦੇ ਮਨ ਦੀ ਗੱਲ ਸੁਣੋ। ਰਾਸ਼ਟਰੀ ਬੇਰੁਜ਼ਗਾਰ ਦਿਵਸ। ਇਕ ਹੋਰ ਨੇ ਟਵੀਟ ਕੀਤਾ—ਵਿਦਿਆਰਥੀਆਂ ਦੀ ਅਗਵਾਈ ਵਿਚ ਸਵਦੇਸ਼ੀ ਅੰਦੋਲਨ ਨੇ ਅੰਗਰੇਜ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ, ਗਾਂਧੀ ਜੀ ਦੀ ਨਾਮਿਲਵਰਤਣ ਲਹਿਰ ਨਾਲ ਵਿਦਿਆਰਥੀਆਂ ਨੇ ਅੰਗਰੇਜ਼ਾਂ ਦਾ ਲੱਕ ਤੋੜ ਦਿੱਤਾ ਸੀ, ਚਿਪਕੋ ਅੰਦੋਲਨ ਨਾਲ ਦੇਸ਼ ਜਗਾਇਆ, ਐਮਰਜੈਂਸੀ ਵਿਚ ਦੇਸ਼ ਦੀ ਆਵਾਜ਼ ਬਣੇ, ਜਦ-ਜਦ ਬੋਲੇ, ਤਦ-ਤਦ ਭਾਰਤ ਬਦਲਿਆ। ਭਾਰਤ ਦਾ ਵਿਦਿਆਰਥੀ ਫਿਰ ਬੋਲ ਰਿਹਾ ਹੈ।

230 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper