Latest News
ਜਵਾਨੀ ਦਾ ਤੂਫ਼ਾਨ

Published on 17 Sep, 2020 11:24 AM.


ਨਰਿੰਦਰ ਮੋਦੀ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਤੋਂ ਹੀ ਸਦਾ ਸੋਸ਼ਲ ਮੀਡੀਆ 'ਤੇ ਛਾਏ ਰਹੇ ਹਨ। ਭਾਜਪਾ ਦਾਅਵਾ ਕਰਦੀ ਹੈ ਕਿ ਉਹ ਦੁਨੀਆ ਦੀਆਂ ਸਭ ਪਾਰਟੀਆਂ ਵਿੱਚ ਸਭ ਤੋਂ ਵੱਡੀ ਮੈਂਬਰਸ਼ਿਪ ਵਾਲੀ ਪਾਰਟੀ ਹੈ। ਇਸ ਤੋਂ ਇਲਾਵਾ ਉਸ ਦੇ ਦੁਨੀਆ ਭਰ ਵਿੱਚ ਫੈਲੇ ਕਰੋੜਾਂ ਸਮੱਰਥਕ ਵੀ ਹਨ। ਇਸੇ ਕਾਰਨ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਦਿਆਂ ਹੀ ਉਹ ਬੇਲਗਾਮ ਹੋ ਕੇ ਮਨਆਈਆਂ ਕਰਦੇ ਰਹੇ। ਲੋਕ ਵੀ ਉਨ੍ਹਾਂ ਦੀ ਹਰ ਕੀਤੀ-ਕਰਾਈ ਨੂੰ ਅੱਖਾਂ ਮੀਟ ਕੇ ਰੱਬ ਦਾ ਭਾਣਾ ਮੰਨਣ ਵਾਂਗ ਸਤਿ-ਬਚਨ ਕਹਿ ਕੇ ਚੁੱਪ ਦੀ ਚਾਦਰ ਤਾਣੀ ਹਰ ਮੁਸੀਬਤ ਸਹਿੰਦੇ ਰਹੇ। ਕੋਰੋਨਾ ਕਾਲ ਦੌਰਾਨ ਜਦੋਂ ਮੋਦੀ ਨੇ 21 ਦਿਨ ਮੰਗੇ ਤਾਂ ਲੋਕਾਂ ਨੇ ਮਹੀਨਿਆਂ-ਬੱਧੀ ਘਰਾਂ ਦੇ ਬੂਹੇ ਬੰਦ ਕਰਕੇ ਲਾਕਡਾਊਨ ਦਾ ਪਾਲਣ ਕੀਤਾ। ਜਦੋਂ ਮੋਦੀ ਨੇ ਤਾਲੀ-ਥਾਲੀ ਖੜਕਾਉਣ ਦਾ ਮੰਤਰ ਦੱਸਿਆ ਤਾਂ ਲੋਕਾਂ ਨੇ ਗਲੀਆਂ ਵਿੱਚ ਨਿਕਲ ਕੇ ਢੋਲ ਤੱਕ ਖੜਕਾ ਦਿੱਤੇ ਤੇ ਜਦੋਂ ਬਿਜਲੀ ਬੁਝਾ ਕੇ ਮੋਮਬੱਤੀਆਂ ਜਗਾਉਣ ਲਈ ਕਿਹਾ ਤਾਂ ਬਾਲੀਵੁੱਡ ਦੇ ਮਹਿਲਾਂ ਤੋਂ ਲੈ ਕੇ ਰੇਲਵੇ ਲਾਈਨਾਂ ਤੇ ਗੰਦੇ ਨਾਲਿਆਂ ਕਿਨਾਰੇ ਬਣੀਆਂ ਕੁੱਲੀਆਂ ਦੇ ਬਸ਼ਿੰਦਿਆਂ ਨੇ ਇਸ ਨੂੰ ਇਲਾਹੀ ਹੁਕਮ ਸਮਝ ਕੇ ਫੁੱਲ ਚੜ੍ਹਾ ਦਿੱਤੇ।
ਪਰ ਸਬਰ ਦੀ ਵੀ ਇੱਕ ਹੱਦ ਹੁੰਦੀ ਹੈ। ਆਖਰ ਲੋਕਾਂ ਦਾ ਸਬਰ ਜਵਾਬ ਦੇ ਗਿਆ। ਅੱਜ ਸਮੁੱਚੇ ਦੇਸ਼ ਦਾ ਹਰ ਵਰਗ ਕੋਰੋਨਾ ਮਹਾਂਮਾਰੀ ਨੂੰ ਟਿੱਚ ਜਾਣਦਿਆਂ ਮੋਦੀ ਰਾਜ ਵਿਰੁੱਧ ਸੜਕਾਂ ਉੱਤੇ ਨਿਕਲ ਰਿਹਾ ਹੈ। ਉਹ ਨੌਜਵਾਨ, ਜਿਨ੍ਹਾਂ 2014 ਤੇ 2019 ਵਿੱਚ ਨਰਿੰਦਰ ਮੋਦੀ ਨੂੰ ਸੱਤਾ ਦੀ ਵਾਗਡੋਰ ਸੌਂਪਣ ਲਈ ਦਿਨ-ਰਾਤ ਇੱਕ ਕੀਤਾ ਸੀ, ਅੱਜ ਪੂਰੇ ਜੋਸ਼ ਨਾਲ ਮੈਦਾਨ ਵਿੱਚ ਨਿੱਤਰ ਆਏ ਹਨ। ਬੀਤੀ 5 ਸਤੰਬਰ ਨੂੰ ਥਾਲੀਆਂ ਖੜਕਾ ਕੇ ਤੇ ਫਿਰ 9 ਸਤੰਬਰ ਨੂੰ ਮੋਮਬੱਤੀਆਂ ਜਗਾ ਕੇ ਦੇਸ਼ ਦੀ ਜਵਾਨੀ ਨੇ ਆਪਣੀ ਤਾਕਤ ਦਾ ਅਜਿਹਾ ਮੁਜ਼ਾਹਰਾ ਕੀਤਾ ਕਿ ਸੱਤਾਧਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੇ ਨਾਲ ਹੀ ਨੌਜਵਾਨਾਂ ਦੀਆਂ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਜਨਮ ਦਿਵਸ ਉੱਤੇ 17 ਸਤੰਬਰ ਨੂੰ ਬੇਰੁਜ਼ਗਾਰ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਦਿਨ ਨੂੰ ਸੇਵਾ ਦਿਵਸ ਵਜੋਂ ਮਨਾਉਣ ਦੇ ਐਲਾਨ ਦਾ ਨੌਜਵਾਨਾਂ ਦੀ ਤਾਕਤ ਨੇ ਮਲੀਆਮੇਟ ਕਰਕੇ ਰੱਖ ਦਿੱਤਾ ਹੈ। ਇਸ ਵੇਲੇ ਭਾਜਪਾ ਦੇ ''ਹੈਪੀ ਬਰਥ ਡੇ ਪੀ ਐੱਮ ਮੋਦੀ'' ਦੇ ਮੁਕਾਬਲੇ ਟਵਿੱਟਰ ਉੱਤੇ ''ਕੌਮੀ ਬੇਰੁਜ਼ਗਾਰੀ ਦਿਵਸ'' ਵਾਲੇ ਹੈਸ਼ਟੈਗ ਕਈ ਗੁਣਾ ਵੱਧ ਆ ਰਹੇ ਹਨ, ਜਿਸ ਵਿੱਚ ਮੋਦੀ ਤੋਂ ਪੁੱਛਿਆ ਜਾ ਰਿਹਾ ਹੈ ਕਿ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਬਣਿਆ? ਇਸ ਤੋਂ ਬਿਨਾਂ ਨਰਿੰਦਰ ਮੋਦੀ ਨੂੰ 'ਨੌਕਰੀਖੋਰ' ਯਾਨੀ ਨੌਕਰੀਆਂ ਖਾ ਜਾਣ ਵਾਲਾ ਪ੍ਰਧਾਨ ਮੰਤਰੀ ਕਹਿ ਕੇ ਨਿੰਦਿਆ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ 2014 ਵਿੱਚ ਲੋਕ ਸਭਾ ਚੋਣਾਂ ਮੌਕੇ ਨਰਿੰਦਰ ਮੋਦੀ ਨੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਸਾਲ 2 ਕਰੋੜ ਨੌਕਰੀਆਂ ਦੇਣਗੇ, ਪਰ ਆਪਣੇ ਛੇ ਸਾਲ ਦੇ ਕਾਰਜਕਾਲ ਦੌਰਾਨ ਉਨ੍ਹਾ ਨੌਕਰੀਆਂ ਦੇਣ ਦੀ ਥਾਂ ਨੌਕਰੀਆਂ ਖੋਹਣ ਦਾ ਕੰਮ ਕੀਤਾ। ਇੱਕ ਰਿਪੋਰਟ ਅਨੁਸਾਰ 2014 ਤੋਂ 2019 ਤੱਕ ਪੰਜ ਸਾਲ ਦੌਰਾਨ ਦੇਸ਼ ਦੇ 7 ਮੁੱਖ ਸੈਕਟਰਾਂ ਵਿੱਚ 4 ਕਰੋੜ ਨੌਕਰੀਆਂ ਖ਼ਤਮ ਹੋਈਆਂ ਸਨ। ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ 2.67 ਕਰੋੜ ਨੌਕਰੀਆਂ ਖੋਹ ਲਈਆਂ ਗਈਆਂ ਹਨ। ਇਸ ਤਰ੍ਹਾਂ ਪ੍ਰਧਾਨ ਮੰਤਰੀ ਦੇ 6 ਸਾਲ ਦੇ ਕਾਰਜਕਾਲ ਦੌਰਾਨ 6 ਕਰੋੜ 67 ਲੱਖ ਲੋਕਾਂ ਦਾ ਰੁਜ਼ਗਾਰ ਖੁੱਸਿਆ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਮੁਤਾਬਕ 2014 ਵਿੱਚ ਨੌਕਰੀਪੇਸ਼ਾ ਲੋਕਾਂ ਦੀ ਗਿਣਤੀ 45 ਕਰੋੜ ਸੀ, ਜੋ 2019 ਵਿੱਚ ਘਟ ਕੇ 41 ਕਰੋੜ ਰਹਿ ਗਈ ਸੀ।
ਮੋਦੀ ਸਰਕਾਰ ਨੇ ਇੱਕ ਤੋਂ ਬਾਅਦ ਇੱਕ ਉਹ ਕਦਮ ਚੁੱਕਿਆ, ਜਿਸ ਨਾਲ ਨੌਕਰੀਆਂ ਖ਼ਤਮ ਹੁੰਦੀਆਂ ਰਹੀਆਂ। ਸਰਕਾਰੀ ਬੈਂਕਾਂ ਦਾ ਮਰਜਰ ਕਰਨ ਨਾਲ ਬਰਾਂਚਾਂ ਦੀ ਗਿਣਤੀ ਘਟ ਗਈ, ਜਿਸ ਨਾਲ ਬੈਂਕ ਖੇਤਰ ਵਿੱਚੋਂ 3.15 ਲੱਖ ਕਰਮਚਾਰੀ ਵਿਹਲੇ ਕਰ ਦਿੱਤੇ ਗਏ। ਰਿਲਾਇੰਸ ਦੇ ਜੀਓ ਨੂੰ ਮੋਦੀ ਸਰਕਾਰ ਨੇ ਟੈਕਸ ਵਿੱਚ ਛੋਟ ਦੇ ਕੇ ਖੜ੍ਹਾ ਕੀਤਾ। ਇਸ ਨੇ ਛੋਟੀਆਂ ਕੰਪਨੀਆਂ ਨੂੰ ਖਾ ਲਿਆ। ਸਰਕਾਰੀ ਕੰਪਨੀ ਬੀ ਐੱਸ ਐੱਨ ਐੱਲ ਤੇ ਐੱਮ ਟੀ ਐੱਮ ਐੱਲ ਨੂੰ ਸਪੈਕਟ੍ਰਮ ਨਾ ਦੇ ਕੇ ਉਨ੍ਹਾਂ ਦੇ ਗਾਹਕ ਜੀਓ ਵੱਲ ਧੱਕ ਦਿੱਤੇ। ਇਨ੍ਹਾਂ ਕਾਰਨਾਂ ਕਰਕੇ ਇਸ ਸੈਕਟਰ ਵਿੱਚ 90 ਹਜ਼ਾਰ ਨੌਕਰੀਆਂ ਖ਼ਤਮ ਹੋ ਗਈਆਂ। ਰੀਅਲ ਅਸਟੇਟ ਨੂੰ ਨੋਟਬੰਦੀ ਦੀ ਮਾਰ ਪਈ ਤੇ 2.7 ਲੱਖ ਨੌਕਰੀਆਂ ਚਲੀਆਂ ਗਈਆਂ। ਜੈੱਟ ਏਅਰਵੇਜ਼ ਬੰਦ ਹੋਣ ਨਾਲ 15 ਹਜ਼ਾਰ ਤੇ ਕਿੰਗਫਿਸ਼ਰ ਬੰਦ ਹੋਣ ਨਾਲ 5 ਹਜ਼ਾਰ ਵਿਅਕਤੀ ਵਿਹਲੇ ਹੋ ਗਏ। ਰਹਿੰਦੀ ਕਸਰ ਕੋਰੋਨਾ ਕਾਲ ਨੇ ਕੱਢ ਦਿੱਤੀ। ਅਪ੍ਰੈਲ ਤੋਂ ਜੁਲਾਈ ਤੱਕ ਲਾਕਡਾਊਨ ਕਾਰਨ 2.67 ਕਰੋੜ ਨੌਕਰੀਆਂ ਖ਼ਤਮ ਹੋ ਗਈਆਂ। ਇਸੇ ਦੌਰਾਨ ਅੰਤਰ-ਰਾਸ਼ਟਰੀ ਮੈਨੇਜਮੈਂਟ ਸਲਾਹਕਾਰ ਕੰਪਨੀ ਆਰਥਰ ਡੀ ਲਿਟਲ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਜਿਸ ਤਰ੍ਹਾਂ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਹਨ, ਉਸ ਦਾ ਅਸਰ ਅੱਗੋਂ ਵੀ ਲੋਕਾਂ ਦੀਆਂ ਨੌਕਰੀਆਂ ਉਤੇ ਪਵੇਗਾ ਤੇ ਗਰੀਬੀ ਵਧੇਗੀ।
ਅਜਿਹੀ ਹਾਲਤ ਵਿੱਚ ਇਸ ਗਰੀਬ ਮਾਰੂ ਸਰਕਾਰ ਵਿਰੁੱਧ ਸਾਂਝੇ ਸੰਘਰਸ਼ ਸਮੇਂ ਦੀ ਲੋੜ ਹਨ। ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ ਦੇਸ਼ ਭਰ ਦੇ ਨੌਜਵਾਨ ਸਿਰਫ਼ ਸੋਸ਼ਲ ਮੀਡੀਆ ਰਾਹੀਂ ਹੀ ਆਪਣੀ ਆਵਾਜ਼ ਨਹੀਂ ਉਠਾ ਰਹੇ, ਉਹ ਸੜਕਾਂ ਉੱਤੇ ਵੀ ਨਿਕਲ ਰਹੇ ਹਨ। ਯੂ ਪੀ ਦੇ ਅਲਾਹਾਬਾਦ ਵਿੱਚ 12 ਵਜੇ ਤੱਕ ਹਜ਼ਾਰਾਂ ਨੌਜਵਾਨ ਬਾਲਸਨ ਚੌਰਾਹੇ ਉਤੇ ਜੁੜ ਚੁੱਕੇ ਸਨ ਤੇ ਲਗਾਤਾਰ ਇਸ ਵਿੱਚ ਵਾਧਾ ਹੋ ਰਿਹਾ ਸੀ। ਬਰੇਲੀ, ਵਾਰਾਨਸੀ, ਲਖਨਊ ਤੇ ਗੋਰਖਪੁਰ ਸਮੇਤ ਯੂ ਪੀ ਦੇ ਬਾਕੀ ਸ਼ਹਿਰਾਂ ਵਿੱਚ ਵੀ ਨੌਜਵਾਨ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ।
ਅੰਦੋਲਨ ਦੇ ਜਥੇਬੰਦਕਾਂ ਵੱਲੋਂ ਸਭ ਅੰਦੋਲਨਕਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ 17 ਵਜੇ (ਸ਼ਾਮ 5 ਵਜੇ) 17 ਮਿੰਟ ਤੱਕ ਆਪਣੇ-ਆਪਣੇ ਸ਼ਹਿਰਾਂ ਵਿੱਚ ਹੋਏ ਐਕਸ਼ਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਨ। ਇਸ ਤੋਂ ਬਾਅਦ ਹੀ ਦੇਸ਼ ਭਰ ਵਿੱਚ ਉਠ ਰਹੇ ਜਵਾਨੀ ਦੇ ਇਸ ਤੂਫ਼ਾਨ ਦੀ ਅਸਲ ਤਸਵੀਰ ਸਾਹਮਣੇ ਆ ਸਕੇਗੀ।
-ਚੰਦ ਫਤਿਹਪੁਰੀ

832 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper