Latest News
ਕਿਹੜਾ ਸਾਨੂੰ ਨਪੀੜੂ

Published on 25 Sep, 2020 09:29 AM.

ਚੰਡੀਗੜ੍ਹ : ਨਵੇਂ ਖੇਤੀ ਕਾਨੂੰਨਾਂ ਖਿਲਾਫ 31 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਸ਼ੁੱਕਰਵਾਰ ਪੰਜਾਬ ਵਿਚ ਮੁਕੰਮਲ ਬੰਦ ਰਿਹਾ। ਇਸਤੋਂ ਬਾਅਦ ਐਲਾਨ ਕੀਤਾ ਗਿਆ ਕਿ ਜੇ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਪਹਿਲੀ ਅਕਤੂਬਰ ਤੋਂ ਰੇਲਾਂ ਪੱਕੇ ਤੌਰ 'ਤੇ ਜਾਮ ਕਰ ਦਿੱਤੀਆਂ ਜਾਣਗੀਆਂ। ਹਰਿਆਣਾ ਤੇ ਪੱਛਮੀ ਯੂ ਪੀ ਦੇ ਕਿਸਾਨਾਂ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਕਿਸਾਨਾਂ ਨੇ ਵੀ ਜ਼ਬਰਦਸਤ ਪ੍ਰੋਟੈੱਸਟ ਕੀਤੇ।
ਅੰਮ੍ਰਿਤਸਰ : ਉੱਚੇ ਪੁੱਲ ਤੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨ ਜਨਤਕ ਇਕੱਠ ਕਰਕੇ ਰੋਸ ਰੈਲੀ ਕੀਤੀ ਅਤੇ ਫੈਸਲਾ ਕੀਤਾ 1 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਰੇਲ ਗੱਡੀਆਂ ਦਾ ਪੱਕੇ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ।
ਇਕੱਠ ਨੂੰ ਕਿਸਾਨ ਆਗੂਆਂ ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜਾਮਪੁਰਾ, ਹਰਜੀਤ ਸਿੰਘ ਝੀਤੇ ਤੇ ਦੇਵਿੰਦਰ ਸਿੰਘ ਚਾਟੀਵਿੰਡ, ਬਲਦੇਵ ਸਿੰਘ ਬੱਲ ਨੇ ਸੰਬੋਧਨ ਕਰਦਿਆਂ ਕਿਹਾ ਤਿੰਨਾ ਆਰਡੀਨੈਂਸ ਨਾਲ ਮਜ਼ਦੂਰ ਕਿਸਾਨ, ਪੱਲੇਦਾਰ, ਆੜਤੀ ਤੇ ਦੁਕਾਨਦਾਰਾਂ ਦੀ ਬਰਬਾਦੀ ਦੇ ਦਿਨਾਂ ਦੀ ਸ਼ੁਰੂਆਤ ਹੋ ਜਾਵੇਗੀ। ਇਸ ਲਈ ਕਿਸਾਨ ਆਗੂਆਂ ਨੇ ਪੂਰੀ ਦ੍ਰਿੜ੍ਹਤਾ ਨਾਲ ਸੰਘਰਸ਼ ਦੇ ਪ੍ਰਚੰਡ ਰੂਪ ਦੇਣ ਲਈ 1 ਅਕਤੂਬਰ ਤੋਂ ਰੇਲ ਦਾ ਚੱਕਾ ਜਾਮ ਸਫ਼ਲ ਕਰਨ ਲਈ ਸਮੁੱਚੇ ਲੋਕਾਂ ਨੂੰ ਸਹਿਯੋਗ ਦੀ ਮੰਗ ਕੀਤੀ। ਆੜਤੀ ਯੂਨੀਅਨ ਵੱਲੋਂ ਅਮਨਦੀਪ ਸਿੰਘ ਛੀਨਾ, ਸ੍ਰ. ਰਣਜੀਤ ਸਿੰਘ ਰਾਣਾ ਘਰਿੰਡਾ, ਰਕੇਸ਼ ਤੁਲੀ (ਪੱਲੇਦਾਰ ਆਗੂ) ਮਜ਼ਦੂਰ ਆਗੂਆਂ ਅਮਰਜੀਤ ਸਿੰਘ ਆਸਲ, ਜਨਰਲ ਸਕੱਤਰ ਏਟਕ ਸੀ ਟੀ ਯੂ ਦੇ ਆਗੂ ਜਗਤਾਰ ਸਿੰਘ ਦੇ ਆਗੂ ਕਰਮਪੁਰਾ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਹਰਦੀਪ ਕੋਟਲਾ ਅੰਗਰੇਜ਼ ਸਿੰਘ ਚਾਟੀਵਿੰਡ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਬਲਦਵਿੰਦਰ ਸਿੰਘ ਦੋਧਾਲਾ, ਭੁਪਿੰਦਰ ਸਿੰਘ ਤੀਰਥਪੁਰਾ, ਕਰਨੈਲ ਸਿੰਘ, ਪ੍ਰੇਮ ਨਾਥ ਬਿਲਾ, ਚਰਨਜੀਤ ਸਿੰਘ ਤੋਂ ਇਲਾਵਾ ਆਦਿ ਨੇ ਕਿਸਾਨਾਂ ਵੱਲੋਂ ਵਿਛੇ ਸੰਘਰਸ਼ ਦੀ ਪੁਰਜ਼ੋਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮਜ਼ਦੂਰ ਆਗੂਆਂ ਅਮਰਜੀਤ ਆਸਲ, ਜਗਤਾਰ ਸਿੰਘ ਕਰਮਪੁਰਾ ਨੇ ਆਪੋ-ਆਪਣੀਆਂ ਯੂਨੀਅਨਾਂ ਵੱਲੋਂ ਭਰਪੂਰ ਸਮੱਰਥ ਕੀਤਾ।
ਭਿੱਖੀਵਿੰਡ : ਮੋਦੀ ਸਰਕਾਰ ਵੱਲੋਂ ਕਿਸਾਨ-ਮਜ਼ਦੂਰ ਵਿਰੋਧੀ ਆਰਡੀਨੈਂਸਾਂ ਨੂੰ ਕਾਨੂੰਨ 'ਚ ਬਦਲਣ ਵਿਰੁੱਧ ਸ਼ੁੱਕਰਵਾਰ ਭਿੱਖੀਵਿੰਡ ਦੀਆਂ ਸੜਕਾਂ 'ਤੇ ਰੋਹ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਚੌਕ ਵਿੱਚ ਧਰਨਾ ਦਿੱਤਾ ਗਿਆ, ਜਿਸ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਵੱਲੋਂ ਜਰਨੈਲ ਸਿੰਘ ਦਿਆਲਪੁਰਾ, ਪੰਜਾਬ ਕਿਸਾਨ ਸਭਾ ਵੱਲੋਂ ਪਵਨ ਕੁਮਾਰ ਭਿੱਖੀਵਿੰਡ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਰਾਜਬੀਰ ਸਿੰਘ ਰਾਜੋਕੇ, ਜਤਿੰਦਰ ਸ਼ਰਮਾ, ਗੁਰਸਾਹਿਬ ਸਿੰਘ ਕਾਦੀਆਂ ਗਰੁੱਪ, ਦਿਲਬਾਗ ਸਿੰਘ ਲੱਖੋਵਾਲ ਗਰੁੱਪ ਅਤੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਰਾਜਬੀਰ ਸਿੰਘ ਪਹੂਵਿੰਡ ਵੱਲੋਂ ਕੀਤੀ ਗਈ। ਕਿਸਾਨਾਂ ਦੇ ਸਮਰਥਨ ਵਿੱਚ ਅੱਜ ਭਿੱਖੀਵਿੰਡ ਪੂਰਨ ਤੌਰ 'ਤੇ ਬੰਦ ਰਿਹਾ। ਧਰਨੇ ਨੂੰ ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਅਰਸਾਲ ਸਿੰਘ ਸੰਧੂ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂ ਸੁੱਚਾ ਸਿੰਘ ਲੱਧੂ, ਦਲਜੀਤ ਸਿੰਘ ਦਿਆਲਪੁਰਾ, ਸਰਵਣ ਸਿੰਘ ਧੁੰਨ, ਸੁਖਬੀਰ ਸਿੰਘ ਵਲਟੋਹਾ, ਗੁਰਸਾਹਿਬ ਸਿੰਘ ਕਾਦੀਆਂ, ਦਿਲਬਾਗ ਸਿੰਘ ਲੱਖੋਵਾਲ, ਰਾਜਬੀਰ ਸਿੰਘ ਡਿਪਟੀ, ਯਾਦਵਿੰਦਰ ਸਿੰਘ, ਬਲਦੇਵ ਸਿੰਘ ਵਲਟੋਹਾ ਨੇ ਸੰਬੋਧਨ ਦੌਰਾਨ ਕਿਹਾ ਕਿ ਮੋਦੀ ਵੱਲੋਂ ਜਾਰੀ ਹੋਏ ਆਰਡੀਨੈਂਸਾਂ ਨੂੰ ਕਾਨੂੰਨ ਵਿੱਚ ਬਦਲ ਕੇ ਕਾਰਪੋਰੇਟ ਘਰਾਣਿਆਂ ਨਾਲ ਮਿੱਤਰਤਾ ਪੁਗਾਈ ਹੈ। ਕਿਸਾਨਾਂ ਨੂੰ ਇਹ ਆਰਡੀਨੈਂਸ ਕਿਸੇ ਵੀ ਸੂਰਤ ਵਿੱਚ ਮਨਜ਼ੂਰ ਨਹੀਂ ਹਨ। ਹੁਣ ਤਾਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ 'ਤੇ ਸਾਰਾ ਪੰਜਾਬ ਮੈਦਾਨ ਵਿੱਚ ਆ ਗਿਆ ਹੈ, ਜਿਸ ਵਿੱਚ ਮੁਲਾਜ਼ਮ, ਦੁਕਾਨਦਾਰ, ਛੋਟਾ ਕਾਰੋਬਾਰੀ, ਮਜ਼ਦੂਰ ਅਤੇ ਔਰਤਾਂ ਵੀ ਸ਼ਾਮਲ ਹਨ। ਸਰਬ ਸਾਂਝਾ ਲੋਕਾਂ ਦਾ ਇਹ ਸੰਘਰਸ਼ ਮੋਦੀ ਸਰਕਾਰ ਨੂੰ ਮਜਬੂਰ ਕਰ ਦੇਵੇਗਾ ਕਿ ਉਹ ਕਿਸਾਨ ਤੇ ਮਜ਼ਦੂਰ ਵਿਰੋਧੀ ਆਰਡੀਨੈਂਸ ਵਾਪਸ ਲਵੇ। ਇਹ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਹੈ ਕਿ ਮੋਦੀ ਸਰਕਾਰ ਨੇ ਰਾਜ ਸਰਕਾਰਾਂ ਦੇ ਅਧਿਕਾਰ ਵੀ ਖੋਹ ਲਏ ਹਨ ਅਤੇ ਨਰਿੰਦਰ ਮੋਦੀ ਹਿਟਲਰ ਦੀ ਤਰ੍ਹਾਂ ਇੱਕ ਤਾਨਾਸ਼ਾਹ ਬਣਨਾ ਚਾਹੁੰਦਾ ਹੈ। ਜੇ ਕੋਈ ਬੁੱਧੀਜੀਵੀ, ਲੇਖਕ, ਪੱਤਰਕਾਰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਪਾਜ ਉਧੇੜਦਾ ਹੈ ਤੇ ਉਸ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ। ਹੁਣ ਤੱਕ ਸੈਂਕੜੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਇਸ ਇਕੱਠ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਚਮਨ ਲਾਲ ਦਰਾਜਕੇ, ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਵਿਸ਼ਾਲਦੀਪ ਸਿੰਘ ਵਲਟੋਹਾ, ਪੰਜਾਬ ਇਸਤਰੀ ਸਭਾ ਦੀ ਸੂਬਾ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਮੋਦੀ ਸਰਕਾਰ ਨੇ ਕਿਸਾਨੀ ਕਾਰਜ ਨੂੰ ਉਜਾੜ ਦਿੱਤਾ ਤਾਂ ਦੇਸ਼ ਵਿੱਚ ਗਰੀਬੀ ਹੋਰ ਵਧੇਗੀ। ਮਜ਼ਦੂਰ ਵਰਗ ਤਾਂ ਪਹਿਲਾਂ ਹੀ ਗਰੀਬੀ ਦਾ ਸੰਤਾਪ ਭੋਗ ਰਿਹਾ ਹੈ। ਜੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਹੋ ਗਈ ਤੇ ਗਰੀਬ ਵੀ ਰੋਟੀ-ਰੋਜ਼ੀ ਤੋਂ ਆਤਰ ਹੋ ਜਾਵੇਗਾ।
ਇਸ ਕਰਕੇ ਭਰਾਤਰੀ ਜਥੇਬੰਦੀਆਂ ਕਿਸਾਨਾਂ ਦੀ ਪੁਰਜ਼ੋਰ ਹਮਾਇਤ ਕਰਦੀਆਂ ਹਨ ਅਤੇ ਸੰਘਰਸ਼ ਵਿਚ ਲਗਾਤਾਰ ਸ਼ਮੂਲੀਅਤ ਕਰਨਗੀਆਂ। ਅੱਜ ਦੇ ਇਕੱਠ ਨੂੰ ਰਛਪਾਲ ਸਿੰਘ ਬਾਠ, ਕੇਵਲ ਸਿੰਘ ਕੰਬੋਕੇ, ਕਿਰਨਜੀਤ ਕੌਰ ਵਲਟੋਹਾ, ਸੁਖਦੇਵ ਸਿੰਘ ਕਾਲਾ, ਜਸਵੰਤ ਸਿੰਘ ਸੂਰਵਿੰਡ ਨੇ ਵੀ ਸੰਬੋਧਨ ਕੀਤਾ।
ਬੁਢਲਾਡਾ (ਅਸ਼ੋਕ ਲਾਕੜਾ) : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀਆਂ, ਆੜ੍ਹਤੀ ਤੇ ਮੁਨੀਮ ਯੂਨੀਅਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਰੋਹ ਭਰਪੂਰ ਧਰਨੇ ਦਿੱਤੇ। ਸਥਾਨਕ ਆਈ.ਟੀ.ਆਈ. ਚੌਕ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਰੋਸ ਪ੍ਰਦਰਸ਼ਨ 'ਚ ਬੁਲਾਰਿਆਂ ਨੇ ਕੇਂਦਰ ਸਰਕਾਰ ਖਿਲਾਫ ਧੂੰਆਂਧਾਰ ਤਕਰੀਰਾਂ ਕੀਤੀਆਂ ਅਤੇ ਲਾਗੂ ਕੀਤੇ ਜਾ ਰਹੇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਸਮੇਤ ਸਭਨਾਂ ਲਈ ਮਾਰੂ ਦੱਸਿਆ। ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਾ: ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਖੇਤੀ ਨਾਲ ਸੰਬੰਧਤ ਤਿੰਨੇ ਆਰਡੀਨੈਂਸ ਕਿਸਾਨ ਵਿਰੋਧੀ ਹੀ ਨਹੀਂ, ਸਗੋਂ ਲੋਕ ਵਿਰੋਧੀ ਹਨ, ਮੋਦੀ ਸਰਕਾਰ ਕੋਰੋਨਾ ਦੀ ਆੜ 'ਚ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚਣ ਦਾ ਪ੍ਰਬੰਧ ਕਰ ਰਹੀ ਹੈ। ਉਕਤ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਇਹ ਮਾਰੂ ਆਰਡੀਨੈਂਸ ਵਾਪਸ ਨਾ ਲਏ ਤਾਂ ਭਾਜਪਾ ਆਗੂਆਂ ਨੂੰ ਆਉਣ ਵਾਲੇ ਸਮੇਂ 'ਚ ਪਿੰਡਾਂ ਅੰਦਰ ਕਿਸਾਨਾਂ ਦੇ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਧਰਨੇ ਨੂੰ ਹਲਕਾ ਵਿਧਾਇਕ ਬੁੱਧ ਰਾਮ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਭੱਠਲ, ਕਿਸਾਨ ਯੂਨੀਅਨ (ਕਾਦੀਆਂ) ਦੇ ਕੁਲਦੀਪ ਸਿੰਘ ਚੱਕ ਭਾਈਕੇ, ਕਿਸਾਨ ਯੂਨੀਅਨ (ਡਕੌਂਦਾ) ਦੇ ਮਹਿੰਦਰ ਸਿੰਘ ਦਿਆਲਪੁਰਾ, ਸੱਤਪਾਲ ਸਿੰਘ ਬਰ੍ਹੇ, ਦਰਸ਼ਨ ਸਿੰਘ ਗੁਰਨੇ, ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਸਿੰਘ ਬਰ੍ਹੇ, ਕਿਸਾਨ ਯੂਨੀਅਨ (ਰਾਜੇਵਾਲ) ਦੇ ਜਸਵੀਰ ਸਿੰਘ ਬਾਜਵਾ, ਦਿਲਬਾਗ ਸਿੰਘ ਗੱਗੀ, ਕੌਂਸਲਰ ਤੀਰਥ ਸਿੰਘ ਸਵੀਟੀ, ਵਪਾਰ ਮੰਡਲ ਦੇ ਗੁਰਿੰਦਰ ਮੋਹਨ, ਕ੍ਰਾਂਤੀਕਾਰੀ ਯੂਨੀਅਨ ਦੇ ਦਰਸ਼ਨ ਸਿੰਘ ਟਾਹਲੀਆਂ, ਕੁਲ ਹਿੰਦ ਕਿਸਾਨ ਸਭਾ ਭੁਪਿੰਦਰ ਸਿੰਘ ਗੁਰਨੇ, ਜਗਸੀਰ ਸਿੰਘ ਟਾਹਲੀਆਂ, ਕਾ: ਵੇਦ ਪ੍ਰਕਾਸ਼, ਬੰਬੂ ਸਿੰਘ, ਫਰੀਡਮ ਫਾਇਟਰ ਉਤਰਾਅਧਿਕਾਰੀ ਯੂਨੀਅਨ ਦੇ ਜਸਵੰਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਆਲ ਇੰਡੀਆ ਕਿਸਾਨ-ਖੇਤ ਮਜ਼ਦੂਰ ਸੰਗਠਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੂੰਘੀ ਆਰਥਿਕ ਮੰਦਹਾਲੀ 'ਚੋਂ ਲੰਘ ਰਹੀ ਕਿਰਸਾਨੀ ਨੂੰ ਇਨ੍ਹਾਂ ਮਾਰੂ ਬਿੱਲਾਂ ਤੋਂ ਬਚਾਉਣ ਲਈ ਕਿਸੇ ਵੀ ਤਰ੍ਹਾਂ ਦੇ ਅੰਦੋਲਨ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਗੁਰੂ ਨਾਨਕ ਕਾਲਜ ਚੌਕ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਅਤੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਧਰਨਾ ਦਿੱਤਾ। ਸ਼ਹਿਰ ਦੇ ਫੁੱਟਬਾਲ ਚੌਕ 'ਚ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਲਗਾਏ ਧਰਨੇ ਦੀ ਅਗਵਾਈ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ, ਜਗਸੀਰ ਸਿੰਘ ਦੋਦੜਾ ਨੇ ਕੀਤੀ। ਇਸ ਧਰਨੇ 'ਚ ਔਰਤਾਂ ਨੇ ਵੀ ਵੱਡੀ ਗਿਣਤੀ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਸ਼ਹਿਰ ਦੇ ਸਮੂਹ ਕਾਰੋਬਾਰ ਬੰਦ ਰਹੇ।
ਮੁਹਾਲੀ : ਮੋਦੀ ਸਰਕਾਰ ਦੇ ਤਿੰਨ ਕਿਸਾਨ ਅਤੇ ਖੇਤੀ-ਮਾਰੂ ਆਰਡੀਨੈਂਸਾਂ (ਹੁਣ ਬਿੱਲ) ਵਿਰੁੱਧ ਅੱਜ ਪੰਜਾਬ ਦੇ ਕਿਸਾਨਾਂ ਅਤੇ ਉਹਨਾਂ ਦੇ ਸਮਰਥਨ ਵਿਚ ਨਿੱਤਰੇ ਹਰ ਵਰਗ ਦੇ ਪੰਜਾਬੀਆਂ ਵੱਲੋਂ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਉਤੇ ਅੱਜ ਸਫਲ ਪੰਜਾਬ ਬੰਦ ਉਤੇ ਵਧਾਈ ਦਿੰਦਿਆਂ ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਇਸ ਨੂੰ ਕਿਸਾਨਾਂ ਦੀ ਅੰਤਮ ਜਿੱਤ ਵੱਲ ਅਹਿਮ ਕਦਮ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜਦੋਂ ਪੰਜਾਬ ਅਸੰਬਲੀ ਨੇ ਇਸ ਆਰਡੀਨੈਂਸ ਵਿਰੁੱਧ ਮਤਾ ਪਾਸ ਕੀਤਾ ਸੀ ਤਾਂ ਇਹ ਉਹਨਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਸੀ, ਉਹਨਾਂ ਦੇ ਸੰਘਰਸ਼ ਨੇ ਅਕਾਲੀ ਦਲ ਬਾਦਲ ਜੋ ਲਗਾਤਾਰ ਆਰਡੀਨੈਂਸ ਦੇ ਹੱਕ ਵਿਚ ਵਕਾਲਤ ਕਰਦਾ ਆ ਰਿਹਾ ਸੀ, ਨੂੰ ਜਦੋਂ ਕੇਂਦਰੀ ਕੈਬਨਿਟ ਵਿੱਚੋਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ, ਇਹ ਉਹਨਾਂ ਦੀ ਦੂਜੀ ਮਹੱਤਵਪੂਰਨ ਜਿੱਤ ਸੀ। ਅੱਜ ਪੰਜਾਬ ਦੀਆਂ ਸਾਰੀਆਂ (ਇਕ ਭਾਜਪਾ ਨੂੰ ਛੱਡ ਕੇ) ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਦੀਆਂ ਹਨ, ਭਾਵੇਂ ਅਕਾਲੀ ਦਲ ਬਾਦਲ ਸਪੱਸ਼ਟ ਸਟੈਂਡ ਨਾ ਲੈ ਕੇ ਕਾਲੇ ਕਾਨੂੰਨ ਬਣਾਉਣ ਲਈ ਕੇਂਦਰੀ ਸਰਕਾਰ ਉਤੇ ਹਮਲੇ ਕਰਨ ਦੀ ਬਜਾਏ ਮਤਵਾਜ਼ੀ ਕਾਰਵਾਈ ਕਰਦਿਆਂ ਦਿੱਲੀ ਨੂੰ ਜਾਣ ਦੀ ਬਜਾਏ ਚੰਡੀਗੜ੍ਹ ਵੱਲ ਮੂੰਹ ਕਰੀ ਬੈਠਾ ਹੈ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਲੀਹ ਤੋਂ ਲਾਹੁਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਪ੍ਰਸੰਗ ਵਿਚ ਕੱਲ੍ਹ ਦਾ ਸਫਲ ਰੇਲ ਰੋਕੋ ਅਤੇ ਅੱਜ ਦਾ ਸਫਲ ਪੰਜਾਬ ਬੰਦ ਕਿਸਾਨ ਸੰਘਰਸ਼ ਦੀ ਜਿੱਤ ਵੱਲ ਹੁਲਾਰਾ ਦਿੰਦਾ ਹੈ। ਉਹਨਾਂ ਕਿਹਾ ਕਿ ਖੱਬੀਆਂ ਪਾਰਟੀਆਂ ਲਗਾਤਾਰ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੀਆਂ ਅਤੇ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਸਾਂਝੇ ਅੰਦੋਲਨਾਂ ਦੀ ਅਗਵਾਈ ਕਰਦੀਆਂ ਆ ਰਹੀਆਂ ਹਨ, ਉਹ ਅੱਗੋਂ ਵੀ ਇਹ ਐਜੀਟੇਸ਼ਨ ਜਾਰੀ ਰੱਖਣਗੀਆਂ, ਜਿਸ ਨਾਲ ਭਾਜਪਾ ਹਿਟਲਰਸ਼ਾਹੀ ਦੀ ਹਾਰ ਹੋਵੇਗੀ ਅਤੇ ਲੋਕਾਂ ਦੀ ਜਿੱਤ। ਉਹਨਾਂ ਕਿਹਾ ਕਿ ਏਟਕ, ਮਜ਼ਦੂਰ ਜਥੇਬੰਦੀਆਂ, ਖੇਤ ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ, ਖਾਸ ਕਰਕੇ ਇਸਤਰੀ ਸਭਾ ਨੇ ਅਤੇ ਲੇਖਕਾਂ ਨੇ ਇਸ ਬੰਦ ਅਤੇ ਸੰਘਰਸ਼ ਵਿਚ ਸਰਗਰਮ ਹਿੱਸਾ ਲਿਆ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸਾਬਕ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਕਾਰਜਕਾਰਨੀ ਮੈਂਬਰ ਗੁਰਨਾਮ ਕੰਵਰ, ਸਾਹਿਤ ਚਿੰਤਨ ਦੇ ਮੁਖੀ ਸਰਦਾਰਾ ਸਿੰਘ ਚੀਮਾ, ਪੰਜਾਬੀ ਸਾਹਿਤ ਸਭਾ ਮੋਹਾਲੀ ਦੇ ਪ੍ਰਧਾਨ ਪ੍ਰੋ. ਛਿੰਦਰਪਾਲ ਸਿੰਘ, ਜਨਰਲ ਸਕੱਤਰ ਸਵੈਰਾਜ ਸੰਧੂ, ਬਲਜੀਤ ਬਾਸੀ, ਸਾਹਿਤ ਵਿਗਿਆਨ ਕੇਂਦਰ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ, ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ, ਪ੍ਰੋ. ਮਨਦੀਪ ਸਿੰਘ, ਦਿਲਦਾਰ, ਊਸ਼ਾ ਕੰਵਰ, ਮੋਹਨ ਰਾਹੀ, ਪੰਜਾਬੀ ਦੀ ਸਥਾਪਤ ਨਵੀਂ ਅਦਾਕਾਰਾ ਸਾਵਨ ਰੂਪੋਵਾਲੀ ਅਤੇ ਹੋਰ ਲੇਖਕਾਂ ਨੇ ਮੋਹਾਲੀ ਐਜੀਟੇਸ਼ਨ ਵਿਚ ਸਰਗਰਮ ਸ਼ਿਰਕਤ ਕੀਤੀ ਅਤੇ ਰੈਲੀ ਰੂਪੀ ਧਰਨੇ ਮਗਰੋਂ 7 ਫੇਜ਼ ਲਾਈਟਾਂ ਉੱਤੇ ਸੜਕ ਜਾਮ ਕਰ ਦਿੱਤੀ। ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਦੀ ਵਾਪਸੀ ਲਈ ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਦੀ ਬਹਾਲੀ ਲਈ ਅਤੇ ਵਿਗਿਆਨਕ ਸਿੱਖਿਆ ਨੀਤੀ ਬਣਾਉਣ ਲਈ ਲੇਖਕ ਆਪਣੇ ਕਿਸਾਨ ਸਾਥੀਆਂ ਦੇ ਸੰਘਰਸ਼ ਵਿਚ ਹਿੱਸਾ ਲੈਣਗੇ ਅਤੇ ਲੋੜ ਪਈ ਤਾਂ ਗ੍ਰਿਫਤਾਰੀਆਂ ਦੇਣ ਲਈ ਵੀ ਤਿਆਰ ਹਨ।
ਜਲੰਧਰ (ਥਾਪਾ) : ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਸਬਰ ਫਾਉਂਡੇਸ਼ਨ ਵੱਲੋਂ ਪ੍ਰਸਿੱਧ ਗੀਤਕਾਰ ਮੰਗੀ ਮਾਹਲ, ਜਸਪ੍ਰੀਤ ਸਿੰਘ ਦਈਆ, ਪ੍ਰਸਿੱਧ ਗਾਇਕ ਮਾਸਟਰ ਸਲੀਮ, ਸੁਰਿੰਦਰ ਲਾਡੀ, ਰਾਏ ਜੁਝਾਰ, ਬੀਰ ਸਿੰਘ, ਗੁਰਲੇਜ ਅਖਤਰ, ਕੁਲਵਿੰਦਰ ਕੈਲੀ, ਸੁੱਚਾ ਰੰਗੀਲਾ ਤੇ ਮੈਂਡੀ (ਸਾਰੇ ਪ੍ਰਸਿੱਧ ਗਾਇਕ) ਤੇ ਸਬਰ ਫਾਉਂਡੇਸ਼ਨ ਦੇ ਸਰਗਰਮ ਦਲਜੀਤ ਸਿੰਘ ਨਡਾਲਾ, ਸੁਮੀਤ, ਇੰਦਰਜੀਤ ਸਿੰਘ ਅਟਵਾਲ, ਸੁਖ ਬਾਠ, ਡੇਵਿਡ, ਜੋਨੀ ਭੰਡਾਰੀ, ਹਰਜੀਤ ਸਿੰਘ ਠੱਠੀ, ਕੁਲਦੀਪ ਸਿੰਘ ਨੀਲਾ, ਦਮਨ ਸੰਧੂ, ਸਿੰਘ ਹਰਜੋਤ ਤੇ ਨੀਲਾ ਬਜੂਹਾ ਤੇ ਵਿਸ਼ੇਸ਼ ਤੌਰ 'ਤੇ ਸੱਦੇ ਗਏ ਰਜਿੰਦਰ ਮੰਡ ਐਡਵੋਕੇਟ ਦੀ ਅਗਵਾਈ ਹੇਠ ਮੋਟਰਸਾਈਕਲਾਂ, ਟਰੈਕਟਰਾਂ ਤੇ ਕਾਰਾਂ ਦਾ ਇੱਕ ਵੱਡਾ ਜਥਾ ਫੇਸ 2 ਅਰਬਨ ਅਸਟੇਟ ਜਲੰਧਰ ਤੋਂ ਚੱਲ ਕੇ ਕਿਸਾਨਾਂ ਦੇ ਪੀ ਏ ਪੀ ਦੇ ਪ੍ਰੋਗਰਾਮ ਵਿੱਚ ਪਹੁੰਚਿਆ।
ਇਸ ਤੋਂ ਬਾਅਦ ਉਪਰੋਕਤ ਲੀਡਰਸ਼ਿਪ ਦੀ ਅਗਵਾਈ ਵਿੱਚ ਜੱਥਾ ਜਿਸ ਵਿੱਚ ਸੈਂਕੜੇ ਨੌਵਜਾਨ ਸ਼ਾਮਲ ਸਨ, ਪੀ ਏ ਪੀ ਚੌਕ ਜਿੱਥੇ 31 ਜਥੇਬੰਦੀਆਂ ਵੱਲੋਂ ਧਰਨਾ ਜਾਰੀ ਸੀ, ਪਹੁੰਚਿਆ। ਇਸ ਮੌਕੇ ਮੰਗੀ ਮਾਹਲ ਤੇ ਜਸਪ੍ਰੀਤ ਸਿੰਘ ਦਈਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਕਿਸਾਨਾਂ ਦੇ ਵਿਰੁੱਧ ਬਿੱਲ ਜਦ ਤੱਕ ਵਾਪਸ ਨਹੀਂ ਹੁੰਦੇ, ਉਹਨਾਂ ਦੀ ਸੰਸਥਾ ਸਬਰ ਫਾਊੁਂਡੇਸ਼ਨ ਕਿਸਾਨਾਂ ਦੇ ਨਾਲ ਰਹੇਗੀ।
ਪਟਿਆਲਾ : 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਜ਼ਬਰਦਸਤ ਸਮੱਰਥਨ ਕਰਦਿਆਂ ਪੰਜਾਬ ਏਟਕ ਨਾਲ ਸੰਬੰਧਤ ਜਥੇਬੰਦੀਆਂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਸੰਬੰਧਤ ਜਥੇਬੰਦੀਆਂ ਵੱਲੋਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ, ਪੰਜਾਬ ਏਟਕ ਅਤੇ ਪ.ਸ.ਸ.ਫ. ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ-ਮਜ਼ਦੂਰਾਂ ਨੇ ਬੱਸ ਸਟੈਂਡ ਪਟਿਆਲਾ ਦੇ ਨੇੜੇ ਜ਼ੋਰਦਾਰ ਮੁਜ਼ਾਹਰਾ ਕੀਤਾ ਅਤੇ ਬਾਜ਼ਾਰਾਂ ਵਿੱਚੋਂ ਦੀ ਮੁਜ਼ਾਹਰੇ ਦੇ ਰੂਪ ਵਿੱਚ ਮਾਰਚ ਵੀ ਕੀਤਾ।
ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਪ.ਸ.ਸ.ਫ. ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਬੜੀ ਤੇਜ਼ੀ ਨਾਲ ਲੋਕ ਵਿਰੋਧੀ ਕਦਮ ਚੁੱਕ ਰਹੀ ਹੈ, ਜਿਨ੍ਹਾਂ ਰਾਹੀਂ ਪਬਲਿਕ ਸੈਕਟਰ ਦਾ ਨਿੱਜੀਕਰਨ, ਲੇਬਰ ਕਾਨੂੰਨ ਤੋੜਨਾ, ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਵਿੱਚ ਬੇਸ਼ੁਮਾਰ ਵਾਧਾ ਕਰਨਾ, ਵਿਦੇਸ਼ੀ ਪੂੰਜੀਪਤੀਆਂ ਨੂੰ ਦੇਸ਼ ਦੇ ਸਾਧਨ ਲੁੱਟਣ ਲਈ ਖੁੱਲ੍ਹਾ ਸੱਦਾ ਦੇਣਾ, ਮਜ਼ਦੂਰਾਂ ਦੀਆਂ ਨੌਕਰੀਆਂ ਖੋਹਣਾ ਆਦਿ ਦੇ ਰੂਪ ਵਿੱਚ ਦੇਸ਼ ਵਿਰੋਧੀ ਅਤੇ ਲੋਕ ਵਿਰੋਧੀ ਚਿਹਰਾ ਮੋਦੀ ਸਰਕਾਰ ਦਾ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆ ਚੁੱਕਾ ਹੈ। ਹੁਣ ਮੋਦੀ ਵੱਲੋਂ ਸਭ ਤੋਂ ਭਿਆਨਕ ਤਬਾਹੀ ਵਾਲਾ ਹਮਲਾ ਕਿਸਾਨਾਂ ਉਪਰ ਬੋਲਿਆ ਗਿਆ ਹੈ, ਜਿਸ ਰਾਹੀਂ ਕੇਂਦਰ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨੀ ਕਿੱਤੇ ਨੂੰ ਤਬਾਹ ਕਰ ਦਿੱਤਾ ਜਾਵੇਗਾ ਅਤੇ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਕੰਪਨੀਆਂ ਦੀ ਝੋਲੀ ਵਿੱਚ ਪਾ ਦਿੱਤੀਆਂ ਜਾਣਗੀਆਂ ਅਤੇ ਕਿਸਾਨਾਂ ਨੂੰ ਦਿਹਾੜੀਆਂ ਕਰਨ ਲਈ ਮਜਬੂਰ ਕਰ ਦਿੱਤਾ ਜਾਵੇਗਾ। ਕਿਸਾਨਾਂ ਦੀਆਂ ਜਿਣਸਾਂ ਦੀ ਐੱਮ.ਐੱਸ.ਪੀ. ਖਤਮ ਕਰ ਦਿੱਤੀ ਜਾਵੇਗੀ। ਮੰਡੀਕਰਨ ਦਾ ਢਾਂਚਾ ਤਬਾਹ ਕਰ ਦਿੱਤਾ ਜਾਵੇਗਾ। ਮੰਡੀਕਰਨ ਨਾਲ ਸੰਬੰਧਤ ਵੱਖ-ਵੱਖ ਕਿਸਮ ਦੇ ਕਰੋੜਾਂ ਕਾਮੇ ਵੀ ਬੇਰੁਜ਼ਗਾਰ ਹੋ ਜਾਣਗੇ। ਪਿੰਡਾਂ ਦੇ ਖੇਤ ਮਜ਼ਦੂਰ ਕਰੋੜਾਂ ਦੀ ਗਿਣਤੀ ਵਿੱਚ ਰੋਟੀ ਤੋਂ ਮੁਥਾਜ ਹੋ ਜਾਣਗੇ।
ਅੱਜ ਦੇ ਇਸ ਇਕੱਠ ਵਿੱਚ ਮੁਲਾਜ਼ਮ-ਮਜ਼ਦੂਰ, ਨੌਜੁਆਨ, ਕਿਸਾਨ, ਵਿਦਿਆਰਥੀ ਏਕਤਾ ਦੇ ਨਾਅਰੇ ਲਾਉਂਦੇ ਹੋਏ ਮੁਲਾਜ਼ਮਾਂ-ਮਜ਼ਦੂਰਾਂ ਨੇ ਕਿਸਾਨ ਅੰਦੋਲਨ ਨੂੰ ਆਪਣਾ ਸਮਝ ਕੇ ਸਮਰਥਨ ਦਿੱਤਾ। ਜਿਨ੍ਹਾਂ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ, ਉਹਨਾਂ ਵਿੱਚ ਉਤਮ ਸਿੰਘ ਬਾਗੜੀ, ਜਗਮੋਹਨ ਨੋਲੱਖਾ, ਗੁਰਵਿੰਦਰ ਸਿੰਘ ਗੋਲਡੀ, ਬਲਜਿੰਦਰ ਸਿੰਘ, ਰਵਿੰਦਰਜੀਤ ਕੌਰ, ਹਰਸ਼ਨਜੀਤ ਕੌਰ, ਸੁਨੀਤਾ ਜੋਸ਼ੀ, ਸੂਰਜ ਪਾਲ ਯਾਦਵ, ਰਮੇਸ਼ ਕੁਮਾਰ, ਵੀਰ ਚੰਦ, ਸੰਤੋਖ ਸਿੰਘ, ਕਰਨੈਲ ਸਿੰਘ ਆਦਿ ਸ਼ਾਮਲ ਸਨ।
ਲੁਧਿਆਣਾ (ਭਾਟੀਆ, ਸ਼ਰਮਾ, ਕਥੂਰੀਆ) : ਇੰਟਕ, ਏਟਕ ਅਤੇ ਸੀ ਟੀ ਯੂ ਵੱਲੋਂ ਸਾਂਝੇ ਤੌਰ 'ਤੇ ਖੇਤੀਬਾੜੀ ਨਾਲ ਸੰਬੰਧਤ ਕਿਸਾਨ ਵਿਰੋਧੀ ਕਾਨੂੰਨਾਂ, ਜੋ ਕਿ ਸੰਸਦ ਵਿੱਚ ਬਿਨਾਂ ਕਿਸੇ ਬਹਿਸ ਦੇ ਪਾਸ ਕਰਾਏ ਗਏ ਹਨ, ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ। ਇਸ ਸੰਬੰਧ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤ 'ਤੇ ਜਗਰਾਓਂ ਪੁਲ ਵਿਖੇ ਸ਼ਹੀਦਾਂ ਨੂੰ ਫੁੱਲ ਅਰਪਿਤ ਕਰਕੇ ਤੇ ਦੇਸ਼ ਦੀ ਲੋਕਤੰਤਰ ਪ੍ਰਣਾਲੀ ਦੀ ਰੱਖਿਆ ਕਰਨ ਦਾ ਪ੍ਰਣ ਲੈ ਕੇ ਰੈਲੀ ਕੀਤੀ ਗਈ। ਰੈਲੀ ਉਪਰੰਤ ਜਗਰਾਉਂ ਪੁਲ ਤੋਂ ਲੈ ਕੇ ਭਾਰਤ ਨਗਰ ਚੌਕ ਤੱਕ ਪ੍ਰਦਰਸ਼ਨ ਤੇ ਜਾਮ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕੋਰੋਨਾ ਦੀ ਆੜ ਵਿੱਚ ਜਲਦਬਾਜ਼ੀ ਵਿੱਚ ਲੋਕ ਵਿਰੋਧੀ ਕਾਨੂੰਨ ਬਣਾਈ ਜਾ ਰਹੀ ਹੈ ਅਤੇ ਲੋਕਤੰਤਰਿਕ ਕਿਰਿਆਵਾਂ ਦਾ ਪੂਰੀ ਤਰ੍ਹਾਂ ਘਾਣ ਕਰ ਦਿੱਤਾ ਗਿਆ ਹੈ। ਖੇਤੀਬਾੜੀ ਨਾਲ ਸੰਬੰਧਤ ਜਿਹੜੇ ਤਿੰਨ ਆਰਡੀਨੈਂਸ ਲਿਆ ਕੇ ਕਾਨੂੰਨ ਪਾਸ ਕਰਵਾਏ ਗਏ, ਉਸ ਦੇ ਨਾਲ ਨਾ ਕੇਵਲ ਕਿਸਾਨ ਲੁੱਟੇ ਜਾਣਗੇ, ਬਲਕਿ ਖਪਤਕਾਰਾਂ ਨੂੰ ਵੀ ਮਹਿੰਗੇ ਭਾਅ 'ਤੇ ਖੇਤੀਬਾੜੀ ਦੀਆਂ ਪੈਦਾਵਾਰ ਮਿਲਣਗੀਆਂ। ਬੁਲਾਰਿਆਂ ਨੇ ਕਿਹਾ ਕਿ ਅੱਜ ਸਮਾਂ ਲੰਬੀ ਲੜਾਈ ਦਾ ਹੈ ਅਤੇ ਮਜ਼ਦੂਰ, ਕਿਸਾਨ ਤੇ ਹੋਰ ਵਰਗਾਂ ਦਾ ਏਕਾ ਬਣਾ ਕੇ ਵਿਸ਼ਾਲ ਸੰਘਰਸ਼ ਦੀ ਲੋੜ ਹੈ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡੀ ਪੀ ਮੌੜ, ਸਰਬਜੀਤ ਸਿੰਘ ਸਰਹਾਲੀ, ਰਮੇਸ਼ ਰਤਨ, ਚਰਨ ਸਰਾਭਾ, ਵਿਜੈ ਕੁਮਾਰ, ਮਾਸਟਰ ਫ਼ਿਰੋਜ਼, ਬਲਦੇਵ ਮੌਦਗਿਲ, ਜਗਦੀਸ਼ ਚੰਦ ਅਤੇ ਪਰਮਜੀਤ ਸਿੰਘ ਸ਼ਾਮਲ ਸਨ। ਹੋਰ ਆਗੂ ਜਿਨ੍ਹਾਂ ਨੇ ਰੈਲੀ ਨੂੰ ਸੰਬੋਧਨ ਕੀਤਾ, ਉਹ ਸਨ ਗੁਰਜੀਤ ਸਿੰਘ ਜਗਪਾਲ, ਮਹੀਪਾਲ, ਬਲਰਾਮ ਸਿੰਘ, ਕੇਵਲ ਸਿੰਘ ਬਨਵੈਤ, ਚਮਕੌਰ ਸਿੰਘ, ਕਾਮੇਸ਼ਵਰ, ਸਰੋਜ, ਲੱਡੂ ਸ਼ਾ, ਮੰਨਾ ਸਿੰਘ, ਨਿਰਭੈ ਸਿੰਘ, ਘਨਸ਼ਾਮ ਸ਼ਾਮਲ ਸਨ।

384 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper