Latest News
ਨੰਗੇ ਧੜ ਲੜਾਈ

Published on 26 Sep, 2020 10:48 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਨ-ਅੰਦੋਲਨ ਵਿੱਚ ਉਭਰੇ ਰੇਲ ਰੋਕੋ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਸ਼ਨੀਵਾਰ ਪੰਜਾਬ ਭਰ ਵਿੱਚ ਮੋਰਚਾ ਖੋਲ੍ਹਿਆ ਗਿਆ। ਗੁਰਦਾਸਪੁਰ, ਟਾਂਡਾ, ਹੁਸ਼ਿਆਰਪੁਰ, ਜਲੰਧਰ, ਤਰਨ ਤਾਰਨ ਸ਼ਹਿਰ, ਫਾਜ਼ਿਲਕਾ ਵਿੱਚ ਰੇਲ ਪਟੜੀਆਂ 'ਤੇ ਧਰਨੇ ਲਾਏ ਗਏ।
ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਜੋ ਬਿਆਨ ਦੇ ਰਹੇ ਹਨ ਕਿ ਕਿਸਾਨਾਂ, ਮਜ਼ਦੂਰਾਂ ਨੂੰ ਵਿਰੋਧੀ ਧਿਰਾਂ ਨੇ ਗੁੰਮਰਾਹ ਕੀਤਾ ਹੈ, ਇਹ ਤੱਥ ਤੇ ਅਸਲੀਅਤ ਤੋਂ ਕੋਹਾਂ ਦੂਰ ਹੈ। ਲੱਗਦਾ ਹੈ ਪ੍ਰਧਾਨ ਮੰਤਰੀ ਭਾਰਤ ਦੇ ਕਿਸਾਨਾਂ, ਮਜ਼ਦੂਰਾਂ ਦੀ ਆਵਾਜ਼ ਸੁਣਨ ਦੀ ਬਜਾਏ ਵਿਸ਼ਵ ਵਪਾਰ ਸੰਸਥਾ ਤੇ ਕਾਰਪੋਰੇਟਾਂ ਦੇ ਦਬਾਅ ਹੇਠ ਦੇਸ਼ ਦੇ ਕਿਸਾਨਾਂ ਦੇ ਵਿਰੁੱਧ ਫੈਸਲਾ ਕਰ ਰਹੇ ਹਨ। ਸ਼ਨੀਵਾਰ ਦੇਵੀਦਾਸਪੁਰ ਰੇਲਵੇ ਟਰੈਕ ਉੱਤੇ ਕਿਸਾਨਾਂ ਵੱਲੋ ਨੰਗੇ ਧੜ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੇ ਅਨੁਰਾਗ ਠਾਕੁਰ ਕਹਿ ਰਹੇ ਹਨ ਕਿ 8.5 ਫੀਸਦੀ ਟੈਕਸ ਸਰਕਾਰੀ ਮੰਡੀ ਵਿੱਚ ਕਿਸਾਨਾਂ ਨੂੰ ਲੱਗਦਾ ਹੈ, ਇਹ ਟੈਕਸ ਕਿਸਾਨਾਂ ਨੂੰ ਨਹੀਂ, ਵਪਾਰੀਆਂ ਨੂੰ ਲੱਗਦਾ ਹੈ, ਜੋ ਮੋਦੀ ਸਰਕਾਰ ਨੇ ਮੁਆਫ ਕੀਤਾ ਹੈ। ਅਕਾਲੀ ਦਲ ਦੇ ਧਰਨੇ ਵਿੱਚ ਮੋਦੀ ਸਰਕਾਰ ਖਿਲਾਫ ਕੋਈ ਨਾਅਰੇਬਾਜ਼ੀ ਨਹੀ ਕੀਤੀ ਗਈ, ਉਹ ਅੱਜ ਵੀ ਗੱਠਜੋੜ ਦਾ ਹਿੱਸਾ ਹਨ।
ਆਗੂਆਂ ਕਿਹਾ ਕਿ 27 ਸਤੰਬਰ ਨੂੰ ਬੀਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਚਲਾਉਣ, ਕਾਂਗਰਸ ਪਾਰਟੀ ਰਾਜਸਥਾਨ, ਛੱਤੀਸਗੜ ਸਟੇਟਾਂ ਵਿੱਚ ਖੇਤੀ ਕਾਨੂੰਨਾਂ ਦੇ ਵਿਰੁੱਧ ਮਤੇ ਪਾਸ ਕਰੇ। ਉਹਨਾਂ ਸ਼ੁੱਕਰਵਾਰ ਦੇ ਪੰਜਾਬ ਤੇ ਦੇਸ਼ ਬੰਦ ਨੂੰ ਸਫਲ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਲਖਵਿੰਦਰ ਸਿੰਘ ਵਰਿਆਮ, ਸਤਨਾਮ ਸਿੰਘ ਮਾਣੋਚਾਹਲ, ਜਰਮਨਜੀਤ ਸਿੰਘ ਬੰਡਾਲਾ, ਜਵਾਹਰ ਸਿੰਘ ਟਾਂਡਾ, ਰਣਜੀਤ ਸਿੰਘ ਕਲੇਰਬਾਲਾ, ਇਕਬਾਲ ਸਿੰਘ ਵੜਿੰਗ, ਅਮਰਦੀਪ ਸਿੰਘ ਗੋਪੀ, ਲਖਵਿੰਦਰ ਸਿੰਘ ਡਾਲਾ, ਗੁਰਜੀਤ ਸਿੰਘ ਗੰਡੀਵਿੰਡ, ਸਤਨਾਮ ਸਿੰਘ ਮਾਣੋਚਾਹਲ, ਸਲਵਿੰਦਰ ਸਿੰਘ ਜੀਉਬਾਲਾ, ਨਰਿੰਜਣ ਸਿੰਘ ਬਗਰਾੜੀ, ਕੁਲਵੰਤ ਸਿੰਘ ਭੈਲ, ਬਚਿੱਤਰ ਸਿੰਘ ਛਾਬੜੀ, ਅਜੀਤ ਸਿੰਘ ਚੰਬਾ, ਕੁਲਵੰਤ ਸਿੰਘ ਕੱਕੜ, ਨਿਸ਼ਾਨ ਸਿੰਘ ਚੱਬਾ, ਚਰਨ ਸਿੰਘ ਕਲੇਰ ਘੁਮਾਣ ਤੇ ਸੁਖਦੇਵ ਸਿੰਘ ਚਾਟੀਵਿੰਡ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਰਾਜਪੁਰਾ (ਰਮੇਸ਼ ਕਟਾਰੀਆ) : ਹਰਿਆਣਾ ਤੋਂ ਪੰਜਾਬ ਪ੍ਰਵੇਸ਼ ਦੁਆਰ ਘੱਗਰ ਦਰਿਆ ਦੇ ਪੁਲ 'ਤੇ ਲੱਖਾ ਸਿਧਾਣਾ ਦੀ ਅਗਵਾਈ ਹੇਠ ਹਜ਼ਾਰਾਂ ਨੌਜਵਾਨਾਂ ਨੇ ਕਿਸਾਨਾਂ ਦੇ ਹੱਕ ਵਿਚ ਕੇਂਦਰ ਸਰਕਾਰ ਖਿਲਾਫ ਧਰਨਾ ਲਾਇਆ, ਜਿਸ ਵਿਚ ਪੰਜਾਬ ਦੇ ਕਲਾਕਾਰ ਦੀਪ ਸੰਧੂ, ਕੰਵਰ ਗਰੇਵਾਲ, ਜੱਸ ਬਾਜਵਾ, ਪ੍ਰੀਤ ਹਰਪਾਲ, ਹੌਬੀ ਧਾਲੀਵਾਲ ਸਮੇਤ ਹੋਰ ਕਲਾਕਾਰ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਕਲਾਕਾਰ ਦੀਪ ਸੰਧੂ, ਕੰਵਰ ਗਰੇਵਾਲ, ਜੱਸ ਬਾਜਵਾ, ਹੌਬੀ ਧਲੀਵਾਲ, ਲੱਖਾ ਸਿਧਾਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਹੱਕਾਂ ਨੂੰ ਖੋਹਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ 1984 ਵਿਚ ਸਿੱਖਾਂ ਦੇ ਨਾਲ ਧੱਕਾ ਕੀਤਾ ਸੀ ਤੇ ਕੇਂਦਰ ਸਰਕਾਰ ਨੂੰ ਭੁਗਤਣਾ ਪਿਆ ਸੀ।
ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਅਸੀਂ ਕੇਂਦਰ ਸਰਕਾਰ ਦੇ ਅਖਾੜੇ ਲਾਉਣੇ ਵੀ ਬੰਦ ਕਰ ਦਿਆਂਗੇ।
ਉਹਨਾਂ ਕਿਹਾ ਕਿ ਸਾਨੂੰ ਜੋਸ਼ ਨਾਲ ਹੀ ਹੋਸ਼ ਵਿੱਚ ਰਹਿ ਕੇ ਲੜਾਈ ਲੜਣ ਦੀ ਲੋੜ ਹੈ। ਕੇਂਦਰ ਸਰਕਾਰ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਖਤਮ ਕਰਨ 'ਤੇ ਲੱਗੀ ਹੋਈ ਹੈ।

371 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper