Latest News
ਬਨੇਗਾ ਰੁਜ਼ਗਾਰ ਦਾ ਇੱਕੋ-ਇੱਕ ਹੱਲ

Published on 28 Sep, 2020 11:24 AM.


ਜਲੰਧਰ (ਰਾਜੇਸ਼ ਥਾਪਾ)
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਸੱਦੇ 'ਤੇ ਸੋਮਵਾਰ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਆਪਣੀ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦ ਪਰਮਗੁਣੀ ਭਗਤ ਸਿੰਘ ਦੇ 113 ਸਾਲਾ ਜਨਮ ਦਿਨ 'ਤੇ ਸਮਾਗਮ ਆਯੋਜਿਤ ਕੀਤਾ ਗਿਆ। ਭਗਤ ਸਿੰਘ ਦਾ ਇਸ ਵਾਰ ਜਨਮ ਦਿਨ “ਬਨੇਗਾ ਦਿਵਸ'' ਵਜੋਂ ਦੋਵੇਂ ਜੱਥੇਬੰਦੀਆਂ ਦੇਸ਼ ਪੱਧਰ ਉੱਤੇ ਮਨਾ ਰਹੀਆਂ ਹਨ। ਸਮਾਗਮ ਵਿੱਚ ਹਾਜ਼ਰ ਜਵਾਨੀ ਨੇ ਐਲਾਨ ਕੀਤਾ ਕਿ ਸਭ ਲਈ ਰੁਜ਼ਗਾਰ ਵਾਸਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ ਇਹਦੇ ਅਧੀਨ ਨਵੇਂ ਰੁਜ਼ਗਾਰ ਪੈਦਾ ਕਰਨ ਲਈ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਈ ਜਵਾਨੀ ਨੂੰ ਲਾਮਬੰਦ ਕਰਕੇ ਪਾਰਲੀਮੈਂਟ ਵੱਲ ਦੇਸ਼-ਵਿਆਪੀ ਮੁਹਿੰਮ ਵਿੱਢੀ ਜਾਵੇਗੀ। ਦੇਸ਼ਭਗਤ ਯਾਦਗਾਰ ਵਿੱਚ ਜੁੜੇ ਇਕੱਠ ਨੇ ਹਰ ਇੱਕ ਲਈ ਮੁਫ਼ਤ, ਲਾਜ਼ਮੀ ਅਤੇ ਵਿਗਿਆਨਕ ਵਿੱਦਿਆ, ਹਰ ਇਕ ਲਈ ਮੁਫ਼ਤ ਇਲਾਜ, ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ, ਬਲਾਕ ਪੱਧਰ 'ਤੇ ਸੱਭਿਆਚਾਰਕ ਸਰਗਰਮੀਆਂ, ਖੇਡਾਂ ਅਤੇ ਸਾਹਿਤਕ ਗਤੀਵਿਧੀਆਂ ਲਈ “ਸ਼ਹੀਦ ਭਗਤ ਸਿੰਘ ਭਵਨਾਂ'' ਦੀ ਉਸਾਰੀ, ਪੰਜਾਬ ਦੇ ਦਰਿਆਈ ਪਾਣੀਆਂ ਦਾ ਭੰਡਾਰਨ ਅਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਸਹਿਯੋਗੀ ਖੇਤੀ ਨੀਤੀ ਦੀ ਪ੍ਰਾਪਤੀ ਲਈ ਹਜ਼ਾਰਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਵਿਸ਼ਾਲ ਵਲੰਟੀਅਰ ਸੰਮੇਲਨ ਅਤੇ ਮਾਰਚ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ, ਵਿਦਿਆਰਥੀ ਅਤੇ ਆਮ ਲੋਕ ਇਨਕਲਾਬੀ ਜਾਹੋ-ਜਲਾਲ ਨਾਲ ਸ਼ਾਮਲ ਹੋਏ। ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ ਅਤੇ ਸੂਬਾ ਸਕੱਤਰ ਵਰਿੰਦਰ ਖੁਰਾਣਾ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਐਡਵੋਕੇਟ ਰਾਜਿੰਦਰ ਮੰਡ ਨੇ ਸਭ ਨੂੰ ਜੀ ਆਇਆਂ ਕਹਿ ਕੇ ਕੀਤੀ। ਉਹਨਾਂ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਲਗਾਤਾਰਤਾ ਵਾਸਤੇ ਨੌਜਵਾਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਾਜ਼ਰ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਭਗਤ ਸਿੰਘ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਰਮਗੁਣੀ ਭਗਤ ਸਿੰਘ ਵੱਲੋਂ ਆਪਣੇ ਸੱਚੇ ਆਦਰਸ਼ ਖਾਤਰ ਕੀਤੀ ਕੁਰਬਾਨੀ ਜਿੱਥੇ ਅੱਜ ਵੀ ਜਵਾਨੀ ਵਿੱਚ ਕੁਝ ਕਰ ਗੁਜ਼ਰਨ ਦੀ ਨਵੀਂ ਰੂਹ ਫੂਕਦੀ ਹੈ, ਓਥੇ ਉਹਨਾਂ ਵੱਲੋਂ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਸਮਾਜਵਾਦੀ ਲੀਹਾਂ 'ਤੇ ਚਲਾਉਣ ਲਈ ਸੁਝਾਇਆ ਇਨਕਲਾਬੀ ਪ੍ਰੋਗਰਾਮ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਜਵਾਨੀ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਅਤੇ ਖੇਤੀ ਕਾਨੂੰਨਾਂ ਦੀ ਮਾਰ ਹੇਠ ਆਉਣ ਵਾਲੀ ਕਿਸਾਨੀ ਨੂੰ ਬਚਾਉਣ ਦੀ ਸਮਰੱਥਾ ਰੱਖਦਾ ਹੈ।
ਸੰਮੇਲਨ ਨੂੰ ਅੱਗੇ ਸੰਬੋਧਨ ਕਰਦਿਆਂ ਏ.ਆਈ.ਐੱਸ.ਐੱਫ. ਦੇ ਜਨਰਲ ਸਕੱਤਰ ਵਿੱਕੀ ਮਹੇਸ਼ਰੀ, ਗਰਲਜ਼ ਕਮੇਟੀ ਦੀ ਕਨਵੀਨਰ ਕਰਮਵੀਰ ਬੱਧਨੀ, ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ ਅਤੇ ਸੂਬਾ ਸਕੱਤਰ ਵਰਿੰਦਰ ਖੁਰਾਣਾ ਨੇ ਕਿਹਾ ਕਿ ਅੱਜ ਜਦੋਂ ਅਸੀਂ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ 'ਤੇ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਇਸ ਵੇਲੇ ਦੇਸ਼ ਦਾ ਵਿਦਿਆਰਥੀ ਅਤੇ ਸਿੱਖਿਆ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਕਾਰਪੋਰੇਟ ਪੱਖੀ ਸਰਕਾਰ ਨੈਸ਼ਨਲ ਸਿੱਖਿਆ ਨੀਤੀ ਨੂੰ ਵਿਦਿਆਰਥੀਆਂ ਅਤੇ ਸਾਡੇ ਦੇਸ਼ ਦੇ ਵਿੱਦਿਅਕ ਢਾਂਚੇ ਉਪਰ ਥੋਪ ਰਹੀ ਹੈ, ਜਿਸ ਨਾਲ ਸਿੱਖਿਆ ਆਮ ਅਤੇ ਮੱਧ ਵਰਗੀ ਵਿਦਿਆਰਥੀਆਂ ਤੋਂ ਦੂਰ ਹੋ ਜਾਵੇਗੀ। ਸਿੱਖਿਆ ਬਚਾਉਣ ਦੀ ਲੜਾਈ ਲੜਨ ਵਾਲੇ ਵਿਦਿਆਰਥੀਆਂ ਦੀ ਆਵਾਜ਼ ਬੰਦ ਕਰਨ ਲਈ ਉਹਨਾਂ 'ਤੇ ਝੂਠੇ ਮੁਕੱਦਮੇ ਅਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਵਿਦਿਆਰਥੀ ਆਗੂਆਂ ਨੇ ਅੱਗੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਅਤੇ ਖੇਤੀ ਨੂੰ ਬਚਾਉਣ ਦੀ ਲੜਾਈ ਦੇ ਨਾਲ-ਨਾਲ ਸਿੱਖਿਆ ਨੂੰ ਬਚਾਉਣ ਦੀ ਲੜਾਈ ਵੀ ਪ੍ਰਮੁੱਖ ਹੈ, ਜਿਸ ਲਈ ਲੜਨਾ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਜ਼ਰੂਰੀ ਹੈ। ਉਹਨਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਦੇਸ਼ ਪੱਧਰ 'ਤੇ ਸਿੱਖਿਆ ਬਚਾਉਣ ਲਈ ਮੋਹਰੀ ਹੋ ਕੇ ਲੜ ਰਹੀ ਹੈ।
ਇਸ ਤੋਂ ਬਾਅਦ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਿਥੀਪਾਲ ਮਾੜੀਮੇਘਾ, ਪਰਮਜੀਤ ਸਿੰਘ ਢਾਬਾਂ, ਸੂਬਾ ਮੀਤ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ, ਸਾਬਕਾ ਆਗੂ ਕਸ਼ਮੀਰ ਗਦਾਈਆ ਅਤੇ ਕੁਲਦੀਪ ਭੋਲਾ ਨੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦਾ ਸ਼ਾਨਦਾਰ ਇਨਕਲਾਬੀ ਜੀਵਨ ਨੌਜਵਾਨਾਂ ਲਈ ਹਮੇਸ਼ਾ ਹੀ ਰਾਹ-ਦਸੇਰਾ ਰਿਹਾ ਹੈ। ਉਹਨਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਪਾਈ ਪਿਰਤ ਜਿੱਥੇ ਇਸ ਦਿਨ ਨੂੰ ਤਿਉਹਾਰ ਬਣਾਉਣ ਵਾਲੇ ਮਕਸਦ ਵਿੱਚ ਸਫਲ ਹੋ ਰਹੀ ਹੈ, ਉਥੇ ਭਗਤ ਸਿੰਘ ਬਾਰੇ ਬੁੱਧੀਜੀਵੀਆਂ ਵੱਲੋਂ ਭਗਤ ਸਿੰਘ ਦੇ ਸੱਚੇ ਇਨਕਲਾਬੀ ਬਿੰਬ ਨੂੰ ਖੋਜ ਕੇ ਲੋਕਾਂ ਸਾਹਮਣੇ ਵੱਖ-ਵੱਖ ਢੰਗਾਂ ਰਾਹੀਂ ਪੇਸ਼ ਕਰਨ ਦੀ ਕਵਾਇਦ ਨੇ ਭਗਤ ਸਿੰਘ ਦੀ ਮਹਾਨਤਾ ਨੂੰ ਹੋਰ ਵਧਾਇਆ ਹੈ। ਉਹਨਾਂ ਅੱਜ ਦੇ ਦਿਨ 'ਤੇ ਇਕ ਵਿਸ਼ੇਸ਼ ਐਲਾਨ ਰਾਹੀਂ ਜਵਾਨੀ ਨੂੰ ਸੱਦਾ ਦਿੰਦਿਆਂ ਕਿਹਾ ਕਿ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ'' ਅਤੇ ਇਹਦੇ ਅਮਲ ਲਈ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਅਹਿਮੀਅਤ ਸੰਬੰਧੀ ਨੌਜਵਾਨਾਂ ਵਿਚ ਜਾਗਰੂਕਤਾ ਮੁਹਿੰਮ 17 ਅਕਤੂਬਰ ਤੋਂ 17 ਨਵੰਬਰ ਸਰਾਭਾ ਦਿਵਸ ਤੱਕ ਚਲਾਈ ਜਾਵੇਗੀ, ਜਿਸ ਰਾਹੀਂ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਬੇਰੁਜ਼ਗਾਰੀ ਦੇ ਪੱਕੇ ਹੱਲ ਵਾਸਤੇ ਜਵਾਨੀ ਦੀ ਲਾਮਬੰਦੀ ਨੂੰ ਦੇਸ਼ਵਿਆਪੀ ਮੁਹਿੰਮ ਬਣਾ ਕੇ ਪਾਰਲੀਮੈਂਟ ਵੱਲ ਵਧਣ ਲਈ ਕੇਂਦਰੀ ਕਮੇਟੀ ਨਾਲ ਵੀ ਯੋਜਨਾ ਬਣਾਵਾਂਗੇ। ਇਸ ਸੰਮੇਲਨ ਵਿੱਚ ਬੁਲਾਰਿਆਂ ਦੇ ਉਤਸ਼ਾਹਪੂਰਵਕ ਭਾਸ਼ਣਾਂ ਤੋਂ ਇਲਾਵਾ ਇਪਟਾ ਮੋਗਾ ਦੇ ਕਲਾਕਾਰਾਂ ਅਤੇ ਹੋਰਨਾਂ ਨੌਜਵਾਨਾਂ- ਵਿਦਿਆਰਥੀਆਂ ਵੱਲੋਂ ਭਗਤ ਸਿੰਘ ਦੇ ਜੀਵਨ ਫਲਸਫੇ ਨੂੰ ਪੇਸ਼ ਕਰਦੇ ਇਨਕਲਾਬੀ ਗੀਤ, ਕਵਿਤਾਵਾਂ ਅਤੇ ਹੋਰ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਮਾਹੌਲ ਨੂੰ ਜੋਸ਼ੀਲੇ ਅਤੇ ਇਨਕਲਾਬੀ ਰੰਗ ਵਿੱਚ ਰੰਗਿਆ ਗਿਆ।
ਸੰਮੇਲਨ ਵਿੱਚ ਬੇਰੁਜ਼ਗਾਰੀ ਦੇ ਮੁਕੰਮਲ ਖਾਤਮੇ ਲਈ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ ਇਹਦੇ ਅਮਲ ਲਈ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ' ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਅਤੇ ਲਾਹੇਵੰਦ ਸਹਿਯੋਗੀ ਖੇਤੀ ਨੀਤੀ ਲਈ ਮਤੇ ਪੇਸ਼ ਕੀਤੇ ਗਏ। ਇਹਨਾਂ ਨੂੰ ਸਮੁੱਚੇ ਵਲੰਟੀਅਰਾਂ ਵੱਲੋਂ ਸਰਬ-ਸੰਮਤੀ ਨਾਲ ਨਾਅਰਿਆਂ ਦੀ ਗੂੰਜ ਵਿੱਚ ਪ੍ਰਵਾਨ ਕੀਤਾ ਗਿਆ। ਵਲੰਟੀਅਰ ਸੰਮੇਲਨ ਉਪਰੰਤ ਸ਼ਹਿਰ ਵਿੱਚ ਵਲੰਟੀਅਰਾਂ ਵੱਲੋਂ ਮਾਰਚ ਕਰਕੇ ਆਮ ਲੋਕਾਂ ਨੂੰ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਸੰਮੇਲਨ ਵਿੱਚ ਨੌਜਵਾਨਾਂ-ਵਿਦਿਆਰਥੀਆਂ ਨਾਲ ਦੇਸ਼ਭਗਤ ਯਾਦਗਾਰ ਕਮੇਟੀ ਵੱਲੋਂ ਸਾਥੀ ਗੁਰਮੀਤ ਨੇ ਗ਼ਦਰੀ ਬਾਬਿਆਂ ਦੀ ਵਿਰਾਸਤ ਦਾ ਸੁਨੇਹਾ ਸਾਂਝਾ ਕੀਤਾ। ਉਹਨਾਂ ਕਿਹਾ ਕਿ 1 ਨਵੰਬਰ ਨੂੰ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਨੌਜਵਾਨ ਪੀੜ੍ਹੀ ਸ਼ਮੂਲੀਅਤ ਵੀ ਕਰੇ ਅਤੇ ਵਲੰਟੀਅਰ ਦੀਆਂ ਸੇਵਾਵਾਂ ਵੀ ਨਿਭਾਵੇ।
ਸੰਮੇਲਨ ਦੇ ਮੰਚ ਤੋਂ 28 ਸਤੰਬਰ ਵਾਲੀ ਰਾਤ ਨੂੰ ਘਰਾਂ ਦੇ ਬਨੇਰਿਆਂ 'ਤੇ ਦੀਪਮਾਲਾ ਕਰਨ ਲਈ ਵੀ ਸੱਦਾ ਦਿੱਤਾ ਗਿਆ। ਸ਼ਹਿਰ ਵਿੱਚ ਮਾਰਚ ਕਰਨ ਤੋਂ ਪਹਿਲਾਂ ਨੌਜਵਾਨਾਂ-ਵਿਦਿਆਰਥੀਆਂ ਨੇ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ'' (2N571) ਦੇ ਹੱਕ ਦਾ ਹੋਕਾ ਦੇਣ ਵਾਸਤੇ ਜ਼ਮੀਨ ਤੋਂ ਅਸਮਾਨ ਵੱਲ ਲਾਲ ਗ਼ੁਬਾਰੇ ਛੱਡੇ ਗਏ। ਸਮਾਗਮ ਵਿੱਚ ਹਾਜ਼ਰੀਨਾਂ ਵਾਸਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਚਾਹਲ, ਅਵਤਾਰ ਸਿੰਘ ਤਾਰੀ ਐਕਟਿੰਗ ਪ੍ਰਧਾਨ, ਗੁਰਜੰਟ ਸਿੰਘ ਕੋਕਰੀ ਕੈਸ਼ੀਅਰ, ਅਵਤਾਰ ਸਿੰਘ ਗਗੜਾ ਡਿਪਟੀ ਜਨਰਲ ਸਕੱਤਰ, ਹਰਵਿੰਦਰ ਸਿੰਘ ਚੀਮਾ ਪ੍ਰਧਾਨ ਜਲੰਧਰ ਦੀ ਅਗਵਾਈ ਵਿੱਚ ਲੱਡੂਆਂ ਅਤੇ ਪਾਣੀ ਦਾ ਲੰਗਰ ਲਗਾਇਆ ਗਿਆ।
ਇਸ ਵਲੰਟੀਅਰ ਸੰਮੇਲਨ 'ਚ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਮੀਤ ਪ੍ਰਧਾਨ ਹੰਸ ਰਾਜ ਗੋਲਡਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸੂਬਾ ਮੀਤ ਪ੍ਰਧਾਨ ਸਿਮਰਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਤੋਂ ਸੁਖਵਿੰਦਰ ਸਿੰਘ, ਸੂਬਾਈ ਕੈਸ਼ੀਅਰ ਗੁਰਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੂਬਾ ਮੀਤ ਸਕੱਤਰ ਗੁਰਮੁਖ ਸਰਦੂਲਗੜ੍ਹ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਮਨ ਧਰਮੂਵਾਲਾ, ਸਕੱਤਰ ਸਟਾਲਿਨ ਲਮੋਚੜ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਭਜਨ ਛੱਪੜੀਵਾਲਾ, ਹਰਮੇਲ਼ ਉੱਭਾ, ਨਵਜੀਤ ਸੰਗਰੂਰ, ਵਿਸ਼ਾਲਦੀਪ ਵਲਟੋਹਾ, ਸੁਭਾਸ਼ ਕੈਰੇ, ਡਾ. ਮਨਿੰਦਰ ਧਾਲੀਵਾਲ, ਦਵਿੰਦਰ ਸੋਹਲ, ਮੀਡੀਆ ਇੰਚਾਰਜ ਰਾਜੇਸ਼ ਥਾਪਾ, ਹਰਚਰਨ ਔਜਲਾ, ਸੁਮੀਤ ਸ਼ੰਮੀ, ਸੰਦੀਪ ਦੌਲੀਕੇ, ਗੋਰਾ ਪਿਪਲੀ, ਗੁਰਦਿੱਤ ਦੀਨਾ, ਜਗਵਿੰਦਰ ਕਾਕਾ, ਹਰਬਿੰਦਰ ਕਸੇਲ, ਸੁਖਦੇਵ ਕਾਲਾ ਭਿੱਖੀਵਿੰਡ, ਐਡਵੋਕੇਟ ਕੇਵਲ ਛਾਂਗਾਰਾਏ, ਜਗਵਿੰਦਰ ਲੰਬੀ, ਪ੍ਰਗਟ ਸੁਖਨਾ, ਗੁਰਜੰਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਰਾਹੁਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰਿਤਪਾਲ ਫਤਿਹਗੜ੍ਹ ਛੰਨਾ, ਨਿਰਭੈ ਮਾਨਸਾ, ਲਖਵਿੰਦਰ ਉੱਭਾ, ਮਨੀਸ਼ਾ ਮਹੇਸਰੀ, ਵੀਨਾ ਰਾਣੀ ਛਾਂਗਾਰਾਏ, ਜਸਪ੍ਰੀਤ ਕੌਰ ਬੱਧਨੀ, ਦੀਪਕ ਮਾਛੀਵਾੜਾ, ਅਵਤਾਰ ਚੜਿੱਕ, ਰਾਜੀਵ ਮਾਛੀਵਾੜਾ, ਸੰਦੀਪ ਮਲੋਟ, ਅਰਲਿਨ ਪੰਜਾਬ ਯੂਨੀਵਰਸਿਟੀ, ਵੀਰਪਾਲ ਕੌਰ ਪੰਜਾਬ ਯੂਨੀਵਰਸਿਟੀ, ਇੰਦਰਜੀਤ ਦੀਨਾ, ਗੌਰਵ ਸ਼ੇਖੂ, ਸਾਹਿਬ ਛੰਨਾ ਸ਼ੇਰ ਸਿੰਘ, ਕੁਲਦੀਪ ਘੋੜੇਨਬ ਦੀ ਅਗਵਾਈ ਵਿੱਚ ਨੌਜਵਾਨਾਂ-ਵਿਦਿਆਰਥੀਆਂ ਦੇ ਜੱਥੇ ਆਏ। ਨੌਜਵਾਨਾਂ-ਵਿਦਿਆਰਥੀਆਂ ਦੇ ਇਸ ਸਮਾਗਮ ਵਿੱਚ ਏਟਕ ਪੰਜਾਬ ਦੇ ਮੀਤ ਸਕੱਤਰ ਸੁਖਦੇਵ ਸ਼ਰਮਾ, ਪੀ.ਐੱਸ.ਈ.ਬੀ. ਇੰਪਲਾਇਜ਼ ਫੈਡਰੇਸ਼ਨ (ਏਟਕ) ਦੇ ਸਤਨਾਮ ਸਿੰਘ ਛਲੇੜੀ, ਹਰਭਜਨ ਸਿੰਘ ਪਿਲਖਣੀ, ਨਰਿੰਦਰ ਸਿੰਘ ਸੈਣੀ, ਗੁਰਪ੍ਰੀਤ ਗਿੱਲ, ਨਰਿੰਦਰ ਬੱਲ ਅਤੇ ਮਨਜੀਤ ਬਾਸਰਕੇ, ਅਧਿਆਪਕ ਆਗੂ ਬਲਕਾਰ ਵਲਟੋਹਾ ਅਤੇ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ (ਨਵਾਂ ਜ਼ਮਾਨਾ) ਦੇ ਗੁਰਮੀਤ ਸ਼ੁਗਲੀ, ਅੰਮ੍ਰਿਤ ਲਾਲ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ।

233 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper