Latest News
ਬਾਬਰੀ ਮਸਜਿਦ ਵਾਲਾ ਕੇਸ ਵੀ ਢਹਿ ਗਿਆ

Published on 30 Sep, 2020 10:33 AM.

ਲਖਨਊ : ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਭਾਜਪਾ ਮਹਾਰਥੀਆਂ ਐੱਲ ਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਤੇ ਵਿਨੈ ਕਟਿਆਰ ਸਣੇ ਸਾਰੇ ਦੇ ਸਾਰੇ 32 ਮੁਲਜ਼ਮਾਂ ਨੂੰ ਸੀ ਬੀ ਆਈ ਦੀ ਸਪੈਸ਼ਲ ਕੋਰਟ ਨੇ ਬੁੱਧਵਾਰ ਇਹ ਕਹਿੰਦਿਆਂ ਬਰੀ ਕਰ ਦਿੱਤਾ ਕਿ ਇਨ੍ਹਾਂ ਖਿਲਾਫ ਕੋਈ ਫੈਸਲਾਕੁੰਨ ਸਬੂਤ ਪੇਸ਼ ਨਹੀਂ ਕੀਤਾ ਗਿਆ। ਆਪਣੀ ਸਰਵਿਸ ਦੇ ਆਖਰੀ ਦਿਨ 28 ਸਾਲ ਪੁਰਾਣੇ ਕੇਸ ਦਾ ਫੈਸਲਾ ਸੁਣਾਉਂਦਿਆਂ ਜੱਜ ਐੱਸ ਕੇ ਯਾਦਵ ਨੇ ਅਖਬਾਰਾਂ ਤੇ ਵੀਡੀਓ ਕੈਸਿਟਾਂ ਨੂੰ ਸਬੂਤ ਨਹੀਂ ਮੰਨਿਆ। ਉਨ੍ਹਾ ਇਹ ਵੀ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਅਸ਼ੋਕ ਸਿੰਘਲ ਨੇ ਢਾਂਚੇ ਨੂੰ ਬਚਾਉਣਾ ਚਾਹਿਆ, ਕਿਉਂਕਿ ਅੰਦਰ ਰਾਮ ਦੀਆਂ ਮੂਰਤੀਆਂ ਸਨ। ਜੱਜ ਨੇ ਕਿਹਾ ਕਿ ਇਹ ਸਾਬਤ ਨਹੀਂ ਹੋਇਆ ਕਿ ਮਸਜਿਦ ਗਿਣ-ਮਿਥ ਕੇ ਢਾਹੀ ਗਈ ਸੀ।
ਇਹ ਕੇਸ 6 ਦਸੰਬਰ 1992 ਨੂੰ ਅਯੁੱਧਿਆ ਵਿਚ ਝਗੜੇ ਵਾਲਾ ਢਾਂਚਾ ਢਾਹੁਣ ਨਾਲ ਸੰਬੰਧਤ ਸੀ। ਢਾਂਚਾ ਢਹਿਣ ਤੋਂ ਬਾਅਦ ਕਈ ਮਹੀਨੇ ਦੇਸ਼ ਭਰ ਵਿਚ ਦੰਗੇ ਹੋਏ, ਜਿਨ੍ਹਾਂ ਵਿਚ ਕਰੀਬ 2 ਹਜ਼ਾਰ ਲੋਕ ਮਾਰੇ ਗਏ। ਢਾਂਚਾ 'ਕਾਰ ਸੇਵਕਾਂ' ਨੇ ਢਾਹਿਆ ਸੀ, ਜਿਨ੍ਹਾਂ ਦਾ ਦਾਅਵਾ ਸੀ ਕਿ ਮਸਜਿਦ ਪ੍ਰਾਚੀਨ ਰਾਮ ਮੰਦਰ ਵਾਲੀ ਥਾਂ ਉਸਾਰੀ ਗਈ ਸੀ। 32 ਮੁਲਜ਼ਮਾਂ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਐੱਲ ਕੇ ਅਡਵਾਨੀ, ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ, ਯੂ ਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ, ਭਾਜਪਾ ਆਗੂ ਵਿਨੈ ਕਟਿਆਰ ਤੇ ਸਾਧਵੀ ਰਿਤੰਭਰਾ ਸ਼ਾਮਲ ਸਨ। ਚੰਪਤ ਰਾਇ ਵੀ ਮੁਲਜ਼ਮ ਸਨ, ਜਿਹੜੇ ਹੁਣ ਰਾਮ ਮੰਦਰ ਦੀ ਉਸਾਰੀ ਕਰਾਉਣ ਵਾਲੇ ਟਰੱਸਟ ਦੇ ਜਨਰਲ ਸਕੱਤਰ ਹਨ। ਜੱਜ ਨੇ ਸਾਰੇ ਮੁਲਜ਼ਮਾਂ ਨੂੰ ਕੋਰਟ ਵਿਚ ਹਾਜ਼ਰ ਹੋਣ ਲਈ ਕਿਹਾ ਸੀ, ਪਰ ਕੋਰੋਨਾ ਪੀੜਤ ਹੋਣ ਕਰਕੇ ਕਲਿਆਣ ਸਿੰਘ (88) ਤੇ ਉਮਾ ਭਾਰਤੀ (61) ਨਹੀਂ ਪੁੱਜੇ। ਅਡਵਾਨੀ (92), ਜੋਸ਼ੀ (86), ਨ੍ਰਿਤਿਆ ਗੋਪਾਲ ਦਾਸ ਤੇ ਸਤੀਸ਼ ਪਰਧਾਨ ਵੀ ਹਾਜ਼ਰ ਨਹੀਂ ਹੋਏ। ਕਲਿਆਣ ਸਿੰਘ, ਜਿਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਢਾਂਚਾ ਸੁੱਟਿਆ ਗਿਆ ਸੀ, ਉੱਤੇ ਮੁਕੱਦਮਾ ਪਿਛਲੇ ਸਾਲ ਸਤੰਬਰ ਵਿਚ ਉਨ੍ਹਾ ਦੇ ਰਾਜਸਥਾਨ ਦੀ ਗਵਰਨਰੀ ਤੋਂ ਵਿਹਲੇ ਹੋਣ ਤੋਂ ਬਾਅਦ ਚਲਾਇਆ ਗਿਆ।
ਸੀ ਬੀ ਆਈ ਨੇ 351 ਗਵਾਹ ਤੇ 600 ਦਸਤਾਵੇਜ਼ ਕੋਰਟ ਅੱਗੇ ਪੇਸ਼ ਕੀਤੇ। ਦੋਸ਼ 48 ਲੋਕਾਂ 'ਤੇ ਲਾਏ ਗਏ ਸਨ, ਪਰ ਸਿੰਘਲ ਸਣੇ 16 ਦੀ ਮੁਕੱਦਮਾ ਚੱਲਣ ਦੌਰਾਨ ਮੌਤ ਹੋ ਗਈ ਸੀ। 2001 ਵਿਚ ਟਰਾਇਲ ਕੋਰਟ ਨੇ ਮੁਜਰਮਾਨਾ ਸਾਜ਼ਿਸ਼ ਦਾ ਦੋਸ਼ ਕੇਸ ਵਿੱਚੋਂ ਹਟਾ ਦਿੱਤਾ ਸੀ। ਅਲਾਹਾਬਾਦ ਹਾਈਕੋਰਟ ਨੇ ਵੀ 2010 ਵਿਚ ਟਰਾਇਲ ਕੋਰਟ ਦੇ ਫੈਸਲੇ ਨੂੰ ਜਾਇਜ਼ ਠਹਿਰਾਇਆ ਸੀ, ਪਰ ਸੁਪਰੀਮ ਕੋਰਟ ਨੇ 19 ਅਪ੍ਰੈਲ 2017 ਨੂੰ ਸਾਜ਼ਿਸ਼ ਦੇ ਦੋਸ਼ ਨੂੰ ਸ਼ਾਮਲ ਕਰਨ ਦਾ ਹੁਕਮ ਦਿੱਤਾ ਸੀ। ਸੁਪਰੀਮ ਕੋਰਟ ਨੇ ਸੀ ਬੀ ਆਈ ਦੇ ਸਪੈਸ਼ਲ ਜੱਜ ਨੂੰ ਰੋਜ਼ਾਨਾ ਸੁਣਵਾਈ ਕਰਕੇ ਕੇਸ ਦੋ ਸਾਲਾਂ ਵਿਚ ਨਿਬੇੜਨ ਦਾ ਹੁਕਮ ਦਿੱਤਾ ਸੀ।
ਸਾਜ਼ਿਸ਼ ਤੋਂ ਇਲਾਵਾ ਧਰਮ ਦੇ ਆਧਾਰ 'ਤੇ ਵੱਖ-ਵੱਖ ਗਰੁੱਪਾਂ ਵਿਚਾਲੇ ਨਫਰਤ ਪੈਦਾ ਕਰਨ ਦੇ ਦੋਸ਼ ਵੀ ਸਨ। ਇਹ ਵੀ ਦੋਸ਼ ਸਨ ਕਿ ਇਨ੍ਹਾਂ ਨੇ ਢਾਂਚਾ ਢਾਹੁਣ ਵਾਲਿਆਂ ਨੂੰ ਉਕਸਾਇਆ। ਸੀ ਬੀ ਆਈ ਨੇ ਦਲੀਲ ਦਿੱਤੀ ਸੀ ਕਿ ਮੁਲਜ਼ਮਾਂ ਨੇ ਕਾਰ ਸੇਵਕਾਂ ਨੂੰ 16ਵੀਂ ਸਦੀ ਦੀ ਮਸਜਿਦ ਢਾਹੁਣ ਲਈ ਉਕਸਾਇਆ। ਮੁਲਜ਼ਮਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਨੇ ਸਿਆਸੀ ਬਦਲਾਖੋਰੀ 'ਚ ਫਸਾਇਆ।
ਸੁਪਰੀਮ ਕੋਰਟ ਨੇ ਪਿਛਲੇ ਸਾਲ ਅਯੁੱਧਿਆ ਦੀ ਇਸ ਝਗੜੇ ਵਾਲੀ ਥਾਂ ਨੂੰ ਰਾਮ ਮੰਦਰ ਬਣਾਉਣ ਲਈ ਅਲਾਟ ਕਰਦਿਆਂ ਕਿਹਾ ਸੀ ਕਿ ਮਸਜਿਦ ਢਾਹੁਣਾ ਕਾਨੂੰਨ ਦੀ ਉਲੰਘਣਾ ਸੀ।

388 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper