Latest News
ਜਰਵਾਣਿਆਂ ਧੱਕੇ ਨਾਲ ਵਾਹ ਦਿੱਤਾ ਗਰੀਬ ਕਿਸਾਨ ਦਾ ਨਰਮਾ

Published on 18 Oct, 2020 10:37 AM.


ਤਲਵੰਡੀ ਸਾਬੋ (ਜਗਦੀਪ ਗਿੱਲ)
ਇੱਥੋਂ ਦੀ ਇਤਿਹਾਸਕ ਧਰਤੀ 'ਤੇ ਪੁਲਸ ਅਤੇ ਹਕੂਮਤੀ ਸਿਆਸਤਦਾਨਾਂ ਦੇ ਨਾਪਾਕ ਗਠਜੋੜ ਦਾ ਜਬਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ. ਇਕ ਮਕਾਨ ਦੇ ਝਗੜੇ ਨੂੰ ਬਹਾਨਾ ਬਣਾ ਕੇ ਪਿਛਲੇ ਦਿਨੀਂ ਪੁਲਸ ਵੱਲੋਂ ਇੱਕ ਉਘੇ ਪੱਤਰਕਾਰ ਨੂੰ ਮੱਛੀਓਂ ਮਾਸ ਕਰ ਸੁੱਟਣ ਤੋਂ ਬਾਅਦ ਹੁਣ ਇੱਕ ਕਿਸਾਨ, ਜਿਸ ਦਾ ਇਕ ਭਰਾ ਆਸਟ੍ਰੇਲੀਆ ਵਿੱਚ ਹੈ, ਦੀ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਨਰਮੇ ਦੀ ਫਸਲ ਨੂੰ ਟਰੈਕਟਰ ਚਲਾ ਕੇ ਜਰਵਾਣਿਆਂ ਵੱਲੋਂ ਜਬਰੀ ਵਾਹ ਦਿੱਤੇ ਜਾਣ ਦੀ ਖ਼ਬਰ ਆ ਗਈ ਹੈ।
ਇਸ ਵਹਿਸ਼ੀਆਨਾ ਕਾਰਵਾਈ ਮੌਕੇ ਉਕਤ ਕਿਸਾਨ ਦੇ ਪਰਵਾਰ ਦੀਆਂ ਦੋ ਔਰਤਾਂ, ਜਿਹੜੀਆਂ ਜਰਵਾਣਿਆਂ ਦੀ ਉਕਤ ਧਿੰਗੋਜ਼ੋਰੀ ਦਾ ਵਿਰੋਧ ਕਰਦਿਆਂ ਟਰੈਕਟਰਾਂ ਅੱਗੇ ਆਣ ਖੜ੍ਹੀਆਂ ਸਨ, ਦੇ ਕੱਪੜੇ ਪਾੜ ਕੇ ਜੋ ਜਰਵਾਣਿਆਂ ਵੱਲੋਂ ਹਾਲਤ ਬਣਾ ਦਿੱਤੀ ਗਈ, ਉਸ ਨੂੰ ਇੰਨ-ਬਿੰਨ ਬਿਆਨ ਕਰਨਾ ਵੀ ਔਖਾ ਹੈ. ਦੱਸਿਆ ਜਾ ਰਿਹਾ ਹੈ ਕਿ ਇਸ ਅਣ-ਅਧਿਕਾਰਤ ਕਬਜ਼ਾ ਕਾਰਵਾਈ ਵਿੱਚ ਡੇਢ ਦਰਜਨ ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ, ਜਦੋਂ ਕਿ ਇੱਥੋਂ ਦੇ ਲਾਗਲੇ ਪਿੰਡ ਦਾ ਇੱਕ ਸਰਪੰਚ ਵੀ ਆਪਣੇ ਟਰੈਕਟਰ ਸਮੇਤ ਉੱਥੇ ਉਕਤ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਸ਼ਾਮਲ ਸੀ। ਪੀੜਤ ਕਿਸਾਨ ਪਰਵਾਰ ਦੀਆਂ ਦੋ ਤ੍ਰੀਮਤਾਂ ਆਪਣੇ ਖੇਤ ਉਪਰ ਹੋ ਰਹੀ ਅਣ-ਅਧਿਕਾਰਤ ਧੱਕੇਸ਼ਾਹੀ ਨੂੰ ਰੋਕਦਿਆਂ ਜੋ ਨਾ ਸਿਰਫ ਉਹ ਜਰਵਾਣਿਆਂ ਵੱਲੋਂ ਕੀਤੀ ਖਿੱਚਧੂਹ ਦਾ ਸ਼ਿਕਾਰ ਹੋਈਆਂ, ਸਗੋਂ ਮਿਲੀ ਜਾਣਕਾਰੀ ਅਨੁਸਾਰ ਨਿਰਵਸਤਰ ਕਰ ਦਿੱਤੀਆਂ ਗਈਆਂ। ਉਹਨਾਂ ਨੂੰ ਘਟਨਾ ਦੇ ਤੁਰੰਤ ਬਾਅਦ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਉਥੇ ਇਲਾਜ ਕੀਤਾ ਜਾ ਰਿਹਾ ਸੀ।
ਬਠਿੰਡਾ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਜਸਬੀਰ ਕੌਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਨ੍ਹਾ ਦਾ ਘਰ ਵੀ ਖੇਤ ਵਿੱਚ ਹੈ। ਉਸ ਦੇ ਬਿਆਨ ਅਨੁਸਾਰ ਕਥਿਤ ਦੋਸ਼ੀ ਉਨ੍ਹਾ ਦੀ ਫਸਲ ਵਾਹੁਣ ਲਈ ਇੱਕ ਸਕਾਰਪੀਓ ਚਿੱਟੀ ਕਾਰ, ਇਕ ਸਵਿਫਟ ਕਾਰ ਅਤੇ ਨੀਲੇ ਰੰਗ ਦੇ ਨਿਊ ਹਾਲੈਂਡ ਟਰੈਕਟਰ ਉਪਰ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਕੋਲ ਦਸਤੀ ਹਥਿਆਰ ਡਾਂਗਾਂ, ਸੋਟੀਆਂਤੇ ਰਾਡਾਂ ਵਗੈਰਾ ਸਨ। ਟਰੈਕਟਰ ਮਗਰ ਰੋਟਾਵੇਟਰ ਵਾਲੇ ਵਿਅਕਤੀ ਨੂੰ ਜਦੋਂ ਉਕਤ ਲੋਕਾਂ ਨੇ ਸਾਡੀ ਨਰਮੇ ਦੀ ਫਸਲ ਵਾਹੁਣ ਲਾ ਦਿੱਤਾ ਤਾਂ ਅਸੀਂ ਟਰੈਕਟਰ ਅੱਗੇ ਆਣ ਕੇ ਰੌਲਾ ਪਾਇਆ। ਜਸਬੀਰ ਕੌਰ ਨੇ ਦੱਸਿਆ ਕਿ ਉਹ ਲੋਕ ਜਦੋਂ ਸਾਡੀ ਕੁੱਟਮਾਰ ਕਰਨ ਲੱਗੇ ਤਾਂ ਅਸੀਂ ਭੱਜ ਕੇ ਆਪਣੇ ਘਰੇ ਵੜ ਗਈਆਂ, ਪ੍ਰੰਤੂ ਉਹ ਲੋਕ ਸਾਡੇ ਘਰ ਆ ਕੇ ਵੀ ਸਾਡੀ ਕੁੱਟਮਾਰ ਕਰਨ ਲੱਗੇ। ਉਸ ਨੇ ਦੱਸਿਆ ਕਿ ਸਾਡੇ ਰੌਲਾ ਪਾਉਣ 'ਤੇ ਉਹ ਸਾਰੇ ਲੋਕ ਆਪੋ-ਆਪਣੇ ਸਾਧਨਾਂ ਤੇ ਹਥਿਆਰਾਂ ਸਮੇਤ ਉਥੋਂ ਭੱਜ ਗਏ।
ਸਥਾਨਕ ਪੁਲਸ ਨੇ ਜਸਵੀਰ ਕੌਰ ਦੇ ਬਿਆਨਾਂ ਉਪਰ ਕਾਰਵਾਈ ਕਰਦਿਆਂ ਭਾਵੇਂ ਮੁਕੱਦਮਾ ਨੰਬਰ 216 ਦਰਜ ਕਰ ਲਿਆ ਹੈ, ਪ੍ਰੰਤੂ ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਨ ਲੱਗਿਆਂ ਮਕੱਦਮੇ ਵਿੱਚ ਇਹ ਤਾਂ ਲਿਖ ਦਿਤਾ ਗਿਆ ਹੈ ਕਿ ਧਾਰਾ 452 ਦਾ ਹੋਣਾ ਪਾਇਆ ਜਾਂਦਾ ਹੈ, ਪ੍ਰੰਤੂ ਫਿਲਹਾਲ ਉਕਤ ਧਾਰਾ ਮੁਕੱਦਮੇ ਵਿਚੋਂ ਗਾਇਬ ਹੈ। ਪੁਲਸ ਵੱਲੋਂ ਫਿਲਹਾਲ ਧਾਰਾ 323, 427, 447, 511, 509 ਅਤੇ 149 ਤਹਿਤ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper