Latest News
ਇਕ ਥਿਊਰੀ : ਕੋਰੋਨਾ ਦਾ ਸਿਖਰ ਲੰਘ ਗਿਆ, ਦੂਜੀ ਥਿਊਰੀ : ਦੂਜੇ ਹੱਲੇ ਦਾ ਖਤਰਾ ਬਰਕਰਾਰ

Published on 18 Oct, 2020 10:42 AM.


ਨਵੀਂ ਦਿੱਲੀ : ਸਰਕਾਰ ਵੱਲੋਂ ਨਿਯੁਕਤ ਵਿਗਿਆਨਕ ਕਮੇਟੀ ਨੇ ਕਿਹਾ ਹੈ ਕਿ ਕੋਰੋਨਾ ਸਿਖਰ 'ਤੇ ਪੁੱਜ ਕੇ ਗਿਰਾਵਟ ਵੱਲ ਜਾ ਰਿਹਾ ਹੈ ਤੇ ਲੱਗਦਾ ਹੈ ਕਿ ਫਰਵਰੀ ਤੱਕ ਇਸ ਦਾ ਭੋਗ ਪੈ ਜਾਵੇਗਾ। ਆਈ ਆਈ ਟੀ ਹੈਦਰਾਬਾਦ ਦੇ ਪ੍ਰੋਫੈਸਰ ਐਮ ਵਿਦਿਆਸਾਗਰ ਦੀ ਅਗਵਾਈ ਵਾਲੀ ਕਮੇਟੀ ਨੇ ਹਿਸਾਬ ਲਾਇਆ ਹੈ ਕਿ ਇਹ ਸਤੰਬਰ ਦੇ ਅੱਧ ਵਿਚ ਸਿਖਰ ਛੂਹ ਗਿਆ ਸੀ ਅਤੇ ਦੇਸ਼ ਵਿਚ ਕੇਸ ਇਕ ਕਰੋੜ 6 ਲੱਖ ਤੋਂ ਵਧਣ ਦੀ ਸੰਭਾਵਨਾ ਨਹੀਂ। ਅਜੇ ਤੱਕ 75 ਲੱਖ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗੀ ਹੈ ਤੇ ਇਨ੍ਹਾਂ ਵਿਚੋਂ ਕਰੀਬ 66 ਲੱਖ ਠੀਕ ਹੋ ਚੁੱਕੇ ਹਨ। ਕਮੇਟੀ ਦਾ ਦਾਅਵਾ ਹੈ ਕਿ ਲਾਕਡਾਊਨ ਦਾ ਕਾਫੀ ਫਾਇਦਾ ਹੋਇਆ। ਇਹ ਨਾ ਹੁੰਦਾ ਤਾਂ ਮੌਤਾਂ 25 ਲੱਖ ਤੱਕ ਪੁੱਜ ਜਾਣੀਆਂ ਸਨ, ਜਿਹੜੀਆਂ ਕਿ ਇਸ ਵੇਲੇ ਇਕ ਲੱਖ 14 ਹਜ਼ਾਰ ਹਨ। ਲੋਕਾਂ ਦਾ ਪਿੰਡਾਂ ਵੱਲ ਨੂੰ ਪ੍ਰਵਾਸ ਰੋਕ ਕੇ ਮਹਾਂਮਾਰੀ ਨੂੰ ਵਧਣੋਂ ਰੋਕ ਲਿਆ ਗਿਆ। ਤਾਂ ਵੀ, ਕਮੇਟੀ ਨੇ ਕਿਹਾ ਹੈ ਕਿ ਹੋਰ ਲਾਕਡਾਊਨ ਬੇਲੋੜੇ ਹੋਣਗੇ, ਕਿਉਂਕਿ ਇਨ੍ਹਾਂ ਦਾ ਖਾਸ ਅਸਰ ਨਹੀਂ ਹੋਣਾ। ਕਮੇਟੀ ਨੇ ਕਿਹਾ ਹੈ ਕਿ ਤਿਉਹਾਰੀ ਮੌਸਮ ਵਿਚ ਕੇਸ ਵਧਣ ਦਾ ਡਰ ਹੈ ਅਤੇ ਸਾਵਧਾਨੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਕਮੇਟੀ ਮੁਤਾਬਕ ਸਾਵਧਾਨੀਆਂ ਨਾ ਵਰਤੀਆਂ ਤਾਂ ਅਕਤੂਬਰ ਵਿਚ ਹੀ ਐਕਟਿਵ ਕੇਸ 8 ਲੱਖ ਤੋਂ ਵਧ ਕੇ 26 ਲੱਖ ਹੋ ਸਕਦੇ ਹਨ। ਕੇਰਲਾ ਨੇ ਓਨਮ ਤਿਉਹਾਰ 22 ਅਗਸਤ ਤੋਂ 2 ਸਤੰਬਰ ਤੱਕ ਮਨਾਇਆ ਤੇ ਉਥੇ ਕੇਸਾਂ ਵਿਚ 32 ਫੀਸਦੀ ਤੱਕ ਦਾ ਵਾਧਾ ਹੋ ਗਿਆ। ਐਤਵਾਰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 61871 ਨਵੇਂ ਕੇਸ ਆਉਣ ਨਾਲ ਕੁਲ ਕੇਸ 74 ਲੱਖ 94 ਹਜ਼ਾਰ 551 ਹੋ ਗਏ ਹਨ। ਇਨ੍ਹਾਂ ਵਿਚੋਂ ਠੀਕ ਹੋਣ ਵਾਲੇ 65 ਲੱਖ 97 ਹਜ਼ਾਰ 209 ਹਨ। ਸਿਹਤ ਮੰਤਰਾਲੇ ਮੁਤਾਬਕ ਠੀਕ ਹੋਣ ਵਾਲਿਆਂ ਦੀ ਦਰ ਵਧ ਕੇ 88.03 ਫੀਸਦੀ ਹੋ ਗਈ ਹੈ।
ਇਸੇ ਦੌਰਾਨ ਨੀਤੀ ਆਯੋਗ ਦੇ ਮੈਂਬਰ ਵੀ ਕੇ ਪਾਲ ਨੇ ਕਿਹਾ ਹੈ ਕਿ ਪਿਛਲੇ ਤਿੰਨ ਹਫਤਿਆਂ ਤੋਂ ਕੋਰੋਨਾ ਦੇ ਕੇਸ ਤੇ ਮੌਤਾਂ ਘਟ ਰਹੀਆਂ ਹਨ ਕਿਉਂਕਿ ਬਹੁਤੇ ਸੂਬਿਆਂ ਵਿਚ ਮਹਾਂਮਾਰੀ ਸਥਿਰ ਹੋ ਗਈ ਹੈ, ਪਰ ਸਰਦੀਆਂ ਵਿਚ ਇਸ ਦੇ ਦੂਜੇ ਹੱਲੇ ਦੀ ਸੰਭਾਵਨਾ ਨੂੰ ਰੱਦ ਨਹੀਂ ਕਰ ਸਕਦੇ। ਦੇਸ਼ ਵਿਚ ਮਹਾਂਮਾਰੀ ਨਾਲ ਨਿਬੜਨ ਲਈ ਕੀਤੇ ਜਾ ਰਹੇ ਜਤਨਾਂ ਵਿਚ ਤਾਲਮੇਲ ਬਿਠਾਉਣ ਵਾਲੀ ਮਾਹਰਾਂ ਦੀ ਕਮੇਟੀ ਦੇ ਮੁਖੀ ਪਾਲ ਨੇ ਕਿਹਾ ਕਿ ਕੇਰਲਾ, ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਅਤੇ ਚਾਰ ਵਿਚੋਂ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੇਸਾਂ ਵਿਚ ਵਾਧੇ ਦਾ ਰੁਝਾਨ ਹੈ। ਉਨ੍ਹਾ ਕਿਹਾ ਕਿ ਭਾਰਤ ਇਸ ਵੇਲੇ ਬਿਹਤਰ ਪੁਜ਼ੀਸ਼ਨ ਵਿਚ ਹੈ, ਪਰ ਲੰਮਾ ਪੈਂਡਾ ਤੈਅ ਕਰਨਾ ਪੈਣਾ ਹੈ, ਕਿਉਂਕਿ 90 ਫੀਸਦੀ ਲੋਕਾਂ ਦੇ ਇਸ ਦੀ ਜ਼ਦ ਵਿਚ ਆਉਣ ਦਾ ਖਦਸ਼ਾ ਹੈ। ਉਨ੍ਹਾ ਕਿਹਾ ਕਿ ਯੂਰਪ ਵਿਚ ਸਰਦੀਆਂ ਵਿਚ ਕੋਰੋਨਾ ਦਾ ਦੂਜਾ ਹੱਲਾ ਦੇਖਿਆ ਜਾ ਸਕਦਾ ਹੈ ਅਤੇ ਭਾਰਤ ਵਿਚ ਇਸ ਨੂੰ ਰੱਦ ਨਹੀਂ ਕਰ ਸਕਦੇ।

246 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper