Latest News
ਗ਼ਦਰੀ ਬਾਬਿਆਂ ਦੇ ਮੇਲੇ 'ਚ ਨਾਟਕਾਂ ਦੀ ਸ਼ਾਮ ਜ਼ਿੰਦਗੀ ਦੀ ਸਵੇਰ ਹੋ ਨਿੱਬੜੀ

Published on 02 Nov, 2020 10:30 AM.


ਜਲੰਧਰ (ਕੇਸਰ)
ਗ਼ਦਰੀ ਬਾਬਿਆਂ ਦੇ ਮੇਲੇ ਦੀ ਨਾਟਕਾਂ ਭਰੀ ਸ਼ਾਮ, ਜ਼ਿੰਦਗੀ ਦੀ ਸਵੇਰ ਹੋ ਨਿਬੜੀ। ਨਿੱਤ ਲੋਕਾਂ ਦੀ ਜ਼ਿੰਦਗੀ 'ਤੇ ਲੱਦੇ ਜਾ ਰਹੇ ਹਨੇਰੇ ਦੇ ਪਹਾੜਾਂ ਨੇ ਜਿਉਣਾ ਦੁੱਭਰ ਕਰ ਛੱਡੇ ਲੋਕਾਂ ਨੂੰ ਨਾਟਕਾਂ ਦੀ ਸ਼ਾਮ ਨੇ ਜ਼ਿੰਦਗੀ ਦੀ ਸੂਹੀ ਸਵੇਰ ਦੇ ਦੀਦਾਰ ਕਰਵਾਏ। ਸਵੇਰੇ 9 ਵਜੇ ਤੋਂ ਪੰਡਾਲ 'ਚ ਸਿਰ ਜੋੜ ਕੇ ਬੈਠੇ ਹਜ਼ਾਰਾਂ ਦਰਸ਼ਕ ਰਾਤ ਪਹਿਲਾਂ ਭਾਵੇਂ ਲੰਮੇ ਪੈਂਡੇ ਤੈਅ ਕਰਦੇ ਆਏ,ਪਰ ਉਹ ਨਾ ਅੱਕੇ ਨਾ ਥੱਕੇ। ਸਾਰਾ ਦਿਨ ਤਕਰੀਰਾਂ, ਕਵੀ ਦਰਬਾਰ, ਪੁਸਤਕਾਂ ਲੋਕ-ਅਰਪਣ ਅਤੇ ਸੰਗੀਤ ਦੇ ਰੰਗਾਂ ਵਿਚ ਆਪਣੀ ਜ਼ਿੰਦਗੀ ਦੀ ਹੋਲੀ ਦੇ ਰੰਗ ਤੱਕੇ ਅਤੇ ਸ਼ਾਮ ਨੂੰ ਉਹ ਨਾਟ ਸੰਸਾਰ ਦੇ ਮੰਚਣ 'ਤੇ ਗੰਭੀਰ ਮੰਥਨ ਨਾਲ ਜੁੜੇ। ਤਾੜੀਆਂ ਅਤੇ ਨਾਅਰਿਆਂ ਦੀ ਗੂੰਜ ਪਾਉਂਦੇ ਅਤੇ ਨਾਟ ਕਲਾ ਨੂੰ ਖੜ੍ਹੇ ਹੋ ਕੇ ਸਲਾਮ ਕਰਕੇ ਆਪਣੇ ਰੰਗਕਰਮੀਆਂ ਨੂੰ ਸਦਾ ਪਲਕਾਂ 'ਤੇ ਰੱਖਣ ਦਾ ਅਹਿਦ ਲਿਆ। ਗੁਰਸ਼ਰਨ ਸਿੰਘ ਦੇ ਲਿਖੇ ਨਾਟਕ 'ਖੂਹ ਦੇ ਡੱਡੂ' ਨੇ ਏਕਤਰ ਦੀ ਨਿਰਦੇਸ਼ਨਾ 'ਚ ਮੌਕਾਪ੍ਰਸਤ ਸਿਆਸਤਦਾਨਾ ਉਪਰ ਤਿੱਖੇ ਵਿਅੰਗ ਕੱਸੇ। ਸ਼ਬਦੀਸ਼ ਦੀ ਰਚਨਾ 'ਜੇ ਹੁਣ ਵੀ ਨਾ ਬੋਲੇ' ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ 'ਚ ਖੇਡਿਆ ਨਾਟਕ ਜਮੂਦ ਦੇ ਪਿੰਜਰੇ ਤੋੜ ਕੇ ਇਸ ਧਰਤੀ ਜਾਇਆਂ ਨੂੰ ਅੰਬਰ ਵੱਲ ਪਰਵਾਜ਼ ਭਰਨ ਦਾ ਬਾਖ਼ੂਬੀ ਸੁਨੇਹਾ ਦੇ ਗਿਆ। ਗੁਰਮੀਤ ਕੜਿਆਲਵੀ ਦੀ ਕਹਾਣੀ 'ਤੇ ਅਧਾਰਤ ਨਾਟਕ 'ਮਦਾਰੀ' ਕੀਰਤੀ ਕਿਰਪਾਲ ਦੀ ਨਿਰਦੇਸ਼ਨਾ 'ਚ ਖੇਤੀ ਕਾਨੂੰਨਾਂ ਸਮੇਤ ਭਖ਼ਦੇ ਮੁੱਦਿਆਂ ਦੀ ਬਾਤ ਪਾ ਗਿਆ। ਡਾ. ਸਵਰਾਜਬੀਰ ਦੀਆਂ ਰਚਨਾਵਾਂ ਅਤੇ ਵੱਖ-ਵੱਖ ਕਵੀਆਂ ਦੀਆਂ ਕਵਿਤਾਵਾਂ 'ਤੇ ਅਧਾਰਤ 'ਅੱਗ ਦੀ ਜਾਈ ਦਾ ਗੀਤ' ਕੇਵਲ ਧਾਲੀਵਾਲ ਦੀ ਨਿਰਦੇਸ਼ਨਾ 'ਚ ਇੱਕ ਵਾਰ ਫੇਰ ਹਾਥਰਸ 'ਚ ਦਲਿਤ ਧੀ ਦੀ ਲੁੱਟੀ ਆਬਰੂ ਦਿਖਾਉਦਿਆਂ ਕਲਾ ਦਾ ਬਿਹਤਰੀਨ ਨਮੂਨਾ ਹੋ ਨਿਬੜਿਆ। ਡਾ. ਸਾਹਿਬ ਸਿੰਘ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ 'ਰੰਗ ਕਰਮੀ ਦਾ ਬੱਚਾ', ਕਲਾ ਕਿਰਤਾਂ, ਰੰਗ ਮੰਚ, ਲੋਕਾਂ ਅਤੇ ਲੋਕ ਘੋਲਾਂ ਦੀ ਸਾਂਝੀ ਨਿੱਘੀ ਬੁੱਕਲ ਦੀ ਲੋੜ ਦੇ ਮਹੱਤਵ ਨੂੰ ਲੋਕ ਮਨਾਂ ਉਪਰ ਉੱਕਰ ਗਿਆ। ਜੋਗਿੰਦਰ ਬਾਹਰਲਾ ਦੀ ਕਲਮ ਤੋਂ 70 ਵਰ੍ਹੇ ਪਹਿਲਾਂ ਲਿਖਿਆ ਓਪੇਰਾ 'ਹਾੜੀਆਂ-ਸਾਉਣੀਆਂ' ਕੇਵਲ ਧਾਲੀਵਾਲ ਦੀ ਨਿਰਦੇਸ਼ਨਾ 'ਚ ਇੱਕ ਵਾਰ ਫੇਰ ਖੇਤਾਂ ਦੇ ਪੁੱਤਾਂ ਦੀ ਸਫ਼ਲ ਬਾਤ ਪਾ ਗਿਆ। ਮਾਸਟਰ ਰਾਮ ਕੁਮਾਰ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਨਵਦੀਪ ਧੌਲਾ, ਧਰਮਿੰਦਰ ਮਸਾਣੀ, ਨਰਗਿਸ ਅਤੇ ਅੰਮ੍ਰਿਤਪਾਲ ਬੰਗੇ ਬਠਿੰਡਾ ਵੱਲੋਂ ਮੇਲੇ 'ਚ ਪੇਸ਼ ਗੀਤਾਂ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਕਿ ਲੋਕ ਸਾਫ਼-ਸੁਥਰੀ ਅਤੇ ਜ਼ਿੰਦਗੀ ਦੀ ਗਾਇਕੀ ਨੂੰ ਕਿੰਨੀ ਮੁਹੱਬਤ ਕਰਦੇ ਹਨ। ਦਿਨ ਦੇ ਮੇਲੇ ਦਾ ਮੰਚ ਸੰਚਾਲਨ ਹਰਵਿੰਦਰ ਭੰਡਾਲ ਤੇ ਨਾਟਕਾਂ ਦੀ ਸ਼ਾਮ ਦਾ ਸੰਚਾਲਨ ਅਮੋਲਕ ਸਿੰਘ ਨੇ ਕੀਤਾ।

420 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper