ਬਿਹਾਰ ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜਦ ਆਗੂ ਤੇਜਸਵੀ ਨੂੰ 'ਜੰਗਲ ਦਾ ਯੁਵਰਾਜ' ਕਹਿ ਕੇ ਵੋਟਰਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਭਾਜਪਾ-ਜੇ ਡੀ ਯੂ ਗੱਠਜੋੜ ਹਾਰ ਗਿਆ ਤਾਂ ਬਿਹਾਰ ਵਿੱਚ ਜੰਗਲ ਰਾਜ ਆ ਜਾਵੇਗਾ, ਪਰ ਪ੍ਰਧਾਨ ਮੰਤਰੀ ਇਹ ਭੁੱਲ ਗਏ ਕਿ ਯੂ ਪੀ ਵਿੱਚ ਤਾਂ ਯੋਗੀ ਅਦੱਤਿਆ ਨਾਥ ਦੀ ਅਗਵਾਈ ਵਿੱਚ ਭਾਜਪਾ ਦਾ ਰਾਮ ਰਾਜ ਹੈ, ਫਿਰ ਉੱਥੋਂ ਦੀ ਹਾਲਤ ਜੰਗਲ ਰਾਜ ਤੋਂ ਵੀ ਬੁਰੀ ਕਿਉਂ ਹੋ ਚੁੱਕੀ ਹੈ? ਬਹੁਤਾ ਦੂਰ ਨਾ ਵੀ ਜਾਈਏ ਤਦ ਵੀ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਹੀ ਦੱਸਦੀਆਂ ਹਨ ਕਿ ਉੱਤਰ ਪ੍ਰਦੇਸ਼ ਵਿੱਚ ਔਰਤਾਂ ਦੇ ਖ਼ਾਸ ਕਰ ਦਲਿਤ ਬੱਚੀਆਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ।
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ 2018-19 ਦਰਮਿਆਨ ਉੱਤਰ ਪ੍ਰਦੇਸ਼ ਵਿੱਚ ਔਰਤਾਂ ਵਿਰੁੱਧ ਅਪਰਾਧ ਦੇ ਸਭ ਤੋਂ ਵੱਧ 59,583 ਮਾਮਲੇ ਸਾਹਮਣੇ ਆਏ ਹਨ। ਯੂ ਪੀ ਵਿੱਚ ਇਸੇ ਦੌਰਾਨ ਪਾਕਸੋ ਐਕਟ ਤਹਿਤ ਬੱਚੀਆਂ ਵਿਰੁੱਧ 7444 ਕੇਸ ਦਰਜ ਹੋਣਾ ਅਮਨ-ਕਾਨੂੰਨ ਦੇ ਨਿਘਾਰ ਦੀ ਮੂੰਹ-ਬੋਲਦੀ ਤਸਵੀਰ ਹੈ।
ਰਾਜ ਦੇ ਸਨਅਤੀ ਸ਼ਹਿਰ ਕਾਨਪੁਰ ਵਿੱਚ ਦੀਵਾਲੀ ਦੀ ਰਾਤ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਸੁੰਨ ਕਰ ਦੇਣ ਵਾਲੀ ਹੈ। ਘਾਟਮਪੁਰ ਥਾਣੇ ਦੇ ਭਦਰਸ ਗਾਂਵ ਦੇ ਇੱਕ ਵਿਅਕਤੀ ਦੀ 7 ਸਾਲਾ ਬੇਟੀ ਦੀਵਾਲੀ ਦੀ ਰਾਤ ਨੇੜਲੀ ਦੁਕਾਨ ਤੋਂ ਸਮਾਨ ਲੈਣ ਗਈ, ਘਰ ਵਾਪਸ ਨਾ ਆਈ। ਪਰਵਾਰ ਵਾਲੇ ਰਾਤ ਭਰ ਉਸ ਦੀ ਭਾਲ ਕਰਦੇ ਰਹੇ, ਪੁਲਸ ਨੂੰ ਵੀ ਸੂਚਨਾ ਦਿੱਤਾ ਗਈ, ਪਰ ਲੜਕੀ ਨਾ ਮਿਲੀ। ਸਵੇਰੇ ਪਿੰਡ ਦੇ ਕਾਲੀ ਮੰਦਰ ਨੇੜੇ ਬੱਚੀ ਦੀ ਲਾਸ਼ ਮਿਲੀ। ਸਰੀਰ ਉੱਤੇ ਕੱਪੜੇ ਨਹੀਂ ਸਨ। ਪੁਲਸ ਨੇ ਇਸ ਸੰਬੰਧੀ ਚਾਰ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਕੀਤਾ ਕਿ ਬੱਚੀ ਦੀ ਹੱਤਿਆ ਜਾਦੂ-ਟੂਣੇ ਦੇ ਚੱਕਰ ਵਿੱਚ ਕੀਤੀ ਗਈ। ਗ੍ਰਿਫਤਾਰ ਜੋੜੇ ਦੇ ਕੋਈ ਸੰਤਾਨ ਨਹੀਂ ਸੀ। ਉਹਨਾਂ ਨੇ ਬੱਚੀ ਦੀ ਹੱਤਿਆ ਕਰਕੇ ਉਸ ਦਾ ਮਿਹਦਾ ਕੱਢ ਕੇ ਲਿਆਉਣ ਲਈ ਆਪਣੇ ਭਤੀਜੇ ਨੂੰ ਕਿਹਾ। ਭਤੀਜੇ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਪਹਿਲਾ ਬੱਚੀ ਨਾਲ ਬਲਾਤਕਾਰ ਕੀਤਾ ਤੇ ਫਿਰ ਉਸ ਦਾ ਮਿਹਦਾ ਕੱਢ ਕੇ ਆਪਣੇ ਚਾਚਾ-ਚਾਚੀ ਨੂੰ ਦੇ ਦਿੱਤਾ। ਚਾਚਾ-ਚਾਚੀ ਨੇ ਮਿਹਦੇ ਦਾ ਕੁਝ ਹਿੱਸਾ ਖਾਧਾ ਤੇ ਬਾਕੀ ਕੁੱਤੇ ਨੂੰ ਖੁਆ ਦਿੱਤਾ। ਇਸ ਹੱਤਿਆ ਕਾਂਡ ਲਈ ਜੋੜੇ ਨੇ ਭਤੀਜੇ ਨੂੰ 500 ਤੇ ਉਸ ਦੇ ਦੋਸਤ ਨੂੰ 1000 ਰੁਪਏ ਦਿੱਤੇ। ਜਿਸ ਸੂਬੇ ਵਿੱਚ ਇੱਕ ਮਾਸੂਮ ਬੱਚੀ ਦਾ ਕਤਲ ਸਿਰਫ 1500 ਰੁਪਏ ਲੈ ਕੇ ਕੀਤਾ ਜਾ ਸਕਦਾ ਹੈ, ਪ੍ਰਧਾਨ ਮੰਤਰੀ ਦੀਆਂ ਨਜ਼ਰਾਂ ਵਿੱਚ ਉੱਥੇ ਰਾਮ ਰਾਜ ਹੈ।
ਇਸੇ ਦੌਰਾਨ ਯੂ ਪੀ ਦੇ ਹੀ ਫਤਿਹਪੁਰ ਜ਼ਿਲ੍ਹੇ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਦਾ ਮਾਮਲਾ ਸਾਹਮਣੇ ਆ ਗਿਆ ਹੈ। ਬੀਤੇ ਸੋਮਵਾਰ ਦਲਿਤ ਬਰਾਦਰੀ ਦੀਆਂ 12 ਤੇ 8 ਸਾਲ ਦੀਆਂ ਦੋ ਭੈਣਾਂ ਖੇਤਾਂ ਵਿੱਚੋਂ ਸਾਗ ਤੋੜਣ ਗਈਆਂ ਸਨ। ਕਾਫੀ ਸਮੇਂ ਤੱਕ ਜਦੋਂ ਵਾਪਸ ਘਰ ਨਾ ਆਈਆਂ ਤਾਂ ਪਰਵਾਰ ਵਾਲਿਆਂ ਉਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਦੇਰ ਰਾਤੀ ਦੋਵਾਂ ਦੀਆਂ ਲਾਸ਼ਾਂ ਪਿੰਡ ਵਿਚਲੇ ਛੱਪੜ ਵਿੱਚੋਂ ਮਿਲੀਆਂ। ਦੋਹਾਂ ਬੱਚੀਆਂ ਦੇ ਹੱਥ ਬੰਨ੍ਹੇ ਹੋਏ ਸਨ। ਸਿਰ ਤੇ ਕੰਨਾਂ ਉੱਤੇ ਤੇਜ਼ਧਾਰ ਹਥਿਆਰ ਦੇ ਜ਼ਖਮ ਸਨ। ਦੋਹਾਂ ਦੀ ਇੱਕ-ਇੱਕ ਅੱਖ ਵੀ ਭੰਨੀ ਹੋਈ ਸੀ। ਪਰਵਾਰ ਦਾ ਦੋਸ਼ ਹੈ ਕਿ ਬੱਚੀਆਂ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਫਿਰ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ।
ਇੱਕ ਹੋਰ ਘਟਨਾ ਬੁਲੰਦ ਸ਼ਹਿਰ ਦੀ ਹੈ, ਜਿੱਥੇ ਇੱਕ ਬਲਾਤਕਾਰ ਪੀੜਤ 19 ਸਾਲਾ ਲੜਕੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਪੀੜਤ ਨੇ 24 ਅਕਤੂਬਰ ਨੂੰ ਆਪਣੇ ਨਾਲ ਹੋਏ ਬਲਾਤਕਾਰ ਦੀ ਰਿਪੋਰਟ ਲਿਖਾਈ ਸੀ। ਪੀੜਤ ਦੇ ਇੱਕ ਰਿਸ਼ਤੇਦਾਰ ਮੁਤਾਬਕ ਉਹਨਾਂ ਨੂੰ ਬਲਾਤਕਾਰ ਕੇਸ ਵਾਪਸ ਲੈਣ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਸ ਨੂੰ ਸੋਮਵਾਰ ਰਾਤ ਸਾਢੇ ਅੱਠ ਵਜੇ ਫੋਨ ਆਇਆ ਕਿ ਕੇਸ ਵਾਪਸ ਲੈ ਲਵੋ ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ। ਮੰਗਲਵਾਰ ਸਵੇਰੇ 9.30 ਵਜੇ ਜਦੋਂ ਪਰਵਾਰ ਵਾਲੇ ਘਰ ਨਹੀਂ ਸਨ ਤਾਂ ਲੜਕੀ ਨੂੰ ਸਾੜ ਦਿੱਤਾ ਗਿਆ। ਪੀੜਤਾ ਨੂੰ ਦਿੱਲੀ ਵਿਖੇ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਰਵਾਰ ਦੇ ਬਿਆਨਾਂ ਉੱਤੇ 7 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਹੈਰਾਨੀ ਹੈ ਕਿ ਪੁਲਸ ਪਹਿਲਾਂ ਇਸ ਕੇਸ ਨੂੰ ਖੁਦਕੁਸ਼ੀ ਕਰਾਰ ਦਿੰਦੀ ਰਹੀ।
ਉਕਤ ਸਭ ਘਟਨਾਵਾਂ ਸਿਰਫ ਤਿੰਨ ਦਿਨਾਂ ਦੀਆਂ ਹਨ। ਪਰ ਯੋਗੀ ਸਰਕਾਰ ਨੂੰ ਇਹਨਾਂ ਦੀ ਕੋਈ ਚਿੰਤਾ ਨਹੀਂ ਹੈ। ਉਸ ਦਾ ਤਾਂ ਇੱਕੋ ਮਿਸ਼ਨ ਹੈ ਦਲਿਤਾਂ ਤੇ ਮੁਸਲਮਾਨਾਂ ਦਾ ਕਾਫੀਆ ਕਿਵੇਂ ਤੰਗ ਕਰਨਾ ਹੈ। ਇਸ ਲਈ ਲਵ ਜੇਹਾਦ ਵਿਰੁੱਧ ਨਵਾਂ ਕਾਨੂੰਨ ਲੈ ਕੇ ਆਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ, ਤਾਂ ਜੋ ਝੂਠੇ ਕੇਸ ਮੜ੍ਹਨ ਲਈ ਇੱਕ ਨਵਾਂ ਰਾਹ ਖੋਲ੍ਹਿਆ ਜਾ ਸਕੇ।