ਚੰਡੀਗੜ੍ਹ : 'ਭਾਰਤ ਸਰਕਾਰ ਧਿ੍ਤਰਾਸ਼ਟਰ ਬਣ ਕੇ ਸਿਰਫ ਅਡਾਨੀ-ਅੰਬਾਨੀ ਵਰਗੇ ਕਾਰਪੋਰੇਟਾਂ ਦੀ ਮਦਦ ਕਰ ਰਹੀ ਹੈ | ਖੇਤੀ ਵਿਰੋਧੀ ਕਾਨੂੰਨਾਂ ਰਾਹੀਂ ਖੇਤੀ ਸੈਕਟਰ ਵਿਚੋਂ ਕਿਸਾਨਾਂ ਦੀਆਂ ਜ਼ਮੀਨਾਂ ਇਹਨਾਂ ਵੱਡੇ-ਵੱਡੇ ਦੇਸੀ ਅਤੇ ਬਦੇਸ਼ੀ ਪੂੰਜੀਪਤੀਆਂ ਦੇ ਹਵਾਲੇ ਕਰਕੇ ਦੇਸ਼ ਵਿਚ ਖਾਨਾਜੰਗੀ ਵਰਗਾ ਮਾਹੌਲ ਬਣਾ ਰਹੀ ਹੈ |' ਲੁਧਿਆਣਾ ਵਿਖੇ ਪੰਜਾਬ ਸੀ ਪੀ ਆਈ ਦੀ ਵਧਾਈ ਹੋਈ ਸੂਬਾ ਐਗਜ਼ੈਕਟਿਵ ਮੀਟਿੰਗ, ਜਿਹੜੀ ਹਰਦੇਵ ਸਿੰਘ ਅਰਸ਼ੀ ਦੀ ਪ੍ਰਧਾਨਗੀ ਹੇਠ ਅਯੋਜਿਤ ਕੀਤੀ ਗਈ, ਦੇ ਫੈਸਲੇ ਦੱਸਦਿਆਂ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ 150 ਦੇ ਕਰੀਬ ਲੋਕ ਸ਼ਹੀਦ ਹੋਣ ਦੇ ਬਾਵਜੂਦ ਮੋਦੀ ਸਰਕਾਰ ਘਟੀਆ ਹਥਕੰਡੇ ਵਰਤਦੀ ਹੋਈ ਆਪਣੀਆਂ ਐੱਨ ਆਈ ਏ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਅੰਦੋਲਨ ਦੇ ਸਮਰਥਕਾਂ ਅਤੇ ਆਗੂਆਂ ਨੂੰ ਡਰਾਉਣ-ਧਮਕਾਉਣ ਵਿਚ ਲੱਗੀ ਹੋਈ ਹੈ | ਕਿਸਾਨ ਜਥੇਬੰਦੀਆਂ ਵੱਲੋਂ ਪੂਰੀ ਤਰ੍ਹਾਂ ਜ਼ਾਬਤੇ ਵਿਚ ਰਹਿੰਦਿਆਂ ਹੋਇਆਂ ਪੁਰ-ਅਮਨ ਅੰਦੋਲਨ ਦੀ ਭਰਪੂਰ ਸ਼ਲਾਘਾ ਕਰਦਿਆਂ ਸੀ ਪੀ ਆਈ ਨੇ ਕੇਂਦਰ ਸਰਕਾਰ ਤੇ ਭਾਜਪਾ ਆਗੂਆਂ ਦੀ ਭੜਕਾਊ ਕਾਰਵਾਈ ਦੀ ਨਿੰਦਾ ਕਰਦਿਆਂ ਆਖਿਆ ਕਿ ਭਾਰਤ ਦੇ ਦੇਸ਼ ਭਗਤ ਲੋਕ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਸਫਲ ਨਹੀਂ ਹੋਣ ਦੇਣਗੇ | ਮੀਟਿੰਗ ਦਾ ਹਵਾਲਾ ਦਿੰਦਿਆਂ ਸ੍ਰੀ ਬਰਾੜ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਦਾ ਪਾਰਟੀ ਭਰਪੂਰ ਸਮਰਥਨ ਕਰਦੀ ਹੈ, ਵਿਸ਼ੇਸ਼ ਕਰਕੇ 26 ਜਨਵਰੀ ਨੂੰ ਦਿੱਲੀ ਵਿਖੇ ਇਤਿਹਾਸਕ ਟਰੈਕਟਰ ਰੈਲੀ ਵਿਚ ਪਾਰਟੀ ਕਿਸਾਨ ਸਭਾ ਵੱਲੋਂ ਪੰਜਾਬ ਵਿਚੋਂ 350 ਟਰੈਕਟਰ ਭੇਜਣ ਦੇ ਫੈਸਲੇ ਨੂੰ ਆਪਣੀ ਰੂਪ-ਰੇਖਾ ਦੇਣ ਵਿਚ ਭਰਪੂਰ ਸਮਰਥਨ ਕਰੇਗੀ | ਪਾਰਟੀ ਨੇ ਕਿਸਾਨਾਂ ਵੱਲੋਂ 18 ਜਨਵਰੀ ਨੂੰ ਕਿਸਾਨ ਔਰਤਾਂ ਦੇ ਦਿਨ, 20 ਜਨਵਰੀ ਨੂੰ ਮਹਾਨ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਅਤੇ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਉਣ ਦਾ ਵੀ ਸੁਆਗਤ ਕੀਤਾ ਹੈ | ਪਾਰਟੀ ਨੇ ਮੁੜ ਦੁਹਰਾਇਆ ਕਿ ਪਾਰਟੀ ਸਾਂਝੇ ਕਿਸਾਨ ਸੰਘਘਸ਼ ਦੀ ਪੂਰੀ ਤਨਦੇਹੀ ਨਾਲ ਇਸ ਦੇ ਪੂਰਨ ਤੌਰ 'ਤੇ ਸਫਲ ਹੋਣ ਤੱਕ ਕਿਸੇ ਕਿਸਮ ਦੀ ਕੁਰਬਾਨੀ ਕਰਨ ਤੋਂ ਪਿਛੇ ਨਹੀਂ ਹਟੇਗੀ |
ਇਕ ਹੋਰ ਮਤੇ ਰਾਹੀਂ ਪਾਰਟੀ ਨੇ ਲੋਕਲ ਬਾਡੀਜ਼ ਦੀਆਂ ਚੋਣਾਂ, ਜਿਹੜੀਆਂ 14 ਫਰਵਰੀ ਤੱਕ ਮੁਕੰਮਲ ਹੋ ਜਾਣੀਆਂ ਹਨ, ਫੈਸਲਾ ਕੀਤਾ ਹੈ ਕਿ ਪਾਰਟੀ ਆਪਣੇ ਉਮੀਦਵਾਰਾਂ ਦੀ ਸਫਲਤਾ ਤੋਂ ਇਲਾਵਾ ਈਮਾਨਦਾਰ ਤੇ ਲੋਕ ਸੇਵਾ ਵਿਚ ਪਰਖੇ ਹੋਏ ਉਮੀਦਵਾਰਾਂ ਦੀ ਮਦਦ ਕਰੇਗੀ | ਪਾਰਟੀ ਭਾਜਪਾ ਵਰਗੇ ਫਿਰਕੂ ਤੇ ਲੋਕ ਦੁਸ਼ਮਣ ਉਮੀਦਵਾਰਾਂ ਦੀ ਹਾਰ ਲਈ ਵੀ ਕੰਮ ਕਰੇਗੀ |